ਅਟਾਰੀ ਤੇ ਮੁੰਬਈ ਦੇ ਰਸਤੇ ਐਕਸਪੋਰਟ ਹੋਣ ਵਾਲੇ ਮਸਾਲੇ ਕੀਤੇ ਬੈਨ

11/24/2017 5:00:56 AM

ਅੰਮ੍ਰਿਤਸਰ,   (ਨੀਰਜ)-  ਭਾਵੇਂ ਬਾਰਡਰ ਹੋਵੇ ਜਾਂ ਫਿਰ ਆਯਾਤ-ਨਿਰਯਾਤ, ਪਾਕਿਸਤਾਨ ਦੀ ਸਰਕਾਰ ਆਪਣੀਆਂ ਘਟੀਆ ਹਰਕਤਾਂ ਨੂੰ ਅੰਜਾਮ ਦੇਣ 'ਚ ਹਰ ਵਾਰ ਅੱਵਲ ਰਹਿੰਦੀ ਹੈ ਅਤੇ ਜੰਗ ਦਾ ਮੈਦਾਨ ਹੋਵੇ ਜਾਂ ਫਿਰ ਕਾਰੋਬਾਰੀ ਰਿਸ਼ਤੇ, ਹਰ ਵਾਰ ਪਿੱਠ 'ਤੇ ਛੁਰਾ ਮਾਰਨ ਤੋਂ ਪਿੱਛੇ ਨਹੀਂ ਹਟਦੀ। ਭਾਰਤ-ਪਾਕਿਸਤਾਨ 'ਚ ਅੰਤਰਰਾਸ਼ਟਰੀ ਰੇਲ ਕਾਰਗੋ ਰਾਹੀਂ ਮਾਲ ਗੱਡੀ ਅਤੇ ਆਈ. ਸੀ. ਪੀ. ਅਟਾਰੀ ਬਾਰਡਰ ਦੇ ਰਸਤੇ ਟਰੱਕਾਂ ਜ਼ਰੀਏ ਹੋਣ ਵਾਲੇ ਆਯਾਤ-ਨਿਰਯਾਤ ਵਿਚ ਪਾਕਿਸਤਾਨ ਨੇ ਇਕ ਵਾਰ ਫਿਰ ਤੋਂ ਭਾਰਤੀ ਮਸਾਲਿਆਂ ਨੂੰ ਬੈਨ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਅਟਾਰੀ-ਲਾਹੌਰ ਦੇ ਰਸਤੇ ਹੋਣ ਵਾਲੇ ਮਸਾਲਿਆਂ ਦੇ ਐਕਸਪੋਰਟ ਨੂੰ ਹੀ ਨਹੀਂ ਸਗੋਂ ਮੁੰਬਈ ਤੋਂ ਕਰਾਚੀ ਹੋਣ ਵਾਲੇ ਮਸਾਲਿਆਂ ਦੇ ਐਕਸਪੋਰਟ 'ਤੇ ਵੀ ਅਸਿੱਧੇ ਤੌਰ 'ਤੇ ਬੈਨ ਲਾ ਦਿੱਤਾ ਗਿਆ ਹੈ, ਜਿਸ ਨਾਲ ਵਪਾਰੀਆਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਲਾਹੌਰ ਰੇਲ ਕਾਰਗੋ ਅਤੇ ਕਰਾਚੀ ਪੋਰਟ 'ਤੇ ਕਰੋੜਾਂ ਰੁਪਏ ਦੇ ਭਾਰਤੀ ਮਸਾਲਿਆਂ ਨੂੰ ਪਾਕਿਸਤਾਨ ਦੇ ਪਲਾਂਟ ਕੋਰੀਂਟੀਨ ਵਿਭਾਗ ਵੱਲੋਂ ਐੱਨ. ਓ. ਸੀ. ਨਹੀਂ ਦਿੱਤੀ ਜਾ ਰਹੀ, ਜਿਸ ਨਾਲ ਉਥੇ ਭਾਰਤੀ ਮਾਲ ਡੰਪ ਹੋ ਗਿਆ ਹੈ ਅਤੇ ਖ਼ਰਾਬ ਹੋ ਰਿਹਾ ਹੈ। ਪਾਕਿਸਤਾਨ ਨੂੰ ਐਕਸਪੋਰਟ ਕਰਨ ਲਈ ਭਾਰਤੀ ਵਪਾਰੀਆਂ ਵੱਲੋਂ ਆਪਣੇ ਗੋਦਾਮਾਂ ਵਿਚ ਰੱਖਿਆ ਗਿਆ ਮਾਲ ਵੀ ਡੰਪ ਬਣ ਚੁੱਕਾ ਹੈ, ਜਿਸ ਨਾਲ ਪਾਕਿਸਤਾਨ ਨਾਲ ਕਰੋੜਾਂ ਰੁਪਏ ਦੇ ਆਰਡਰ ਰੱਦ ਹੋ ਰਹੇ ਹਨ। ਪਾਕਿਸਤਾਨ ਨਾਲ ਆਯਾਤ-ਨਿਰਯਾਤ ਕਰਨ ਵਾਲੇ ਵਪਾਰੀਆਂ ਦੀ ਮੰਨੀਏ ਤਾਂ ਭਾਰਤੀ ਵਪਾਰੀਆਂ ਨੂੰ ਪਾਕਿਸਤਾਨ ਦੀ ਇਸ ਹਰਕਤ ਤੋਂ 300 ਕਰੋੜ ਦੇ ਲਗਭਗ ਨੁਕਸਾਨ ਹੋਣਾ ਤੈਅ ਹੈ। ਵਪਾਰੀਆਂ ਦੀ ਮੰਨੀਏ ਤਾਂ ਪਾਕਿਸਤਾਨ ਸਰਕਾਰ ਚੀਨ ਦੇ ਦਬਾਅ ਅਤੇ ਚਾਲ 'ਚ ਆ ਕੇ ਇਸ ਤਰ੍ਹਾਂ ਦੀ ਹਰਕਤ ਕਰ ਰਹੀ ਹੈ ਅਤੇ ਭਾਰਤ ਨਾਲ ਵਪਾਰਕ ਰਿਸ਼ਤਿਆਂ ਨੂੰ ਖ਼ਰਾਬ ਕਰ ਰਹੀ ਹੈ। ਇੰਨਾ ਹੀ ਨਹੀਂ, ਅੰਤਰਰਾਸ਼ਟਰੀ ਵਪਾਰਕ ਸੁਲਾਹ ਦੀ ਵੀ ਸ਼ਰੇਆਮ ਉਲੰਘਣਾ ਕਰ ਰਹੀ ਹੈ।
ਹੈਰੋਇਨ ਸਮੱਗਲਿੰਗ ਦੀਆਂ ਘਟਨਾਵਾਂ ਨਾਲ ਕਈ ਵਾਰ ਬੰਦ ਹੋਈ ਹੈ ਮਾਲ ਗੱਡੀ
ਅਟਾਰੀ ਬਾਰਡਰ ਕਰਾਸ ਕਰ ਕੇ ਭਾਰਤ ਅਤੇ ਪਾਕਿਸਤਾਨ 'ਚ ਚੱਲਣ ਵਾਲੀ ਮਾਲ ਗੱਡੀ ਹੈਰੋਇਨ ਸਮੱਗਲਿੰਗ ਦੀਆਂ ਘਟਨਾਵਾਂ ਕਾਰਨ ਕਈ ਵਾਰ ਬੰਦ ਹੋ ਚੁੱਕੀ ਹੈ, ਇਸ ਤੋਂ ਪਹਿਲਾਂ ਮਾਲ ਗੱਡੀ ਰਾਹੀਂ ਭਾਰੀ ਮਾਤਰਾ ਵਿਚ ਪਾਕਿਸਤਾਨੀ ਸੀਮੈਂਟ ਦਾ ਆਯਾਤ ਕੀਤਾ ਜਾ ਰਿਹਾ ਸੀ, ਜੋ ਰੇਲ ਕਾਰਗੋ ਅੰਮ੍ਰਿਤਸਰ ਦੇ ਗੋਦਾਮਾਂ ਵਿਚ ਉਤਾਰਿਆ ਜਾਂਦਾ ਸੀ ਪਰ ਸੀਮੈਂਟ ਦੀਆਂ ਬੋਰੀਆਂ ਨਾਲ ਪਾਕਿਸਤਾਨੀ ਸਮੱਗਲਰਾਂ ਨੇ ਹੈਰੋਇਨ ਦੀ ਵੱਡੀਆਂ ਖੇਪਾਂ ਨੂੰ ਵੀ ਭੇਜਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਕਈ ਵਾਰ ਭਾਰਤ-ਪਾਕਿ ਵਿਚ ਚੱਲਣ ਵਾਲੀ ਮਾਲ ਗੱਡੀ ਬੰਦ ਹੋ ਗਈ ਅਤੇ ਪਾਕਿਸਤਾਨੀ ਸੀਮੈਂਟ ਰੇਲ ਦੀ ਬਜਾਏ ਟਰੱਕਾਂ ਰਾਹੀਂ ਆਯਾਤ ਹੋਣ ਲੱਗਾ ਪਰ ਇਸ ਮਿਆਦ ਦੌਰਾਨ ਵੀ ਕਦੇ ਪਾਕਿਸਤਾਨ ਨੇ ਭਾਰਤੀ ਮਸਾਲਿਆਂ ਅਤੇ ਹੋਰ ਵਸਤਾਂ ਨੂੰ ਪਲਾਂਟ ਕੋਰੀਂਟੀਨ ਦਾ ਅੜਿੱਕਾ ਨਹੀਂ ਪਾਇਆ ਸੀ।
ਕੀ ਹੈ ਪਾਕਿਸਤਾਨ ਦੇ ਪਲਾਂਟ ਕੋਰੀਂਟੀਨ ਵਿਭਾਗ ਦਾ ਕੰਮ
ਪਾਕਿਸਤਾਨ ਦੇ ਪਲਾਂਟ ਕੋਰੀਂਟੀਨ ਵਿਭਾਗ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਭਾਰਤ ਤੋਂ ਪਾਕਿਸਤਾਨੀ ਵਪਾਰੀ ਜਿਨ੍ਹਾਂ ਵਸਤਾਂ ਦਾ ਆਯਾਤ ਕਰਦੇ ਹਨ ਉਨ੍ਹਾਂ ਦੀ ਕੁਆਲਿਟੀ ਨੂੰ ਪਰਖਣ ਲਈ ਪਲਾਂਟ ਕੋਰੀਂਟੀਨ ਵਿਭਾਗ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ। ਇਹ ਵਿਭਾਗ ਇਸ ਗੱਲ ਦਾ ਵੀ ਪਤਾ ਲਾਉਂਦਾ ਹੈ ਕਿ ਜਿਨ੍ਹਾਂ ਵਸਤਾਂ ਨੂੰ ਭਾਰਤ ਤੋਂ ਆਯਾਤ ਕੀਤਾ ਜਾ ਰਿਹਾ ਹੈ ਉਨ੍ਹਾਂ 'ਚ ਕੋਈ ਰੋਗ ਤਾਂ ਨਹੀਂ ਹੈ, ਮਤਲਬ ਆਯਾਤ ਹੋਣ ਵਾਲੀ ਚੀਜ਼ ਖਾਣ ਦੇ ਕਾਬਿਲ ਵੀ ਹੈ ਜਾਂ ਨਹੀਂ। ਇਸ ਵਿਭਾਗ ਦੀ ਐੱਨ. ਓ. ਸੀ. ਮਿਲਣ ਤੋਂ ਬਾਅਦ ਹੀ ਲਾਹੌਰ ਪੋਰਟ ਤੋਂ ਭਾਰਤੀ ਵਸਤਾਂ ਨੂੰ ਰਿਲੀਵ ਕੀਤਾ ਜਾਂਦਾ ਹੈ ਅਤੇ ਪਾਕਿਸਤਾਨੀ ਵਪਾਰੀਆਂ ਦੇ ਸਪੁਰਦ ਕੀਤਾ ਜਾਂਦਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਸਰਕਾਰ ਇਸ ਵਿਭਾਗ ਦੀ ਆੜ 'ਚ ਭਾਰਤ ਨਾਲ ਵਪਾਰਕ ਰਿਸ਼ਤੇ ਖ਼ਰਾਬ ਕਰ ਰਹੀ ਹੈ ਅਤੇ ਭਾਰਤੀ ਵਪਾਰੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।
ਸੜਕ ਰਸਤੇ ਜਾਣ ਵਾਲੇ ਟਮਾਟਰ, ਸੋਇਆਬੀਨ ਤੇ ਕਾਟਨ ਵੀ ਹੋ ਚੁੱਕੀ ਹੈ ਬੈਨ
ਰੇਲ ਰਸਤੇ ਜ਼ਰੀਏ ਭਾਰਤੀ ਵਪਾਰੀਆਂ ਵੱਲੋਂ ਐਕਸਪੋਰਟ ਕੀਤੇ ਜਾਣ ਵਾਲੇ ਮਸਾਲਿਆਂ ਅਤੇ ਹੋਰ ਵਸਤਾਂ ਨੂੰ ਤਾਂ ਪਾਕਿਸਤਾਨ ਦੇ ਪਲਾਂਟ ਕੋਰੀਂਟੀਨ ਵਿਭਾਗ ਨੇ ਪਹਿਲੀ ਵਾਰ ਬੈਨ ਕੀਤਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਇੰਟੈਗ੍ਰੇਟਿਡ ਚੈੱਕ ਪੋਸਟ ਅਟਾਰੀ ਬਾਰਡਰ ਦੇ ਸੜਕ ਰਸਤੇ ਐਕਸਪੋਰਟ ਕੀਤੀਆਂ ਜਾਣ ਵਾਲੀਆਂ ਵਸਤਾਂ ਨੂੰ ਵੀ ਪਲਾਂਟ ਕੋਰੀਂਟੀਨ ਵਿਭਾਗ ਦੀ ਆੜ 'ਚ ਬੈਨ ਕੀਤਾ ਹੈ। ਆਈ. ਸੀ. ਪੀ. ਅਟਾਰੀ ਦੇ ਰਸਤੇ ਟਰੱਕਾਂ ਜ਼ਰੀਏ ਪਾਕਿਸਤਾਨ ਨੂੰ ਭਾਰੀ ਮਾਤਰਾ ਵਿਚ ਟਮਾਟਰ ਦਾ ਐਕਸਪੋਰਟ ਕੀਤਾ ਜਾਂਦਾ ਰਿਹਾ ਹੈ, ਇਸ ਤੋਂ ਇਲਾਵਾ ਕੁਝ ਹੋਰ ਸਬਜ਼ੀਆਂ ਨੂੰ ਵੀ ਪਾਕਿਸਤਾਨ ਨੂੰ ਐਕਸਪੋਰਟ ਕੀਤਾ ਜਾਂਦਾ ਰਿਹਾ ਹੈ ਪਰ ਹੁਣ ਪਾਕਿਸਤਾਨ ਨੇ ਪਲਾਂਟ ਕੋਰੀਂਟੀਨ ਵਿਭਾਗ ਦੀ ਆੜ 'ਚ ਭਾਰਤੀ ਟਮਾਟਰ ਨੂੰ ਬੈਨ ਕਰ ਦਿੱਤਾ। ਪਾਕਿਸਤਾਨ ਵਿਚ ਈਦ ਅਤੇ ਹੋਰ ਤਿਉਹਾਰਾਂ 'ਤੇ ਭਾਰਤੀ ਟਮਾਟਰ ਦੀ ਜ਼ਬਰਦਸਤ ਮੰਗ ਹੋਣ ਦੇ ਬਾਵਜੂਦ ਪਾਕਿਸਤਾਨ ਨੇ ਭਾਰਤੀ ਟਮਾਟਰ ਦਾ ਆਯਾਤ ਨਹੀਂ ਕੀਤਾ। ਇੰਨਾ ਹੀ ਨਹੀਂ, ਪਾਕਿਸਤਾਨ ਨੇ ਪਲਾਂਟ ਕੋਰੀਂਟੀਨ ਵਿਭਾਗ ਦੀ ਆੜ 'ਚ ਸੋਇਆਬੀਨ ਅਤੇ ਕਾਟਨ ਤੱਕ ਨੂੰ ਬੈਨ ਕਰ ਦਿੱਤਾ, ਜਿਸ ਨਾਲ ਭਾਰਤੀ ਵਪਾਰੀਆਂ ਨੂੰ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਹੈ।
ਪਾਕਿਸਤਾਨ ਤੋਂ ਆਯਾਤ ਹੋ ਰਿਹੈ ਸੀਮੈਂਟ, ਜਿਪਸਮ, ਰਾਕ ਸਾਲਟ ਤੇ ਡ੍ਰਾਈ ਫਰੂਟ
ਪਾਕਿਸਤਾਨ ਤੋਂ ਭਾਰਤੀ ਵਪਾਰੀਆਂ ਵੱਲੋਂ ਆਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਆਈ. ਸੀ. ਪੀ. ਅਟਾਰੀ ਰਸਤੇ ਟਰੱਕਾਂ ਰਾਹੀਂ ਭਾਰੀ ਮਾਤਰਾ 'ਚ ਪਾਕਿਸਤਾਨੀ ਸੀਮੈਂਟ, ਜਿਪਸਮ, ਰਾਕ ਸਾਲਟ, ਡ੍ਰਾਈ ਫਰੂਟ, ਛੁਹਾਰੇ ਆਦਿ ਦਾ ਆਯਾਤ ਕੀਤਾ ਜਾ ਰਿਹਾ ਹੈ ਅਤੇ ਭਾਰਤ ਸਰਕਾਰ ਨੇ ਕਦੇ ਵੀ ਪਾਕਿਸਤਾਨ ਦੀ ਤਰ੍ਹਾਂ ਪਲਾਂਟ ਕੋਰੀਂਟੀਨ ਵਿਭਾਗ ਦੀ ਆੜ 'ਚ ਵਪਾਰਕ ਰਿਸ਼ਤੇ ਖ਼ਰਾਬ ਨਹੀਂ ਕੀਤੇ।