ਵੈਟਰਨਰੀ ਡਾਕਟਰਾਂ ਨੂੰ ਵੀ ਮਾਨਵੀ ਡਾਕਟਰਾਂ ਦੀ ਤਰਜ਼ ''ਤੇ ਮਿਲੇਗੀ ਤਨਖਾਹ : ਸਿੱਧੂ

05/05/2018 5:09:56 AM

ਲੁਧਿਆਣਾ(ਸਲੂਜਾ)-ਪੰਜਾਬ ਦੇ ਪਸ਼ੂ ਪਾਲਣ ਮੰਤਰੀ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੈਟਰਨਰੀ ਡਾਕਟਰਾਂ ਨੂੰ ਤਿੰਨ ਸਾਲ ਤੱਕ ਮਿਲ ਰਹੀ ਬੇਸਿਕ ਤਨਖਾਹ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਹਾ ਕਿ ਇਸ ਸਬੰਧ ਵਿਚ ਮੁੱਖ ਮੰਤਰੀ ਨਾਲ ਮੀਟਿੰਗ ਕਰ ਕੇ ਨਿਪਟਾਰਾ ਕਰਵਾਉਣਗੇ ਤਾਂ ਕਿ ਵੈਟਰਨਰੀ ਡਾਕਟਰਾਂ ਨੂੰ ਵੀ ਮਾਨਵੀ ਡਾਕਟਰਾਂ ਦੀ ਤਰਜ਼ 'ਤੇ ਤਨਖਾਹ ਅਤੇ ਹੋਰ ਸੁਵਿਧਾਵਾਂ ਮਿਲ ਸਕਣ। ਪਸ਼ੂ ਪਾਲਣ ਮੰਤਰੀ ਪੰਜਾਬ ਸਿੱਧੂ ਅੱਜ ਇਥੇ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਦੌਰੇ ਦੌਰਾਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਸਮੇਤ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਰੂ-ਬਰੂ ਹੋਏ।
ਕਿਸਾਨਾਂ ਦੀ ਦਿਸ਼ਾ ਤੇ ਦਸ਼ਾ ਨੂੰ ਸੁਧਾਰਾਂਗੇ
ਪੰਜਾਬ ਸਰਕਾਰ ਗਡਵਾਸੂ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਸਹਿਯੋਗ ਲੈ ਕੇ ਪੰਜਾਬ ਦੇ ਕਿਸਾਨਾਂ ਦੀ ਦਿਸ਼ਾ ਅਤੇ ਦਸ਼ਾ ਨੂੰ ਸੁਧਾਰਨ ਦੇ ਨਾਲ ਹੀ ਪਸ਼ੂਆਂ ਦੇ ਨਸਲ ਸੁਧਾਰ ਅਤੇ ਦੁੱਧ ਦੀ ਕੁਆਲਟੀ ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਤਹਿਤ ਸਹਾਇਕ ਧੰਦਿਆਂ ਅਤੇ ਮੰਡੀਕਰਨ ਪ੍ਰਤੀ ਜਾਗਰੂਕ ਕਰਨ ਲਈ ਵੀ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਤਾਂ ਕਿ ਇਸ ਸਬੰਧ 'ਚ ਸੰਦੇਸ਼ ਘਰ-ਘਰ ਪਹੁੰਚ ਸਕੇ।
ਜ਼ਿਲਾ ਪੱਧਰ 'ਤੇ ਬਣਨਗੇ ਮਾਡਲ ਛੱਪੜ
ਮੱਛੀ ਪਾਲਣ ਦੇ ਪ੍ਰਤੀ ਕਿਸਾਨਾਂ 'ਚ ਦਿਲਚਸਪੀ ਵਧਾਉਣ ਨੂੰ ਲੈ ਕੇ ਹੁਣ ਜ਼ਿਲਾ ਪੱਧਰ 'ਤੇ ਮਾਡਲ ਛੱਪੜ ਤਿਆਰ ਕਰਨ ਦੀ ਸਰਕਾਰ ਦੀ ਯੋਜਨਾ ਹੈ।
ਪਸ਼ੂ ਹਸਪਤਾਲ ਦਾ ਲਿਆ ਜਾਇਜ਼ਾ 
ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦਾ ਜਾਇਜ਼ਾ ਲੈਣ ਦੇ ਨਾਲ ਹੀ ਮੰਤਰੀ ਸਿੱਧੂ ਨੇ ਵੈਟਰਨਰੀ ਸਾਇੰਸ ਕਾਲਜ ਦੇ ਵੱਖ-ਵੱਖ ਵਿਭਾਗਾਂ, ਪੋਲਟਰੀ ਫਾਰਮ, ਫਿਸ਼ਰੀਜ਼ ਕਾਲਜ, ਡੇਅਰੀ ਸਾਇੰਸ ਅਤੇ ਟੈਕਨਾਲੋਜੀ ਕਾਲਜ ਦਾ ਦੌਰਾ ਕੀਤਾ।
ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਲਈ ਫੀਡ ਬੈਕ
ਯੂਨੀਵਰਸਿਟੀ 'ਚ ਸਭ ਕੁੱਝ ਚੰਗਾ ਚੱਲ ਰਿਹਾ ਹੈ। ਪਸ਼ੂ ਪਾਲਣ ਅਤੇ ਡੇਅਰੀ ਫਾਰਮਿੰਗ ਦੀ ਪ੍ਰਮੋਸ਼ਨ ਲਈ ਅਤੇ ਕੀ ਕੁੱਝ ਕੀਤਾ ਜਾ ਸਕਦਾ ਹੈ ਆਦਿ ਸਵਾਲਾਂ ਦੇ ਨਾਲ ਮੰਤਰੀ ਸਿੱਧੂ ਨੇ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਫੀਡਬੈਕ ਲਈ।
ਦੁੱਧ ਕੁਆਲਿਟੀ ਦੀ ਜਾਂਚ ਬਾਰੇ ਲਈ ਜਾਣਕਾਰੀ 
ਪਸ਼ੂ ਪਾਲਣ ਮੰਤਰੀ ਨੇ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਗਈ ਦੁੱਧ ਕਵਾਲਿਟੀ ਜਾਂਚਣ ਵਾਲੀ ਅਤੇ ਦੁੱਧ ਨੂੰ ਠੰਡਾ ਕਰਨ ਵਾਲੀ ਮਸ਼ੀਨ ਸਬੰਧੀ ਜਾਣਕਾਰੀ ਲੈਂਦੇ ਹੋਏ ਇਸਦੀ ਪ੍ਰਸ਼ੰਸਾ ਵੀ ਕੀਤੀ। ਇਸ ਮੌਕੇ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਡਾ. ਅਮਰਜੀਤ ਸਿੰਘ, ਨਿਰਦੇਸ਼ਕ ਡੇਅਰੀ ਵਿਕਾਸ ਵਿਭਾਗ ਇੰਦਰਜੀਤ ਸਿੰਘ, ਮਦਨ ਮੋਹਨ ਨਿਰਦੇਸ਼ਕ ਅਤੇ ਵਾਰਡਨ ਆਦਿ ਮੌਜੂਦ ਸਨ।