ਬੰਬੀਹਾ ਗੈਂਗ ਵਲੋਂ ਕਤਲ ਕੀਤੇ ਵਿੱਕੀ ਮਿੱਡੂਖੇੜਾ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ, ਦਿੱਤੀ ਚਿਤਾਵਨੀ

08/09/2021 6:36:19 PM

ਲੰਬੀ (ਕੁਲਦੀਪ ਸਿੰਘ ਰਿਣੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਪਿੰਡ ਮਿੱਡੂਖੇੜਾ ਵਿਖੇ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦੇ ਘਰ ਪਹੁੰਚੇ। ਵਿੱਕੀ ਮਿੱਡੂਖੇੜਾ ਦਾ ਬੀਤੇ ਦਿਨੀਂ ਮੋਹਾਲੀ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੁਖਬੀਰ ਸਿੰਘ ਬਾਦਲ ਨੇ ਵਿੱਕੀ ਦੇ ਭਰਾ ਅਜੇਪਾਲ ਸਿੰਘ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿੱਕੀ ਦਾ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ, ਇਹ ਪਰਿਵਾਰ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਉਹ ਇਸ ਮਾਮਲੇ ਵਿਚ ਸ਼ਾਮਿਲ ਗੈਂਗਸਟਰਾਂ ਨੂੰ ਜਲਦ ਕਾਬੂ ਕਰਨ ਲਈ ਰੋਜ਼ਾਨਾ ਹੀ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਰਹੇ ਹਨ।

ਇਹ ਵੀ ਪੜ੍ਹੋ : ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਕੀਤਾ ਕਤਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਹੈ। ਉਨ੍ਹਾਂ ਕਿਹਾ ਕਿ ਜੱਗੂ ਭਗਵਾਨਪੁਰੀਆ ਜਿਹੇ ਗੈਂਗਸਟਰਾਂ ਨੂੰ ਪੰਜਾਬ ਸਰਕਾਰ ਨੇ ਆਪਣੇ ਵੀ. ਆਈ. ਪੀ. ਮਹਿਮਾਨ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੱਗੂ ਭਗਵਾਨਪੁਰੀਆ ਜਿਹਾ ਵਿਅਕਤੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦਾ ਖਾਸ ਹੈ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਭੱਜਣ ਨਹੀਂ ਦੇਵਾਂਗੇ। ਸੁਖਬੀਰ ਸਿੰਘ ਬਾਦਲ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਾਨੂੰਨ ਵਿਵਸਥਾ ਸਬੰਧੀ ਬਿਆਨ ਤੇ ਕਿਹਾ ਕਿ ਜੇਕਰ ਕੈਬਨਿਟ ਮੰਤਰੀ ਅਜਿਹਾ ਕਹਿ ਰਹੇ ਤਾਂ ਫਿਰ ਇਸ ਮਾੜੀ ਕਾਨੂੰਨ ਵਿਵਸਥਾ ਲਈ ਜ਼ਿੰਮੇਵਾਰ ਕੌਣ ਹੈ।

ਇਹ ਵੀ ਪੜ੍ਹੋ : ਖਰੜ ’ਚ ਵੱਡੀ ਵਾਰਦਾਤ, ਸ਼ਰੇਆਮ ਨੌਜਵਾਨ ਦਾ ਕਿਰਚ ਮਾਰ ਕੇ ਕਤਲ, ਜਾਣਾ ਸੀ ਆਸਟ੍ਰੇਲੀਆ

ਉਨ੍ਹਾਂ ਕਿਹਾ ਕਿ ਸਰਕਾਰ ਦੀ ਸ਼ਹਿ ’ਤੇ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਗੈਂਗਸਟਰਾਂ ਨੂੰ ਇੰਨੀ ਸ਼ਕਤੀ ਮਿਲ ਗਈ ਹੈ ਕਿ ਜਿਸ ਨੂੰ ਜੀ ਕਰਦਾ ਹੈ ਕਤਲ ਕਰ ਦਿੰਦੇ ਹਨ ਅਤੇ ਜਿਸਨੂੰ ਜੀ ਕਰਦਾ ਹੈ, ਉਸ ਤੋਂ ਪੈਸੇ ਉਗਰਾਹ ਲੈਂਦੇ ਹਨ। ਸੁਖਬੀਰ ਨੇ ਕਿਹਾ ਕਿ ਇਨ੍ਹਾਂ ਹਾਲਾਤ ਕਾਰਨ ਹੀ ਵਿੱਕੀ ਮਿੱਡੂਖੇੜਾ ਵਰਗੇ ਅਗਾਂਹਵਧੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿੱਕੀ ਬਹੁਤ ਨਿੱਘੇ ਸੁਭਾਅ ਦਾ ਹਿੰਮਤੀ ਨੌਜਵਾਨ ਸੀ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਨੇ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐੱਸ.ਓ. ਆਈ) ਨੂੰ ਪੰਜਾਬ ਯੂਨੀਵਰਸਿਟੀ ਤੇ ਸਮੁੱਚੇ ਪੰਜਾਬ ਵਿਚ ਮਜ਼ਬੂਤ ਕਰਨ ਲਈ ਬਹੁਤ ਮਿਹਨਤ ਕੀਤੀ ਸੀ ਜਿਸਦੇ ਲਾਮਿਸਾਲ ਨਤੀਜੇ ਆਏ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲਈ ਵਿੱਕੀ ਦੇ ਯੋਗਦਾਨ ਨੁੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਵਿੱਕੀ ਦਾ ਇਨਸਾਫ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਐੱਸ. ਐੱਸ. ਪੀ ਨਾਲ ਗੱਲ ਕਰ ਰਹੇ ਹਨ ਤੇ ਲੋੜ ਅਨੁਸਾਰ ਡੀ. ਆਈ. ਜੀ. ਤੇ ਡੀ. ਜੀ. ਪੀ ਨਾਲ ਵੀ ਗੱਲਬਾਤ ਕਰਨਗੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਵਿੱਕੀ ਦਾ ਕਤਲ ਕੀਤਾ ਹੈ, ਉਨ੍ਹਾਂ ਨੂੰ ਬੱਚ ਕੇ ਭੱਜਣ ਨਹੀਂ ਦਿਆਂਗੇ।

ਨੋਟ - ਪੰਜਾਬ ਵਿਚ ਵੱਧ ਰਹੀਆਂ ਗੈਂਗਵਾਰ ਦੀਆਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ?

Gurminder Singh

This news is Content Editor Gurminder Singh