ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਪੁਲਸ ਨੇ ਲਿਆ ਹਿਰਾਸਤ ''ਚ

10/18/2019 6:15:46 PM

ਤਲਵੰਡੀ ਸਾਬੋ (ਮੁਨੀਸ਼) : ਸਰਬੱਤ ਖਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਸ਼ੁੱਕਰਵਾਰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕੌਮਾਂਤਰੀ ਨਗਰ ਕੀਰਤਨ ਦੀ ਰਵਾਨਗੀ ਮੌਕੇ ਸ਼ਮੂਲੀਅਤ ਕਰਨ ਆਏ ਸਨ ਕਿ ਵਾਪਸੀ ਦੌਰਾਨ ਐੱਸ. ਪੀ. ਬਠਿੰਡਾ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। 

ਇਸ ਦੀ ਪੁਸ਼ਟੀ ਭਾਈ ਦਾਦੂਵਾਲ ਦੇ ਸੇਵਾਦਾਰ ਜਗਮੀਤ ਸਿੰਘ ਨੇ ਕੀਤੀ ਹੈ। ਪਤਾ ਲੱਗਾ ਹੈ ਕਿ ਗ੍ਰਿਫਤਾਰੀ ਪਿੱਛੇ ਸਿਵਲ ਲਾਈਨ ਬਠਿੰਡਾ ਦਾ ਮਾਮਲਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਫਿਲਹਾਲ ਕਿਸੇ ਪੁਲਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਕੀ ਹੈ ਮਾਮਲਾ 
ਦਰਅਸਲ ਭਾਈ ਬਲਜੀਤ ਸਿੰਘ ਦਾਦੂਵਾਲ ਵਲੋਂ ਬਠਿੰਡਾ ਦੇ ਸਿਵਲ ਲਾਈਨ ਸਥਿਤ ਗੁਰੂ ਨਾਨਕ ਲਾਈਬ੍ਰੇਰੀ ਹਾਲ ਵਿਚ ਆਉਣ ਵਾਲੀ 20 ਤਾਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪੁਰਬ ਮਨਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਠਿੰਡਾ ਪੁਲਸ ਵਲੋਂ ਸਿਵਲ ਲਾਈਨ ਕਲੱਬ ਨੂੰ ਪੁਲਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਅਤੇ ਧਾਰਾ 145 ਲਗਾ ਦਿੱਤੀ ਗਈ। ਸੂਤਰਾਂ ਮੁਤਾਬਕ ਭਾਈ ਬਲਜੀਤ ਸਿੰਘ ਵਲੋਂ ਬਿਨਾਂ ਇਜਾਜ਼ਤ ਸਿਵਲ ਲਾਈਨ 'ਚ ਸਮਾਗਮ ਕਰਵਾਉਣ ਦੇ ਐਲਾਨ ਕਾਰਨ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

Gurminder Singh

This news is Content Editor Gurminder Singh