ਪੰਜਾਬੀ ਫਿਲਮ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਨੇ ਬਣਾਇਆ ਬੰਬੂਕਾਟ ਸਾਈਕਲ

12/01/2019 4:46:12 PM

ਸੰਗਰੂਰ (ਬੇਦੀ) : ਪੰਜਾਬੀ ਫਿਲਮ ਬੰਬੂਕਾਟ ਤੋਂ ਪ੍ਰਭਾਵਿਤ ਹੋ ਕੇ ਪਿੰਡ ਮਹਿਲਾ ਦਾ ਨੌਜਵਾਨ ਬੰਬੂਕਾਟ ਸਾਈਕਲ ਦਾ ਨਿਰਮਾਣ ਕਰਕੇ ਇਲਾਕੇ ਖੂਬ ਵਾਹ ਵਾਈ ਖੱਟ ਰਿਹਾ ਹੈ। ਨੌਜਵਾਨ ਵੱਲੋਂ ਤਿਆਰ ਕੀਤੇ ਸਾਇਕਲ ਦੀ ਦਿੱਖ ਆਮ ਸਾਈਕਲਾਂ ਨਾਲੋਂ ਵੱਖਰੀ ਹੈ ਅਤੇ ਚੌੜੇ ਟਾਇਰਾਂ ਕਾਰਨ ਇਹ ਹੋਰ ਸਾਈਕਲਾਂ ਤੋਂ ਅਲੱਗ ਤੇ ਦਿਲ ਖਿੱਚਵਾ ਦਿਖਦਾ ਹੈ। ਇਸ ਬਾਰੇ ਗੱਲਬਾਤ ਕਰਦਿਆਂ ਬਿਕਰਮਜੀਤ ਸਿੰਘ ਮਹਿਲਾਂ ਨੇ ਦੱਸਿਆ ਕਿ ਉਸਨੂੰ ਪੰਜਾਬੀ ਫ਼ਿਲਮ ਬੰਬੂਕਾਟ ਦੇਖ ਕੇ ਕੁੱਝ ਨਵਾਂ ਬਣਾਉਣ ਦਾ ਸ਼ੌਂਕ ਜਾਗਿਆ ਪ੍ਰੰਤੂ ਮੋਟਰਸਾਈਕਲ ਬਣਾਉਣ 'ਤੇ ਖਰਚਾ ਜ਼ਿਆਦਾ ਆਉਂਦਾ ਜਿਸ ਤੋਂ ਬਾਅਦ ਉਸਨੇ ਇਕ ਬੰਬੂਕਾਟ ਵਰਗਾ ਸਾਈਕਲ ਤਿਆਰ ਕਰਨ ਦਾ ਮਨ ਬਣਾਇਆ। 

ਉਸਨੇ ਦੱਸਿਆ ਕਿ ਉਹ ਤਕਰੀਬਨ ਡੇਢ ਦੋ ਮਹੀਨਿਆਂ ਤੋਂ ਇਸ ਸਾਈਕਲ ਨੂੰ ਬਣਾਉਣ ਲਈ ਮਿਹਨਤ ਕਰ ਰਿਹਾ ਸੀ ਤੇ ਉਸਦਾ 13-14 ਹਜ਼ਾਰ ਰੁਪਏ ਦੇ ਲਗਭਗ ਖਰਚਾ ਆ ਚੁੱਕਾ ਹੈ। ਉਸਨੇ ਦੱਸਿਆ ਕਿ ਉਸਨੇ ਸਾਇਕਲ ਦੇ ਚੌੜੇ ਟਾਇਰਾਂ ਲਈ ਵੱਖ ਵੱਖ ਗੱਡੀਆਂ ਦੇ ਟਾਇਰ ਵਰਤੇ ਜਿਸਤੋਂ ਬਾਅਦ ਉਸਨੇ ਇਹ ਸਾਇਕਲ ਬਣਾਇਆ ਤੇ ਫਿਲਮ ਬੰਬੂਕਾਟ ਤੋਂ ਪ੍ਰਭਾਵਿਤ ਹੋ ਕੇ ਇਸ ਦਾ ਨਾਂਅ ਬੰਬੂਕਾਟ ਰੱਖਿਆ। ਇਹ ਸਾਈਕਲ ਆਲੇ ਦੁਆਲੇ ਦੇ ਪਿੰਡਾਂ 'ਚ ਵੀ ਖੂਬ ਚਰਚਾ 'ਚ ਹੈ।

Gurminder Singh

This news is Content Editor Gurminder Singh