ਇਕ ਮਹੀਨਾ ਬੀਤਣ ਦੇ ਬਾਵਜੂਦ ਬੈਂਕਾਂ ''ਚ ਲੋਕਾਂ ਦੀ ਖੱਜਲ-ਖੁਆਰੀ ਜਾਰੀ

12/06/2016 4:25:58 PM

ਜਲਾਲਾਬਾਦ (ਸੇਤੀਆ) : ਮੋਦੀ ਸਰਕਾਰ ਵਲੋਂ 8 ਨਵੰਬਰ ਨੂੰ ਦੇਸ਼ ਭਰ ਵਿਚ ਨੋਟਬੰਦੀ ਲਾਗੂ ਕੀਤੀ ਸੀ ਜਿਸਦੇ ਤਹਿਤ 500 ਅਤੇ 1000 ਦੇ ਨੋਟਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਪਰ ਲਗਭਗ 1 ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਬੈਂਕਾਂ ਦੇ ਬਾਹਰ ਕੈਸ਼ ਲੈਣ ਵਾਲਿਆਂ ਦੀਆਂ ਲਾਈਨਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਿਸਦੀ ਤਾਜ਼ਾ ਮਿਸਾਲ ਮੰਗਲਵਾਰ ਨੂੰ ਫਿਰੋਜ਼ਪੁਰ ਰੋਡ ''ਤੇ ਬਣੇ ਪਿੰਡ ਅਮੀਰ ਖਾਸ ਦੇ ਪੰਜਾਬ ਨੈਸ਼ਨਲ ਬੈਂਕ ਤੋਂ ਦੇਖਣ ਨੂੰ ਮਿਲੀ ਜਿੱਥੇ ਸਵੇਰੇ ਤੋਂ ਹੀ ਲਾਈਨ ਵਿਚ ਲੱਗੇ ਲੋਕਾਂ ਨੂੰ ਕੈਸ਼ ਤੋਂ ਵਾਂਝੇ ਹੀ ਜਾਣਾ ਪਿਆ।
ਜਾਣਕਾਰੀ ਦਿੰਦਿਆਂ ਪਿੰਡ ਵਾਸੀ ਮਾਂਘਾ ਰਾਮ, ਅਸ਼ੋਕ ਕੁਮਾਰ, ਬਗੀਚ ਚੰਦ, ਤਿਲਕ ਰਾਜ, ਸੁਰਿੰਦਰ ਪਾਲ, ਜਗਦੀਸ਼ ਸਿੰਘ, ਸ਼ੀਲਾ ਰਾਣੀ, ਸਿਮਰੋ ਬਾਈ, ਸੋਮਾ ਰਾਣੀ ਅਤੇ ਪਰਵਿੰਦਰ ਕੌਰ ਨੇ ਦੱਸਿਆ ਕਿ ਉਹ ਸਵੇਰੇ 6 ਵਜੇ ਤੋਂ ਬੈਂਕ ਦੇ ਬਾਹਰ ਲਾਈਨ ਵਿਚ ਖੜ ਕੇ ਬੈਂਕ ਦੇ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ ਪਰ ਜਿਵੇਂ ਹੀ ਬੈਂਕ ਖੁੱਲ੍ਹਿਆ ਤਾਂ ਮੈਨੇਜਰ ਸਾਹਿਬ ਨੇ ਇਹ ਕਹਿ ਦਿੱਤਾ ਕਿ ਬੈਂਕ ਵਿਚ ਕੈਸ਼ ਨਹੀਂ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ 2 ਹਜ਼ਾਰ ਰੁਪਏ ਤੋਂ ਵੱਧ ਪੈਸੇ ਨਹੀਂ ਮਿਲ ਰਹੇ ਹਨ ਅਤੇ 2-3 ਹਜ਼ਾਰ ਰੁਪਏ ਲਈ ਉਨ੍ਹਾਂ ਨੂੰ ਬੈਂਕ ਦੇ ਬਾਹਰ ਘੰਟੇ ਬੱਧੀ ਲਾਈਨ ਵਿਚ ਲੱਗਣਾ ਪੈਂਦਾ ਹੈ।
ਉਧਰ ਇਸ ਸੰਬੰਧੀ ਜਦੋਂ ਬੈਂਕ ਮੈਨੇਜਰ ਚੰਦਰ ਕਾਂਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੈਸ਼ ਦੀ ਪਿੱਛੋਂ ਹੀ ਕਮੀ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜਿੰਨਾ ਕੈਸ਼ ਆਉਂਦਾ ਹੈ ਉਸ ਨੂੰ ਬਰਾਬਰ ਗ੍ਰਾਹਕਾ ਨੂੰ ਦੇ ਰਹੇ ਹਨ ਤਾਂਕਿ ਵੱਧ ਤੋਂ ਵੱਧ ਗ੍ਰਾਹਕ ਭੁਗਤ ਸਕਣ ਅਤੇ ਕਿਸੇ ਨੂੰ ਪ੍ਰੇਸ਼ਾਨੀ ਨਾ ਆਏ ਅਤੇ ਕੈਸ਼ ਸੰਬੰਧੀ ਵੀ ਉਹ ਉਪਰ ਲਿਖ ਕੇ ਭੇਜ ਚੁੱਕੇ ਹਨ।

Gurminder Singh

This news is Content Editor Gurminder Singh