ਰਾਜੋਆਣਾ ਦੀ ਰਿਹਾਈ ਲਈ ਭੈਣ ਦੀ ਪਟੀਸ਼ਨ ਖਾਰਜ

11/08/2017 6:18:14 AM

ਚੰਡੀਗੜ੍ਹ(ਬਰਜਿੰਦਰ)—ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ 'ਚ ਸੈਸ਼ਨ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਪਾਉਣ ਵਾਲੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਵੱਲੋਂ ਉਸ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ਦੀ ਲੋਕਲ ਸਟੈਂਡਾਈ (ਸੁਣੇ ਜਾਣ ਦੇ ਅਧਿਕਾਰ) ਨਾ ਮਿਲਣ 'ਤੇ ਇਸ ਨੂੰ ਖਾਰਜ ਕਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਤੋਂ ਪਹਿਲਾਂ ਬੀਤੇ 2 ਨਵੰਬਰ ਨੂੰ ਲੋਕਸ 'ਤੇ ਮਾਮਲਾ ਸੁਰੱਖਿਅਤ ਰੱਖ ਲਿਆ ਸੀ। ਕੇਂਦਰ ਸਰਕਾਰ ਤੇ ਹੋਰਨਾਂ ਨੂੰ ਪਾਰਟੀ ਬਣਾਉਂਦੇ ਹੋਏ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਤੇ ਰਾਜੋਆਣਾ ਨੇ ਇਹ ਪਟੀਸ਼ਨ ਦਾਖਲ ਕੀਤੀ ਸੀ। ਪਟੀਸ਼ਨਰ ਵੱਲੋਂ ਐਡਵੋਕੇਟ ਗੁਰਸ਼ਰਨ ਕੌਰ ਮਾਨ ਪੈਰਵੀ ਕਰ ਰਹੀ ਸੀ। ਪਟੀਸ਼ਨਰ ਦੀ ਦਲੀਲ ਸੀ ਕਿ ਰਾਜੋਆਣਾ ਪਿਛਲੇ 22 ਸਾਲਾਂ ਤੋਂ ਜੇਲ 'ਚ ਕੈਦ ਹੈ। ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਏ ਲਗਭਗ 10 ਸਾਲ ਬੀਤ ਚੁੱਕੇ ਹਨ ਤੇ ਇਸ ਦੇ ਯਕੀਨੀ ਹੋਣ ਦੇ 7 ਸਾਲ ਬੀਤ ਚੁੱਕੇ ਹਨ। ਕਿਹਾ ਗਿਆ ਕਿ ਹਾਈ ਕੋਰਟ ਵੱਲੋਂ ਯਕੀਨੀ ਕੀਤੇ ਜਾਣ ਦੇ ਬਾਵਜੂਦ ਰਾਜੋਆਣਾ ਨੇ ਇਸ ਲੰਬੇ ਸਮੇਂ 'ਚ ਸਬੰਧਤ ਸਜ਼ਾ ਦਿੱਤੇ ਜਾਣ 'ਚ ਦੇਰੀ ਨੂੰ ਲੈ ਕੇ ਬਹੁਤ ਦਰਦ ਤੇ ਦੁੱਖ ਸਹਿਣ ਕੀਤਾ ਹੈ। ਫਾਂਸੀ ਦੀ ਸਜ਼ਾ 'ਚ ਹੋਈ ਦੇਰੀ ਕਾਰਨ ਰਾਜੋਆਣਾ ਦੇ ਪਰਿਵਾਰ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੈ। ਅੱਜ ਹਾਈ ਕੋਰਟ ਨੇ ਉਕਤ ਪਟੀਸ਼ਨ ਖਾਰਜ ਕਰ ਦਿੱਤੀ।