ਬਲਵਿੰਦਰ ਬੈਂਸ ਨੇ ''ਵਨ ਮੈਨ ਆਰਮੀ'' ਦੇ ਰੂਪ ''ਚ ਜਤਾਇਆ ਵਿਰੋਧ

Tuesday, Jun 20, 2017 - 07:38 AM (IST)

ਚੰਡੀਗੜ੍ਹ, (ਸ਼ਰਮਾ)- ਬੀਤੇ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ 'ਚ ਅਕਾਲੀ-ਭਾਜਪਾ ਨੇਤਾਵਾਂ ਦੇ ਨਾਂ ਦਾ ਸੰਕੇਤ ਦੇਣ ਦੇ ਬਾਅਦ ਬੇਸ਼ੱਕ ਆਮ ਆਦਮੀ ਪਾਰਟੀ ਐਲਾਨ ਦੇ ਬਾਵਜੂਦ ਸੋਮਵਾਰ ਨੂੰ ਮੁੱਖ ਮੰਤਰੀ ਤੋਂ ਨਾਂ ਉਜਾਗਰ ਕਰਨ ਦੀ ਮੰਗ ਉਠਾਉਣ 'ਚ ਅਸਫਲ ਰਹੀ ਹੋਵੇ ਪਰ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਨੇ ਇਸ ਮੁੱਦੇ ਨੂੰ ਇਕ ਵੱਖਰੇ ਤਰੀਕੇ ਨਾਲ ਉਠਾਇਆ। ਪਾਰਟੀ ਦੇ ਦੂਜੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਪਹਿਲੇ ਹੀ ਸੈਸ਼ਨ ਦੀ ਬਾਕੀ ਸਮੇਂ ਲਈ ਮੁਅੱਤਲ ਕੀਤੇ ਜਾਣ ਤੇ ਸਹਿਯੋਗੀ ਪਾਰਟੀ ਆਮ ਆਦਮੀ ਪਾਰਟੀ ਵਲੋਂ ਸਹਿਯੋਗ ਨਾ ਦੇਣ ਕਾਰਨ ਬਲਵਿੰਦਰ ਬੈਂਸ ਨੇ ਇਕੱਲੇ ਹੀ 'ਵਨ ਮੈਨ ਆਰਮੀ' ਦੇ ਰੂਪ 'ਚ ਸਦਨ 'ਚ ਵਿਰੋਧ ਜਤਾਇਆ।
  ਪ੍ਰਸ਼ਨ ਕਾਲ ਦੌਰਾਨ ਹੀ ਬੈਂਸ ਨੇ ਆਪਣੀ ਸੀਟ 'ਤੇ ਖੜ੍ਹੇ ਹੋ ਕੇ ਸਪੀਕਰ ਵਲ ਦਸਤਾਵੇਜ਼ ਲਹਿਰਾਉਂਦੇ ਹੋਏ ਕਿਹਾ ਕਿ ਕੀ ਤੁਸੀਂ ਸਾਲ 2014 'ਚ ਨੰਗਲ ਪੁਲਸ ਥਾਣਾ 'ਚ ਜੀ. ਐੱਮ. ਕੰਸਟਰੱਕਸ਼ਨ ਕੰਪਨੀ ਖਿਲਾਫ ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਦਰਜ ਇਸ ਐੱਫ. ਆਈ. ਆਰ. 'ਤੇ ਪ੍ਰਤੀਕਿਰਿਆ ਦਿਓਗੇ? ਕੀ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਇਸ ਸੰਬੰਧ ਵਿਚ ਕੁਝ ਕਹਿਣਗੇ? ਪਰ ਸਪੀਕਰ ਵਲੋਂ ਬੋਲਣ ਦੀ ਇਜਾਜ਼ਤ ਨਾ ਦੇਣ ਕਾਰਨ ਬੈਂਸ ਨੇ ਨਾਅਰੇਬਾਜ਼ੀ ਕਰਦੇ ਹੋਏ ਸਦਨ ਤੋਂ ਵਾਕ ਆਊਟ ਕੀਤਾ। ਇਸ ਦੇ ਬਾਅਦ ਬੈਂਸ ਸਦਨ ਤੋਂ ਸੈਸ਼ਨ ਦੀ ਬਾਕੀ ਸਮੇ ਲਈ ਮੁਅੱਤਲ ਕੀਤੇ ਗਏ ਆਪਣੀ ਪਾਰਟੀ ਦੇ ਦੂਜੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਸਦਨ ਦੇ ਬਾਹਰ ਦਿੱਤੇ ਜਾ ਰਹੇ ਧਰਨੇ 'ਚ ਸ਼ਾਮਲ ਹੋ ਗਏ। 
ਇਸ ਮੌਕੇ ਬਲਵਿੰਦਰ ਬੈਂਸ ਨੇ ਦੋਸ਼ ਲਾਇਆ ਕਿ ਇਹ ਕੰਪਨੀ ਵਿਧਾਨਸਭਾ ਸਪੀਕਰ ਰਾਣਾ ਕੇ. ਪੀ. ਦੇ ਨਜ਼ਦੀਕੀ ਰਿਸ਼ਤੇਦਾਰ ਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਕੰਪਨੀ ਨੇ ਇਸ ਐੱਫ. ਆਈ. ਆਰ. ਨੂੰ ਰੱਦ ਕਰਨ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ ਪਰ ਹਾਲੇ ਤੱਕ ਇਸ 'ਤੇ ਫੈਸਲਾ ਨਹੀਂ ਆਇਆ, ਜਿਸ ਕਾਰਨ ਐੱਫ.ਆਈ.ਆਰ. ਅੱਜ ਦੇ ਦਿਨ ਲਈ ਵੀ ਜਾਇਜ਼ ਹੈ। ਇਸ ਮੌਕੇ ਖਹਿਰਾ ਨੇ ਕਿਹਾ ਕਿ ਇਕ ਪਾਸੇ ਤਾਂ ਕੈ. ਅਮਰਿੰਦਰ ਸਿੰਘ ਅਕਾਲੀਆਂ ਤੇ ਭਾਜਪਾਈਆਂ ਨੂੰ ਸਦਨ 'ਚ ਚੁੱਪ ਕਰਵਾਉਣ ਲਈ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਦੀ ਨਾਜਾਇਜ਼ ਮਾਈਨਿੰਗ 'ਚ ਸ਼ਾਮਲ ਹੋਣ ਦੀ ਜਾਣਕਾਰੀ ਜਨਤਕ ਕਰਨ ਦੀ ਧਮਕੀ ਦਿੰਦੇ ਹਨ, ਦੂਜੇ ਪਾਸੇ ਇਹ ਜਾਣਕਾਰੀ ਦਬਾ ਕੇ ਜਨਤਾ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਨੂੰ ਪਤਾ ਹੈ ਕਿ ਇਸ ਨਾਜਾਇਜ਼ ਕਾਰੋਬਾਰ 'ਚ ਅਕਾਲੀ-ਭਾਜਪਾ ਨੇਤਾ ਹੀ ਨਹੀਂ ਸਗੋਂ ਕਾਂਗਰਸੀ ਨੇਤਾ ਵੀ ਸ਼ਾਮਲ ਹਨ, ਇਸ ਲਈ ਜਾਣਕਾਰੀ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ ਜਾ ਰਹੀ।


Related News