ਸ਼੍ਰੋਮਣੀ ਕਮੇਟੀ ਬਨਾਮ ਸਿੱਖ ਸਿਆਸਤ

03/30/2020 10:21:47 AM

ਬਲਕਾਰ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਧਾਨਕ ਤਰੀਕੇ ਨਾਲ ਚੁਣੀ ਹੋਈ ਇਕੋ ਇਕ ਧਾਰਮਿਕ ਸੰਸਥਾ ਹੋਣ ਕਰਕੇ ਆਪਣੇ ਵਰਗੀ ਆਪ ਹੋ ਗਈ ਹੈ। ਇਸੇ ਕਰਕੇ ਇਸ ਦੀਆਂ ਸਮੱਸਿਆਵਾਂ ਨੂੰ ਵੀ ਸਿੱਖੀ ਦੇ ਹਵਾਲੇ ਨਾਲ ਹੀ ਸਮਝਿਆ ਜਾ ਸਕਦਾ ਹੈ।ਦੇਸ਼ ਦੀ ਆਜ਼ਾਦੀ ਵਾਸਤੇ ਲੜੀ ਗਈ ਲੜਾਈ ਵਿਚ ਸਿੱਖਾਂ ਦੀ ਅਹਿਮ ਭੂਮਿਕਾ ਤੋਂ ਕੋਈ ਇਨਕਾਰੀ ਨਹੀਂ। ਇਸ ਸਥਿਤੀ ਵਿਚ ਗੁਰਦੁਆਰਾ ਸੁਧਾਰ ਲਹਿਰ, ਜਿਸ ਤਰ੍ਹਾਂ ਸਿਦਕ, ਸਿਰੜ ਅਤੇ ਸਹਿਜ ਨਾਲ ਚਲਾਈ ਗਈ ਸੀ,ਉਸ ਦੇ ਵਿਸਥਾਰ ਵਿਚ ਜਾਏ ਬਿਨਾ ਇਹ ਕਹਿਣਾ ਚਾਹੁੰਦਾ ਹਾਂ ਕਿ ਸਮੇਂ ਦੀ ਕਲੋਨੀਅਲ ਸਰਕਾਰ ਨੇ ਸਿੱਖਾਂ ਵਲੋਂ ਗੁਰਦੁਆਰਿਆਂ ਦੇ ਪ੍ਰਬੰਧ ਦੀ ਮੰਗ ਨੂੰ 1925 ਦੇ ਗੁਰਦੁਆਰਾ ਐਕਟ ਰਾਹੀਂ ਮੰਨ ਲਿਆ ਸੀ।ਇਹ ਧਿਆਨ ਵਿਚ ਰਹਿਣਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਵਿਚ ਕਿਸੇ ਸਰਕਾਰੀ ਦਖਲ ਤੋਂ ਬਿਨਾ ਬਣ ਚੁੱਕੀ ਸੀ। ਇਸੇ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਨਾਲੋਂ ਵੱਖਰਾ ਸਿੱਖ ਹਿਤਾਂ ਦੀ ਸਿਆਸੀ ਪਹਿਰੇਦਾਰੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਾ ਲਿਆ ਸੀ।ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਇਹ ਦੋਵੇਂ ਸੰਸਥਾਵਾਂ ਇਕ ਦੂਜੇ ਦੀ ਪੂਰਕਤਾ ਵਿਚ ਕੰਮ ਕਰਦੀਆਂ ਰਹੀਆਂ ਸਨ ਅਤੇ 1925 ਦੇ ਐਕਟ ਰਾਹੀਂ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਵਿਧਾਨਕ ਮਾਨਤਾ ਦਿੱਤੀ ਗਈ ਸੀ ਅਤੇ ਇਸ ਵਿਚ ਕਿਸੇ ਕਿਸਮ ਦੇ ਸਿਆਸੀ ਦਖਲ ਦੀਆਂ ਸੰਭਾਵਨਾਵਾਂ ਦੇ ਰਾਹ ਬੰਦ ਕਰ ਦਿੱਤੇ ਗਏ ਸਨ।

1947 ਤੱਕ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੇ ਹੱਕ ਵਿਚ ਵਰਤਣ ਦੀਆਂ ਮਿਸਾਲਾਂ ਤਾਂ ਮਿਲਦੀਆਂ ਹਨ ਪਰ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਵਾਸਤੇ ਵਰਤਣ ਦੀਆਂ ਬਹੁਤੀਆਂ ਮਿਸਾਲਾਂ ਨਹੀਂ ਮਿਲਦੀਆਂ।ਮਾਸਟਰ ਤਾਰਾ ਸਿੰਘ ਤੱਕ ਬਹੁਤੀਆਂ ਸਮੱਸਿਆਵਾਂ ਪੈਦਾ ਵੀ ਨਹੀਂ ਹੋਈਆਂ, ਕਿਉਂਕਿ ਮਾਸਟਰ ਜੀ ਮੰਨਦੇ ਸਨ ਕਿ ਜੋ ਪੰਥਕ ਨਹੀਂ, ਉਹ ਉਸ ਦੀ ਸਿਆਸਤ ਹੈ।ਏਸੇ ਕਰਕੇ ਜਦੋਂ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਵਿਚ ਸਾਰਾ ਅਕਾਲੀ ਦਲ ਕਾਂਗਰਸ ਵਿਚ ਚਲਾ ਗਿਆ ਸੀ, ਉਸ ਵੇਲੇ ਵੀ ਮਾਸਟਰ ਜੀ ਕਾਂਗਰਸ ਵਿਚ ਨਹੀਂ ਗਏ ਸਨ।ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਵਿਚ ਸਿੱਧਾ ਦਖਲ ਸੰਤ ਫਤਹਿ ਸਿੰਘ ਨਾਲ ਸ਼ੁਰੂ ਹੋਇਆ ਸੀ ਅਤੇ ਇਸ ਵੇਲੇ ਸਿਖਰ ’ਤੇ ਪਹੁੰਚ ਗਿਆ ਹੈ। ਸਿੱਖ-ਸਿਆਸਤ, ਜਿਥੇ ਇਸ ਵੇਲੇ ਪਹੁੰਚ ਗਈ ਹੈ, ਉਸ ਨੇ ਸਿੱਖ-ਭਾਈਚਾਰੇ ਨੂੰ ਫੈਸਲੇ ਲੈਣ ਦੀਆਂ ਵਿਰਾਸਤੀ-ਵਿਧੀਆਂ ਨਾਲੋਂ ਦੂਰ ਕਰ ਲਿਆ ਹੈ।ਇਸ ਨਾਲ ਸਿੱਖ-ਸੁਰ ਵਿਚ ਫੈਸਲੇ ਲੈ ਸਕਣ ਦੀਆਂ ਮੁਸ਼ਕਲਾਂ ਨੂੰ ਸਿਆਸੀ ਢੰਗ ਨਾਲ ਨਿਪਟਾਉਣ ਵਾਲੇ ਰਾਹ ਪਏ ਹੋਏ ਸਿੱਖ-ਸਿਆਸਤਦਾਨ ਉਲਝਨਾਂ ਪੈਦਾ ਕਰੀ ਜਾ ਰਹੇ ਹਨ। ਅਕਾਲੀ ਦਲ ਦੇ ਦਸ ਸਾਲਾਂ ਪਿਛੋਂ ਕੈਪਟਨ-ਸਰਕਾਰ ਦੇ ਆ ਜਾਣ ਨਾਲ ਵਿਹਲੇ ਹੋ ਗਏ ਸਿੱਖ-ਸਿਆਸਤਦਾਨਾਂ ਨੇ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਅਖਾੜਾ ਬਣਾ ਲਿਆ ਹੈ, ਇਹ ਸਿਆਸੀ-ਕਸਰਤ ਤੋਂ ਅੱਗੇ ਤੁਰਦਾ ਨਜ਼ਰ ਨਹੀਂ ਆਉਂਦਾ। ਜਿਹੜੇ ਸਿੱਖ-ਸਿਆਸਤਦਾਨਾਂ ਦੇ ਕਮਜ਼ੋਰ ਸਿਆਸੀ ਧੜਿਆਂ ਕਰਕੇ ਬਾਦਲਕੇ ਲਗਾਤਾਰ ਤਾਕਤ ਵਿਚ ਰਹੇ ਹਨ, ਉਹ ਇਕ ਵਾਰ ਫਿਰ ਬਾਦਲਕਿਆਂ ਕੋਲੋਂ ਸ਼੍ਰੋਮਣੀ ਕਮੇਟੀ ਖੋਹਣ ਦੀ ਸਿਆਸਤ ਕਰਣ ਲੱਗ ਪਏ ਹਨ। 

ਇਨ੍ਹਾਂ ਧਿਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਿਆਸੀ-ਫੱਟਿਆਂ ਨੇ ਉਨ੍ਹਾਂ ਦੀ ਸਿਆਸੀ-ਸਾਖ ਨੂੰ ਲਗਾਤਾਰ ਕਮਜ਼ੋਰ ਕੀਤਾ ਹੈ ਅਤੇ ਇਸ ਕਮਜ਼ੋਰੀ ਦਾ ਬਾਦਲਕਿਆਂ ਨੇ ਲਗਾਤਾਰ ਸਿਆਸੀ ਲਾਹਾ ਲਿਆ ਹੈ। ਬਾਦਲਕਿਆਂ ਦੇ ਵਿਰੋਧੀਆਂ ਦੀ ਇਹੀ ਕਮਜ਼ੋਰੀ ਬਾਦਲਕਿਆਂ ਦੇ ਕੰਮ ਆਉਂਦੀ ਰਹੀ ਹੈ। ਹੁਣ ਵੀ ਹੋ ਰਹੀਆਂ ਸਿਆਸੀ ਕੋਸ਼ਿਸ਼ਾਂ ਦੀ ਸੇਧ ਜਿੰਨੀ ਬਾਦਲਕਿਆਂ ਦੇ ਖਿਲਾਫ ਹੈ, ਉਸ ਨਾਲੋਂ ਵੱਧ ਇਕ ਦੂਜੇ ਦੇ ਖਿਲਾਫ ਹੈ। ਇਹ ਠੀਕ ਹੈ ਕਿ ਬਾਦਲਕਿਆਂ ਦੀ ਸਿੱਖ-ਸਾਖ ਅਤੇ ਸਿਆਸੀ-ਸਾਖ ਨੂੰ ਬਹੁਤ ਧੱਕਾ ਲੱਗਿਆ ਹੈ ਅਤੇ ਇਸ ਨਾਲ ਬਾਦਲਕਿਆਂ ਦੇ ਬਦਲ ਲਈ ਸਿਆਸੀ ਸਪੇਸ ਪੈਦਾ ਹੋ ਗਈ ਹੈ।ਇਹ ਵੀ ਠੀਕ ਹੈ ਕਿ ਇਸ ਸਪੇਸ ਦਾ ਲਾਹਾ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਲਿਆ ਜਾ ਸਕਦਾ ਹੈ।ਇਹ ਨਹੀਂ ਭੁੱਲਣਾ ਚਾਹੀਦਾ ਕਿ ਪੈਦਾ ਹੋਈ ਸਪੇਸ, ਸਿੱਖ-ਸੰਸਥਾਵਾਂ ਨੂੰ ਸਿੱਖ-ਸਿਆਸਤ ਤੋਂ ਮੁਕਤ ਕਰਾਉਣ ਨਾਲ ਜੁੜੀ ਹੋਈ ਹੈ।ਇਸ ਹਾਲਤ ਵਿਚ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਸਿਆਸੀ ਬਦਲ ਸਾਹਮਣੇ ਆ ਸਕਣ ਦੀਆਂ ਸੰਭਾਵਨਾਵਾਂ ਬਹੁਤ ਮੱਧਮ ਹਨ।ਪਿਛਲੀ ਕੈਪਟਨ ਸਰਕਾਰ ਵੇਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵਿਚ ਸਿਆਸੀ ਬਦਲ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਸਨ, ਪਰ ਉਸ ਨੂੰ ਦਿੱਲੀ ਦੇ ਸਿਆਸੀ ਦਖਲ ਨੇ ਸਿਰੇ ਨਹੀਂ ਚੜ੍ਹਣ ਦਿੱਤਾ ਸੀ। ਇਸ ਦਾ ਅਰਥ ਇਹ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਪ੍ਰਬੰਧਕੀ ਬਦਲਾਵ, ਸਿਆਸੀ-ਸੁਰ ਵਿਚ ਨਹੀਂ ਲਿਆਂਦਾ ਜਾ ਸਕਦਾ। ਸਾਧ ਸੰਗਤ ਬੋਰਡ ਏਸੇ ਕਰਕੇ ਹਾਰਿਆ ਸੀ।ਅਕਾਲੀਆਂ ਦੇ ਸ਼੍ਰੋਮਣੀ ਕਮੇਟੀ ਉਤੇ ਕਬਜ਼ੇ ਦਾ ਭੇਦ ਵੀ ਏਸੇ ਵਿਚ ਲੁਕਿਆ ਹੋਇਆ ਹੈ। ਇਸ ਵਿਚ ਜੋ ਸਫਲਤਾ ਬਾਦਲਕਿਆਂ ਨੂੰ ਮਿਲ ਗਈ ਹੈ, ਉਹ ਆਪਣੀ ਕਿਸਮ ਦੀ ਪਹਿਲੀ ਹੀ ਕਹਿਣੀ ਚਾਹੀਦੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ, ਅਕਾਲੀ ਦਲ ਅਤੇ ਸਰਕਾਰ ਉਤੇ ਕਬਜ਼ਾ ਜਿਸ ਤਰ੍ਹਾਂ ਇਕੱਲੇ ਪ੍ਰਕਾਸ਼ ਸਿੰਘ ਬਾਦਲ ਦਾ ਹੋ ਗਿਆ ਸੀ, ਉਸ ਤਰ੍ਹਾਂ ਹੋਰ ਕਿਸੇ ਸਿੱਖ ਸਿਆਸਤਦਾਨ ਦਾ ਨ ਹੋਇਆ ਹੈ ਅਤੇ ਨ ਹੋ ਸਕਣਾ ਹੈ।

ਇਸ ਦਾ ਕਾਰਣ ਨਿਰਸੰਦੇਹ ਧਾਰਮਿਕ ਨਹੀਂ ਸਿਆਸੀ ਹੈ।ਸ਼੍ਰੋਮਣੀ ਕਮੇਟੀ ਦਾ ਵੋਟਰ ਅਕਾਲੀ ਕਾਡਰ ਸੀ ਅਤੇ ਹੈ।ਸਹਿਜਧਾਰੀਆਂ ਬਾਰੇ ਫੈਸਲੇ ਨਾਲ ਇਹ ਹੋਰ ਵੀ ਪੱਕਾ ਹੋ ਗਿਆ ਹੈ।ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ ਕਾਡਰ, ਅਕਾਲੀਆਂ ਨਾਲੋ ਟੁੱਟਾ ਨਹੀਂ ਸੀ, ਪਰ ਆਮ ਸਿੱਖ ਨੂੰ ਅਕਾਲੀਆਂ ਦੇ ਹੱਕ ਵਿਚ ਭੁਗਤਾ ਨਹੀਂ ਸਕਿਆ ਸੀ।ਚੋਣ ਨਤੀਜਿਆਂ ਵਿਚ ਬਾਦਲਕਿਆਂ ਦੇ ਵਿਰੋਧੀਆਂ ਦਾ ਕੋਈ ਹੱਥ ਨਹੀਂ ਸੀ ਕਿਉਂਕਿ ਉਹ ਪ੍ਰਗਟ ਅਤੇ ਅਪ੍ਰਗਟ ਰੂਪ ਵਿਚ "ਆਪ" ਦੇ ਹੀ ਹਿਮੈਤੀ ਸਨ। ਇਸ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਬਾਦਲਕਿਆਂ ਕੋਲੋਂ ਸ਼੍ਰੋਮਣੀ ਕਮੇਟੀ ਖੋਹਣੀ ਓਨੀਂ ਸੌਖੀ ਨਹੀਂ ਹੈ, ਜਿੰਨੀ ਅਪ੍ਰਸੰਗਕ ਹੋ ਚੁੱਕੇ ਸਿੱਖ-ਸਿਆਸਤਦਾਨਾਂ ਨੂੰ ਲੱਗਣ ਲੱਗ ਪਈ ਹੈ।ਸ਼੍ਰੋਮਣੀ ਕਮੇਟੀ ਦੀ ਲੜਾਈ ਸਿਆਸੀ-ਸੁਰ ਵਿਚ ਨਹੀਂ ਧਾਰਮਿਕ-ਸੁਰ ਵਿਚ ਹੀ ਲੜੀ ਜਾ ਸਕਦੀ ਹੈ।ਇਸ ਲੜਾਈ ਦਾ ਆਰੰਭ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਂਚੇ ਤੋਂ ਹੋਣਾ ਚਾਹੀਦਾ ਹੈ ਕਿਉਂਕਿ ਬਾਦਲਕਿਆਂ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਪ੍ਰਬੰਧਕੀ ਢਾਂਚੇ ਰਾਹੀਂ ਹੀ ਹੈ।ਇਸ ਵਾਸਤੇ ਪਹਿਲਾ ਕਦਮ ਇਹ ਹੋ ਸਕਦਾ ਹੈ ਕਿ ਪ੍ਰਬੰਧਕੀ ਢਾਂਚਾ, ਜਿਸ ਦਾ ਆਧਾਰ 1925 ਦਾ ਐਕਟ ਹੈ, ਆਪਣੇ ਸਿਆਸੀ ਪ੍ਰਭੂਆਂ ਨੂੰ ਬਚਾਉਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਰਿਹਾ ਹੈ? ਇਹ ਕਿਸ ਨੂੰ ਨਹੀਂ ਪਤਾ ਕਿ ਬਾਦਲਕਿਆਂ ਦੀ ਮਰਜ਼ੀ ਬਿਨਾਂ ਸ਼੍ਰੋਮਣੀ ਕਮੇਟੀ ਵਿਚ ਕੁਝ ਨਹੀਂ ਹੋ ਸਕਦਾ? ਇਹ ਕਿਉਂ ਨਹੀਂ ਪੁੱਛਿਆ ਜਾ ਰਿਹਾ ਕਿ ਚੁਣੇ ਹੋਏ ਅਤੇ ਪਰਖੇ ਹੋਏ ਮੈਂਬਰਾਂ ਨੂੰ ਛੱਡਕੇ ਪ੍ਰਧਾਨ ਕਿਉਂ ਬਣਦੇ ਰਹੇ ਹਨ? ਇਹ ਕਿਸ ਨੂੰ ਨਹੀਂ ਪਤਾ ਕਿ ਬਾਦਲਕਿਆਂ ਦੇ ਲਿਫਾਫੇ ਵਿਚੋਂ ਪ੍ਰਧਾਨ ਨਿਕਲਦੇ ਰਹੇ ਹਨ? ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਰੀੜ੍ਹ ਦੀ ਹੱਡੀ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਹਨ।

ਇਨ੍ਹਾਂ ਦੋਹਾਂ ਸੰਸਥਾ ਮੁਖੀਆਂ ਦੀ ਕਾਰਗੁਜ਼ਾਰੀ ਬਾਰੇ ਹੋ ਚੁੱਕੇ ਖੁਲਾਸੇ ਆਮ ਸਿੱਖ ਤੱਕ ਪਹੁੰਚ ਚੁੱਕੇ ਹਨ।ਇਸ ਦੇ ਬਾਵਜੂਦ ਸੰਸਥਾ ਮੁਖੀਆਂ ਨੂੰ ਕੋਈ ਖਤਰਾ ਨਹੀਂ ਹੈ ਕਿਉਂਕਿ ਬਾਦਲਕੇ ਉਨ੍ਹਾਂ ਦੇ ਨਾਲ ਹਨ ਅਤੇ ਬਾਦਲਕਿਆਂ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਰਾਸਤਾ ਅੰਤ੍ਰਿੰਗ ਕਮੇਟੀ ਉਨ੍ਹਾਂ ਦੇ ਨਾਲ ਹਨ।ਸ਼੍ਰੋਮਣੀ ਕਮੇਟੀ ਤੇ ਕਬਜ਼ੇ ਨੂੰ ਲੈਕੇ ਸਿੱਖ ਸਿਆਸਤਦਾਨਾਂ ਦੇ ਝਗੜੇ ਨੂੰ ਪੰਥਕ-ਮੁੱਦਾ ਨਹੀਂ ਬਨਾਇਆ ਜਾ ਸਕਦਾ।ਏਸੇ ਕਰਕੇ ਕਥਿਤ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਨੂੰ ਵੀ ਕੋਈ ਜਥੇਦਾਰ ਨਹੀਂ ਮੰਨਦਾ।ਹੋਇਆ ਇਹ ਹੈ ਕਿ ਜਥੇਦਾਰ ਥਾਪੇ ਜਾਣ ਤੋਂ ਪਹਿਲਾਂ ਜਿਸ ਦੀ ਜਿੰਨੀ ਕੂ ਵੀ ਪੰਥਕ-ਸਾਖ ਸੀ, ਉਹ ਵੀ ਖੁਰਦੀ ਜਾ ਰਹੀ ਹੈ।ਮੁਸ਼ਕਲ ਇਹ ਹੈ ਕਿ ਫੱਟੇਬਾਜ਼ੀ ਦੀ ਸਿੱਖ ਸਿਆਸਤ ਨੇ ਸਾਂਝੀ-ਸਮਝ ਤੇ ਪਹੁੰਚਣ ਲਈ ਲੋੜੀਂਦੇ ਸਿੱਖ-ਸੰਬਾਦ ਦਾ ਰਾਹ ਹੀ ਰੋਕ ਦਿੱਤਾ ਹੈ।ਨਤੀਜਾ ਇਹ ਨਿਕਲ ਆਇਆ ਹੈ ਕਿ ਜਿਸ ਨੂੰ ਜਿੰਨਾ ਘੱਟ ਪਤਾ ਹੈ, ਉਹ ਓਨਾਂ ਹੀ ਉਚਾ ਅਤੇ ਵੱਧ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਸਿਆਸੀ ਕਾਵਾਂ ਰੌਲੀ ਵਿਚ ਅਸਲ ਮੁਦੇ ਗੁਆਚਦੇ ਜਾ ਰਹੇ ਹਨ।ਜਿਹੜੇ ਏਸੇ ਨੂੰ ਸਿਆਸਤ ਸਮਝਕੇ ਤੁਰੇ ਜਾ ਰਹੇ ਹਨ, ਉਨ੍ਹਾਂ ਤੋਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ।

ਇਸ ਪਿਛੋਕੜ ਵਿਚ ਇਹ ਸੋਚੇ ਜਾਣ ਦੀ ਲੋੜ ਹੈ ਕਿ ਕੀ ਸਿੱਖ-ਸੰਸਥਾਵਾਂ ਨੂੰ ਸਿੱਖ-ਸਿਆਸਤਦਾਨ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਇਸ ਦੇ ਜਵਾਬ ਨਾਲ ਜੁੜੀਆਂ ਹੋਈਆਂ ਧਿਰਾਂ ਵਿਚ ਸਿੱਖ, ਸਿੱਖ-ਪਰਿਵਾਰ, ਸਿੱਖ-ਸਮਾਜ ਅਤੇ ਸਿੱਖ-ਸਿਆਸਤ ਸ਼ਾਮਲ ਹਨ।ਪਹਿਲੀਆਂ ਤਿੰਨ ਧਿਰਾਂ ਦਾ ਚੌਥੀ ਨੇ ਅਪਹਰਣ ਕਰ ਲਿਆ ਹੈ।1925 ਦੇ ਗੁਰਦੁਆਰਾ ਐਕਟ ਵਿਚ ਨਿਸ਼ਮ ਉਪਨਿਯਮ ਬਣਾਕੇ ਅਜਿਹੀਆਂ ਸੰਭਾਵਨਾਵਾਂ ਪੈਦਾ ਕਰ ਲਈਆਂ ਹਨ ਅਤੇ ਜੋ ਹੋ ਰਿਹਾ ਹੈ, ਉਸ ਦੇ ਮੁਤਾਬਿਕ ਹੀ ਹੋ ਰਿਹਾ ਹੈ। ਏਸੇ ਨੂੰ ਬਾਦਲਕੇ ਦਖਲ ਨ ਦੇਣਾ ਕਹਿ ਰਹੇ ਹਨ।ਸਿੱਖ ਦਾ ਸਿੱਖ-ਵੋਟਰ ਹੋ ਜਾਣ ਦਾ ਸਿਆਸੀ ਅਮਲ, ਜਿੱਥੇ ਪਹੁੰਚ ਗਿਆ ਹੈ, ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਸੀ।ਸੋਚਿਆ ਜਾਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਾਂਗਰਸੀ ਨਾਗੋਕੇ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਂਗਰਸੀ ਗੁਰਮੁਖ ਸਿੰਘ ਮੁਸਾਫਰ ਵੇਲੇ ਜੋ ਨੁਕਸਾਨ ਨਹੀਂ ਹੋਏ ਸਨ, ਉਹ ਬਾਦਲਕਿਆਂ ਵੇਲੇ ਕਿਵੇਂ ਅਤੇ ਕਿਉਂ ਹੋਣ ਲੱਗ ਪਏ ਹਨ? ਇਹੋ ਜਿਹੇ ਸਵਾਲਾਂ ਬਾਰੇ ਕਦੇ ਕਦੇ ਟੌਹੜਾ ਸਾਹਿਬ ਬੇਬਾਕ ਟਿਪਣੀਆਂ ਕਰ ਜਾਂਦੇ ਸਨ।ਉਨ੍ਹਾ ਦਾ ਮੱਤ ਸੀ ਬਾਦਲਕਿਆਂ ਤੋਂ ਸ਼੍ਰੋਮਣੀ ਕਮੇਟੀ ਨਹੀਂ ਖੋਹੀ ਜਾ ਸਕਦੀ ਕਿਉਂਕਿ ਸ਼੍ਰੋਮਣੀ ਕਮੇਟੀ ਚੋਣਾ, ਗਰੀਬ ਸਿੱਖ ਦੇ ਵੱਸ ਵਿਚ ਨਹੀਂ ਰਹੀਆਂ।ਦੱਸਦੇ ਹੁੰਦੇ ਸਨ ਕਿ ਮੈਂਬਰਾਂ ਲਈ ਫੈਸਲਾ 60 ਤੇ 40 ਦਾ ਹੁੰਦਾ ਸੀ ਅਤੇ ਸੱਚ 70 ਤੇ 30 ਵਿਚ ਉਘੜਦਾ ਸੀ ਕਿਉਂਕਿ ਬਾਦਲ ਸਾਹਿਬ ਦੇ ਬੰਦਿਆ ਨੂੰ ਜਿਸ ਤਰ੍ਹਾਂ ਮੈਨੂੰ ਟਿਕਟਾਂ ਦੇਣੀਆਂ ਪੈਂਦੀਆ ਹਨ, ਉਸ ਤਰ੍ਹਾਂ ਮੈਂ ਆਪਣੇ ਬੰਦਿਆਂ ਨੂੰ ਟਿਕਟਾਂ ਬਾਦਲ ਸਾਹਿਬ ਤੋਂ ਨਹੀਂ ਦਿਵਾ ਸਕਦਾ ਸੀ।ਜੇ ਟੌਹੜਾ ਸਾਹਿਬ ਵੇਲੇ ਇਹ ਹਾਲ ਸੀ ਤਾਂ ਹੁਣ ਤੇ ਮੈਦਾਨ ਹੀ ਖਾਲੀ ਹੈ।

ਖਾਲੀ ਮੈਦਾਨ ਵਿਚ ਇੱਛਾਵਾਂ ਦੇ ਘੋੜੇ ਤੇ ਚੜ੍ਹੇ ਸਿੱਖ-ਸਿਆਸਤਦਾਨਾਂ ਨੂੰ ਕੌਣ ਸਮਝਾਵੇ ਕਿ ਪੈਰਾਂ ਦਾ ਧਿਆਨ ਰੱਖਕੇ ਕਦਮ ਚੁੱਕੋ? ਅਸਲ ਵਿਚ ਸਿਆਸਤ ਵਿਹਲਿਆਂ ਦਾ ਧੰਦਾ ਹੋ ਗਈ ਹੈ ਅਤੇ ਸਿਆਸਤ ਓਹੀ ਕਰ ਸਕਦਾ ਹੈ, ਜੋ ਧੰਦਾ ਕਰ ਸਕਣ ਦੀ ਸਿਆਸਤ ਕਰ ਸਕਦਾ ਹੈ।ਸਿਆਸੀ ਪ੍ਰਭੂਆਂ ਦੇ ਕਬਜ਼ਿਆਂ ਦੀ ਲੜਾਈ ਨੂੰ ਹੀ ਸਿਆਸਤ ਸਮਝਿਆ ਜਾਣ ਲੱਗ ਪਿਆ ਹੈ।ਸਿਆਸੀ ਪਾਰਟੀਆਂ ਦੇ ਨਿਸ਼ਾਨ ਤੇ ਲੜੀਆਂ ਜਾਂਦੀਆਂ ਸ਼੍ਰੋਮਣੀ ਕਮੇਟੀ ਚੋਣਾ ਨਾਲ ਸਿਆਸਤ, ਸਿੱਖ-ਸੁਭਾ ਦਾ ਹਿੱਸਾ ਹੋ ਗਈ ਹੈ।ਏਸੇ ਕਰਕੇ ਜੋ ਚੋਣ ਨਹੀਂ ਜਿੱਤ ਸਕਦਾ, ਉਹ ਵੀ ਪ੍ਰਧਾਨ ਬਣ ਸਕਦਾ ਹੈ ਅਤੇ ਜੋ ਪ੍ਰਧਾਨ ਬਣ ਜਾਂਦਾ ਹੈ, ਉਹ ਅਕਾਲੀ ਦਲ ਦਾ ਕਾਮਾ ਹੋ ਜਾਂਦਾ ਹੈ।ਇਸ ਤਰ੍ਹਾਂ ਸ਼੍ਰੋਮਣੀ ਕਮੇਟੀ, ਸਿੱਖ-ਸਿਆਸਤ ਵਿਚ ਨਿਓਟਿਆਂ ਦੀ ਓਟ ਹੁੰਦੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ ਅਸਲ ਮੁੱਦਾ, ਪੰਥਨੁਮਾ-ਸਿਆਸਤ ਅਤੇ ਸਿਆਸਤਨੁਮਾ-ਪੰਥਕਤਾ ਦਾ ਭੇੜ ਹੋ ਗਿਆ ਹੈ।ਇਸ ਨਾਲ ਸਿੱਖ-ਪਛਾਣ ਨੂੰ ਸਿੱਖ-ਨੈਤਿਕਤਾ ਉਤੇ ਪਹਿਲ ਪ੍ਰਾਪਤ ਹੋ ਗਈ ਹੈ, ਪਰਿਵਾਰਕ ਭਲਾਈ, ਕੌਮੀ ਭਲਾਈ ਉਤੇ ਭਾਰੂ ਹੋ ਗਈ ਹੈ ਅਤੇ ਸਿੱਖ-ਸਭਿਆਚਾਰ ਅਤੇ ਸਿਆਸੀ-ਸਭਿਆਚਾਰ ਰਲਗੱਡ ਹੋ ਗਏ ਹਨ।ਸਿੱਖ ਸਿਆਸਤਦਾਨਾਂ ਲਈ ਸੱਤਾ ਵਿਚ ਰਹਿਣਾ ਹੀ ਮੰਜ਼ਲ ਹੋ ਗਿਆ ਹੈ ਅਤੇ ਇਸ ਵਾਸਤੇ ਕੁਝ ਵੀ ਕੀਤੇ ਜਾ ਸਕਣ ਨੂੰ ਸਿਆਂਸੀ ਨੈਤਿਕਤਾ ਸਮਝਿਆ ਜਾਣ ਲੱਗ ਪਿਆ ਹੈ।ਸਿਆਸਤ, ਮਾਨਸਿਕਤਾ ਦਾ ਵਰਤਾਰੇ ਮੁਤਾਬਿਕ ਢਲ ਜਾਣ ਦੀ ਕਲਾ ਹੈ ਅਤੇ ਧਰਮ ਅਤੇ ਸਿਆਸਤ ਨੂੰ ਧਰਮ ਦੀ ਕੀਮਤ ਤੇ ਹੀ ਇਕੱਠਿਆਂ ਤੋਰਿਆ ਜਾ ਸਕਦਾ ਹੈ।ਵਿਸ਼ਵਾਸ਼ ਅਤੇ ਵਿਧਾਨਿਕਤਾ ਵਿਚਕਾਰ ਉਲਝੀ ਹੋਈ ਸ਼੍ਰੋਮਣੀ ਕਮੇਟੀ ਕਸੂਤੀ ਫਸੀ ਹੋਈ ਹੈ।ਸਿੱਖ-ਸਿਆਸਤਦਾਨ, ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਇਕ ਦੂਜੇ ਦੀ ਇਕਸੁਰਤਾ ਵਿਚੋਂ ਨਿਕਲਕੇ ਆਪ ਸਹੇੜੀ ਸਿਆਸਤ ਦਾ ਸ਼ਿਕਾਰ ਹੋ ਗਏ ਹਨ।ਤਿੰਨੇ ਇਕ ਦੂਜੇ ਨੂੰ ਵਰਤਣ ਦੀ ਕੋਸ਼ਿਸ਼ ਵਿਚ ਇਕ ਦੂਜੇ ਵਲੋਂ ਵਰਤੇ ਜਾ ਰਹੇ ਹਨ।

ਇਸ ਹਾਲਤ ਵਿਚ ਨਵੀਂ ਧਿਰ ਦੀ ਗੁੰਜਾਇਸ਼ ਪੈਦਾ ਹੋ ਗਈ ਹੈ।ਏਸੇ ਨੂੰ ਲੈਕੇ ਹਾਸ਼ੀਏ ਤੇ ਧੱਕੇ ਹੋਏ ਸਿੱਖ-ਸਿਆਸਤਦਾਨਾਂ ਨੇ ਆਪਾਧਾਪੀ ਮਚਾ ਦਿੱਤੀ ਹੈ।ਇਸ ਆਪਾਧਾਪੀ ਦੇ ਮਾਹੌਲ ਵਿਚ ਜਿਹੜੀਆਂ ਸਿੱਖ-ਧਿਰਾਂ ਚੁੱਪ ਬੈਠੀਆਂ ਹਨ, ਉਨ੍ਹਾਂ ਨਾਲ ਸੰਬਾਦ ਰਚਾਏ ਜਾਣ ਦੀ ਲੋੜ ਹੈ।ਸਿਰ ਜੋੜਕੇ ਬੈਠਣ ਨਾਲ ਰਾਹ ਨਿਕਲਦੇ ਰਹੇ ਹਨ ਅਤੇ ਨਿਕਲ ਸਕਦੇ ਹਨ।ਸਮੱਸਿਆ ਇਹ ਹੈ ਕਿ ਜਿਸ ਕਿਸੇ ਦੀ ਸਿੱਖ-ਸਾਖ ਬਨਣ ਲੱਗਦੀ ਹੈ, ਸਿੱਖ-ਸਿਆਸਤਦਾਨ ਉਸ ਨੂੰ ਨਾਲ ਲੈਕੇ ਆਪਣੇ ਵਰਗਾ ਕਰ ਲੈਂਦੇ ਹਨ।ਜੋ ਸਿਆਸਤਦਾਨ ਨੂੰ ਠੀਕ ਨਹੀਂ ਬੈਠਦਾ ਉਸ ਨੂੰ ਸਬਕ ਸਿਖਾਉਣ ਦੇ ਰਾਹ ਪਾ ਲਿਆ ਜਾਂਦਾ ਹੈ।ਇਸ ਹਾਲਤ ਵਿਚ ਇਹੀ ਸਲਾਹ ਦਿੱਤੀ ਜਾ ਸਕਦੀ ਹੈ ਕਿ ਕਰਕੇ ਸੋਚਣ ਦੀ ਥਾਂ ਸੋਚਕੇ ਕਰਣ ਵਾਲੇ ਰਾਹ ਤੁਰਨਾ ਚਾਹੀਦਾ ਹੈ।ਅਜਿਹਾ ਬਾਣੀ ਦੀ ਅਗਵਾਈ ਵਿਚ ਸੌਖਿਆ ਹੋ ਸਕਦਾ ਹੈ ਕਿਉਂਕਿ ਸਿੱਖ-ਵਿਸ਼ਵਾਸ਼ ਦੀ ਇਹ ਧੁਰੋਹਰ, ਸਿੱਖ-ਸਿਆਸਤਦਾਨਾਂ ਤੋਂ ਇਸ ਕਰਕੇ ਬਚੀ ਹੋਈ ਹੈ ਕਿਉਂਕਿ ਉਨ੍ਹਾਂ ਅੰਦਰ ਵੀ ਗੁਰੂ ਦਾ ਨਿਰਮਲ ਭਉ ਅਜੇ ਮਰਿਆ ਨਹੀਂ ਹੈ।
 

rajwinder kaur

This news is Content Editor rajwinder kaur