ਨਵੇਂ ਦਿਸਹੱਦੈ ਸਿਰਜ ਰਿਹੈ ਦਰਬਾਰ ਬਾਪੂ ਲਾਲ ਬਾਦਸ਼ਾਹ

07/15/2018 6:24:31 AM

ਨਕੋਦਰ, (ਪਾਲੀ)- ਨਕੋਦਰ ਸ਼ਹਿਰ ਗੁਰੂਆਂ, ਪੀਰਾਂ-ਪੈਗੰਬਰਾਂ ਦੀ ਧਰਤੀ ਹੈ। ਇੱਥੇ ਅਨੇਕਾਂ ਗੁਰੂ, ਪੀਰ ਤੇ ਮਸਤ ਫਕੀਰ ਪੈਦਾ ਹੋਏ ਹਨ, ਜਿਨ੍ਹਾਂ ਨੇ ਰੂਹਾਨੀਅਤ ਰਾਹੀਂ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਇਨ੍ਹਾਂ ਪੀਰਾਂ-ਫਕੀਰਾਂ ਤੇ ਪਵਿੱਤਰ ਰੂਹਾਂ ਵਿਚੋਂ ਇਕ ਸਨ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ, ਜਿਨ੍ਹਾਂ ਦਾ ਜਨਮ ਮਾਤਾ ਸੁਲੱਖੀ ਦੇਵੀ ਤੇ ਪਿਤਾ ਸ਼੍ਰੀ ਬਾਰੂ ਰਾਮ ਦੇ ਘਰ ਸ਼ਹਿਰ ਸਖਰਰੋੜੀ ਜ਼ਿਲਾ ਮੁਲਤਾਨ ਪਾਕਿਸਤਾਨ ’ਚ ਹੋਇਆ। ਉਹ ਜਨਮ ਤੋਂ ਹੀ ਅਲਮਸਤ ਸਨ। ਉਨ੍ਹਾਂ ਦੀ ਛੋਟੀ ਉਮਰੇ ਹੀ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਨਕੋਦਰ ਸ਼ਹਿਰ ’ਚ ਆ ਕੇ ਰਹਿਣ ਲੱਗ ਗਿਆ। ਬਾਪੂ ਜੀ ਆਪਣੇ ਸਰੀਰ ’ਤੇ ਕੋਈ ਵੀ ਕੱਪੜਾ ਨਹੀਂ ਪਹਿਨਦੇ ਸਨ। 
ਉਨ੍ਹਾਂ ਦਾ ਪਾਲਣ ਪੋਸ਼ਣ ਨਕੋਦਰ ਵਿਚ ਹੀ ਹੋਇਆ ਤੇ ਉਹ ਅਕਸਰ ਰਿਕਸ਼ੇ ’ਚ ਦਿਨ-ਰਾਤ ਸ਼ਹਿਰ ਅਤੇ ਨੇੜੇ ਦੇ ਇਲਾਕੇ ’ਚ ਘੁੰਮਦੇ ਰਹਿੰਦੇ ਸਨ। ਉਨ੍ਹਾਂ ਨੂੰ ਮਾਇਆ ਨਾਲ ਭੋਰਾ ਵੀ ਪਿਆਰ ਨਹੀ ਸੀ। ਹੌਲੀ-ਹੌਲੀ ਬਾਪੂ ਜੀ ਦੀ ਸ਼ਖਸੀਅਤ ਬਾਰੇ ਪੂਰੀ ਦੁਨੀਆ ਵਿਚ ਪਤਾ ਲੱਗਣ ਲੱਗਾ ਤੇ ਲੋਕ ਦੇਸ਼-ਵਿਦੇਸ਼ ਤੋਂ ਵੀ ਬਾਪੂ ਜੀ ਦੇ ਦਰਸ਼ਨ ਕਰਨ ਨਕੋਦਰ  ਆਉਣ ਲੱਗੇ। ਬਾਪੂ ਜੀ ਨੇ ਆਪਣੇ ਜਿਊਂਦੇ ਜੀਅ ਆਪਣਾ ਮੇਲਾ ਆਪਣੇ ਹੱਥੀਂ ਸ਼ੁਰੂ ਕਰਵਾਇਆ ਅਤੇ ਹਰ ਸਾਲ ਜੁਲਾਈ ਮਹੀਨੇ ਦੀਆਂ 18,19 ਤੇ 20  ਤਰੀਕਾਂ ਮੇਲੇ ਲਈ ਐਲਾਨੀਆਂ। ਬਾਪੂ ਜੀ ਨੇ ਸੰਗਤ ਨੂੰ ਅਨੇਕਾਂ ਕੌਤਕ ਦਿਖਾਏ। ਪਹਿਲਾਂ ਬਾਪੂ ਜੀ ਅੰਦਰਲੇ ਡੇਰੇ (ਕੋਠੀ) ਵਿਖੇ ਰਹਿੰਦੇ ਸਨ ਤੇ ਬਾਅਦ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਬਾਹਰ ਵੱਡਾ ਦਰਬਾਰ ਬਣਾਉਣਾ ਸ਼ੁਰੂ ਕਰਵਾਇਆ। ਬਾਪੂ ਜੀ 27 ਮਾਰਚ 1999 ਨੂੰ ਸੰਗਤਾਂ ਨੂੰ ਵਿਛੋੜਾ ਦੇ ਕੇ ਚੋਲਾ ਤਿਆਗ ਗਏ ਸਨ ਅਤੇ ਇਸੇ ਦਿਨ ਬਾਪੂ ਜੀ ਦੀ ਬਰਸੀ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ।
ਦਰਬਾਰ ਦੇ ਚੇਅਰਮੈਨ ਪਵਨ ਗਿੱਲ ਨੇ ਦੱਸਿਆ ਕਿ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਸੰਗਤਾਂ ਨੇ ਦਰਬਾਰ ਦੀ ਸੇਵਾ ਵਿਸ਼ਵ ਪ੍ਰਸਿੱਧ ਸੂਫੀ ਗਾਇਕ ਪਦਮਸ਼੍ਰੀ ਸਾਈਂ ਹੰਸ ਰਾਜ ਹੰਸ ਦਰਵੇਸ਼ ਨੂੰ ਸੌਂਪੀ ਜੋ ਲਗਭਗ ਪਿਛਲੇ 10 ਸਾਲਾਂ ਤੋਂ ਦਰਬਾਰ ਅਤੇ ਸੰਗਤਾਂ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਪਦਮਸ਼੍ਰੀ ਸਾਈਂ ਹੰਸ ਰਾਜ ਹੰਸ ਦੀ ਅਗਵਾਈ ਹੇਠ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦਰਬਾਰ ਦੀ ਪ੍ਰਬੰਧਕ ਕਮੇਟੀ ਦਾ ਗਠਨ 4 ਅਗਸਤ 2008 ਨੂੰ ਕੀਤਾ ਗਿਆ। ਸਾਈਂ ਹੰਸ ਦੀ ਯੋਗ ਅਗਵਾਈ ਹੇਠ ਦਰਬਾਰ ਦਿਨ-ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।