ਧਿਆਨ ਸਿੰਘ ਮੰਡ ਵਲੋਂ 20 ਦਸੰਬਰ ਨੂੰ ਅਗਲੀ ਰਣਨੀਤੀ ਦਾ ਐਲਾਨ

12/11/2018 7:04:28 PM

ਅੰਮ੍ਰਿਤਸਰ (ਸੁਮਿਤ)— ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ 'ਚ ਲਗਾਏ ਇਨਸਾਫ਼ ਮੋਰਚੇ ਨੂੰ ਸਫਲ ਕਰਾਰ ਦਿੱਤਾ ਹੈ। ਬਰਗਾੜੀ ਮੋਰਚੇ ਦੀ ਫਤਿਹ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ 20 ਦਸੰਬਰ ਨੂੰ ਇਸ ਸੰਬੰਧੀ ਅਗਲੀ ਮੀਟਿੰਗ ਹੋਵੇਗੀ ਜਿਸ ਵਿਚ ਬਰਗਾੜੀ ਮੋਰਚੇ ਤੋਂ ਬਾਅਦ ਅਗਲੀ ਰਣਨੀਤੀ ਬਾਰੇ ਵਿਚਾਰ ਕੀਤਾ ਜਾਵੇਗਾ।
ਜਥੇਦਾਰ ਮੰਡ ਨੇ ਕਿਹਾ ਕਿ ਸਰਕਾਰ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਨੇ ਇਹ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਵੀ ਜਲਦ ਕਰਵਾਈ ਜਾਵੇਗੀ, ਜਿਨ੍ਹਾਂ ਦੀ ਸੂਚੀ ਸਰਕਾਰ ਨੂੰ ਦਿੱਤੀ ਗਈ ਹੈ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਦਿਲਬਾਗ ਸਿੰਘ ਦੀ ਜੇਲ 'ਚੋਂ ਰਿਹਾਈ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਕੁਝ ਮਸਲਿਆਂ 'ਤੇ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਸਰਕਾਰ ਹੱਲ ਕਰਵਾਏਗੀ। ਮੰਡ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਚੈਨ ਨਾਲ ਨਹੀਂ ਬੈਠਣਗੇ। ਪੰਜਾਬ ਦੀਆਂ ਮੰਗਾਂ ਲਈ ਸਮੇਂ-ਸਮੇਂ 'ਤੇ ਉਹ ਸੰਘਰਸ਼ ਕਰਦੇ ਰਹਿਣਗੇ। 
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਗੈਰ-ਮੌਜੂਦਗੀ 'ਤੇ ਭਾਈ ਮੰਡ ਨੇ ਕਿਹਾ ਕਿ ਦਾਦੂਵਾਲ ਅੱਜ ਦੀਵਾਨਾਂ ਵਿਚ ਰੁੱਝੇ ਹਨ, ਜਿਸ ਕਾਰਨ ਉਹ ਇੱਥੇ ਨਹੀਂ ਪੁੱਜ ਸਕੇ ਪਰ ਉਹ ਇਕੱਠੇ ਹੋ ਕੇ ਲੜਾਈ ਲੜਨਗੇ। ਇਸ ਦੇ ਨਾਲ ਬਾਦਲ ਪਰਿਵਾਰ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਸੇਵਾ ਨੂੰ ਮੰਡ ਨੇ ਡਰਾਮਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਗੁਨਾਹਾਂ ਦੀ ਸਿਰਫ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

Gurminder Singh

This news is Content Editor Gurminder Singh