ਰਾਜੋਆਣਾ ਦੀ ਫਾਂਸੀ ''ਤੇ ਕੇਂਦਰ ਦੇ ਯੂ-ਟਰਨ ਤੋਂ ਬਾਅਦ ਜਥੇਦਾਰ ਦਾ ਵੱਡਾ ਬਿਆਨ

12/03/2019 6:51:54 PM

ਤਲਵੰਡੀ ਸਾਬੋ (ਮੁਨੀਸ਼) : ਦਿੱਲੀ ਸ਼ੁਰੂ ਤੋਂ ਹੀ ਸਿੱਖਾਂ ਨਾਲ ਦੋਹਰੇ ਮਾਪਦੰਡ ਅਪਨਾਉਂਦੀ ਰਹੀ ਹੈ ਤੇ ਹੁਣ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫੀ ਦੇ ਐਲਾਨ ਤੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੁਕਰਨ ਨਾਲ ਇਕ ਵਾਰ ਫਿਰ ਦਿੱਲੀ ਦੀ ਸਿੱਖਾਂ ਪ੍ਰਤੀ ਦੋਗਲੀ ਨੀਤੀ ਸਾਹਮਣੇ ਆ ਗਈ ਹੈ ਜਿਸ ਨਾਲ ਸਮੁੱਚੇ ਸਿੱਖ ਜਗਤ ਨੂੰ ਭਾਰੀ ਠੇਸ ਪੁੱਜੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਸਿੰਘ ਸਾਹਿਬ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਵੱਲੋਂ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਦੇ ਐਲਾਨ ਨਾਲ ਜਿੱਥੇ ਖੁਸ਼ੀ ਹੋਈ ਸੀ, ਉੱਥੇ ਹੀ ਹੈਰਾਨੀ ਵੀ ਹੋਈ ਸੀ ਕਿ ਦਿੱਲੀ ਸਿੱਖਾਂ 'ਤੇ ਮੇਹਰਬਾਨ ਕਿਵੇਂ, ਪ੍ਰੰਤੂ ਹੁਣ ਗ੍ਰਹਿ ਮੰਤਰੀ ਵੱਲੋਂ ਸਪੱਸ਼ਟ ਸ਼ਬਦਾਂ ਵਿਚ ਰਾਜੋਆਣਾ ਦੀ ਸਜ਼ਾ ਮੁਆਫੀ ਤੋਂ ਪਲਟ ਜਾਣ ਨਾਲ ਦਿੱਲੀ ਦਾ ਕਿਰਦਾਰ ਸਿੱਖਾਂ ਸਾਹਮਣੇ ਫਿਰ ਨੰਗਾ ਹੋ ਗਿਆ ਹੈ ਤੇ ਗ੍ਰਹਿ ਮੰਤਰੀ ਦੇ ਉਕਤ ਬਿਆਨ ਨਾਲ ਸਮੁੱਚੇ ਸਿੱਖ ਜਗਤ ਨੂੰ ਝਟਕਾ ਲੱਗਾ ਹੈ। ਨਾਲ ਹੀ ਭਾਰਤ ਸਰਕਾਰ ਬਾਰੇ ਬਣੀ ਆਸ ਟੁੱਟ ਗਈ ਹੈ ਅਤੇ ਇਕ ਵਾਰ ਫਿਰ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਹੋਇਆ ਹੈ।

ਸਿੰਘ ਸਾਹਿਬ ਨੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਭਾਈ ਰਾਜੋਆਣਾ ਦੀ ਸਜ਼ਾ ਮੁਆਫੀ ਅਤੇ ਜੇਲਾਂ ਵਿਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਬਾਕੀ ਸਿੱਖ ਕੈਦੀਆਂ ਦੀ ਰਿਹਾਈ ਲਈ ਪੈਰਵਾਈ ਕਰਨ ਤੇ ਇਸ ਲਈ ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਜਿਸ ਤੱਕ ਵੀ ਪਹੁੰਚ ਕਰਨੀ ਪਵੇ ਕਰਨ।

Gurminder Singh

This news is Content Editor Gurminder Singh