ਪਿੰਡਾਂ ’ਚ ਰਾਜਸੀ ਆਗੂਆਂ ਦੇ ਦਖ਼ਲ ’ਤੇ ਪਾਬੰਦੀ ਦੇ ਪੋਸਟਰਾਂ ਨੇ ਫੜੀ ਤੇਜ਼ੀ

07/12/2021 5:42:14 PM

ਭਾਦਸੋਂ (ਅਵਤਾਰ) : ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ 3 ਕਾਲੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਕੋਈ ਠੋਸ ਹੱਲ ਨਾ ਨਿੱਕਲਦਾ ਵੇਖ ਹੁਣ ਪਿੰਡਾਂ ਵਿੱਚ ਰਾਜਨੀਤਿਕ ਪਾਰਟੀਆਂ ਦੇ ਦਖ਼ਲ ’ਤੇ ਪਾਬੰਦੀ ਦੇ ਬੋਰਡ, ਫਲੈਕਸ ਲਗਾ ਦਿੱਤੀਆਂ ਹਨ। 2022 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਜਿਸ ਕਾਰਨ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਸੂਬੇ ਭਰ ’ਚ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਿੰਡਾਂ ਵਿੱਚ ਰਾਜਨੀਤਿਕ ਆਗੂਆਂ ਦੇ ਦਾਖ਼ਲ ਹੋਣ ਸਬੰਧੀ ਲਗਾਏ ਜਾ ਰਹੇ ਹਨ। ਵਿਧਾਨ ਸਭਾ ਹਲਕਾ ਨਾਭਾ, ਪਟਿਆਲਾ ਦਿਹਾਤੀ ਅਧੀਨ ਆਉ਼ਦੇ ਤਕਰੀਬਨ 2 ਦਰਜਨ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਮਤੇ ਪਾ ਦਿੱਤੇ ਹਨ। ਹਲਕੇ ਦੇ ਪਿੰਡਾਂ ਲੌਟ, ਦੰਦਰਾਲਾ ਖਰੌਡ, ਸਹੌਲੀ, ਧੰਗੇੜਾ, ਧਨੌਰੀ ਸਮੇਤ ਕਈ ਹੋਰ ਪਿੰਡਾਂ ਦੇ ਵਸਨੀਕਾਂ ਵੱਲੋਂ ਮਤੇ ਪਾਏ ਗਏ ਹਨ ਕਿ ਉਕਤ ਪਿੰਡਾਂ ਵਿੱਚ ਦਾਖ਼ਲ ਹੋਣ ਵਾਲੇ ਰਾਜਸੀ ਆਗੂਆਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਇਸ ਦੌਰਾਨ ਜੇਕਰ ਕੋਈ ਅਣ ਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸੰਬੰਧੀ ਰਾਜਸੀ ਆਗੂ ਹੀ ਜ਼ਿੰਮੇਵਾਰ ਹੋਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡਾਂ ਚਹਿਲ, ਕੱਲੇਮਾਜਰਾ ’ਚ ਪਿਛਲੀ ਦਿਨੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਕਿਸਾਨ ਆਗੂਆਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ। ਦੇਖਦਿਆਂ ਹੀ ਦੇਖਦਿਆਂ ਹੁਣ ਹੋਰ ਪਿੰਡਾਂ ਵਿੱਚ ਵੀ ਰਾਜਸੀ ਆਗੂਆਂ ਦਾ ਵਿਰੋਧ ਜਾਰੀ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ‘ਆਪ’ਦੀ ਪੰਜਾਬ ਇਕਾਈ ਵਲੋਂ ਥਰਮਲ ਪਲਾਂਟ ਮਾਮਲੇ ’ਤੇ ਚੁੱਕੇ ਸਵਾਲ

ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਵਿਖੇ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਹੈ ਪਰ ਪੰਜਾਬ ਦੇ ਵਿਧਾਇਕ, ਕੈਬਨਿਟ ਮੰਤਰੀ, ਲੋਕ ਸਭਾ ਮੈਂਬਰ, ਰਾਜ ਸਭਾ ਮੈਂਬਰ ਅਤੇ ਹੋਰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਕਿਸਾਨੀ ਸੰਘਰਸ਼ ਦੀ ਹਮਾਇਤ ਦੀ ਥਾਂ ਐਸ਼ ਪ੍ਰਸਤੀ ਕਰ ਰਹੇ ਹਨ। ਬਹੁਤ ਸਾਰੇ ਵਿਧਾਇਕਾਂ ਨੇ ਤਾਂ ਅਜੇ ਤੱਕ ਦਿੱਲੀ ਸੰਘਰਸ਼ ਦਾ ਮੂੰਹ ਤੱਕ ਵੀ ਨਹੀ ਵੇਖਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ’ਚ ਇਨਾਂ ਰਾਜਸੀ ਪਾਰਟੀਆਂ ਦੇ ਆਗੂਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇਹ ਰਾਜਸੀ ਆਗੂ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਪਿੰਡਾਂ ਵਿੱਚ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਵਿੱਚ ਰੁੱਝੇ ਹੋਏ ਹਨ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਨੌਜਵਾਨ ਭਵਿੱਖ ਵਿਚ ਦੇਸ਼ ਦੇ ਹਰ ਖੇਤਰ ਵਿਚ ਚਮਕਦੇ ਦਿਸਣਗੇ : ਤਰੁਣ ਚੁਘ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 

Anuradha

This news is Content Editor Anuradha