ਬਾਜਵਾ ਵਲੋਂ ਪਾਰਟੀ ਦੇ ਵਿਦੇਸ਼ ਮਾਮਲਿਆਂ ਬਾਰੇ ਉੱਚ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ

06/29/2019 8:49:27 PM

ਚੰਡੀਗਡ਼੍ਹ (ਭੁੱਲਰ)-ਰਾਜ ਸਭਾ ਦੇ ਮੌਜੂਦਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੀ ਹਾਰ ਕਾਰਨ ਪਾਰਟੀ ਦੇ ਵਿਦੇਸ਼ ਮਾਮਲਿਆਂ ਬਾਰੇ ਉੱਚ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਸੂਬੇ ’ਚ ਉਮੀਦ ਮੁਤਾਬਿਕ ਪਾਰਟੀ ਨੂੰ ਮਿਸ਼ਨ-13 ’ਚ ਸਫ਼ਲਤਾ ਨਾ ਮਿਲਣ ਦੇ ਮਾਮਲੇ ’ਚ ਨੈਤਿਕ ਤੌਰ ’ਤੇ ਜ਼ਿੰਮਵਾਰੀ ਲਈ ਹੈ। ਉਨ੍ਹਾਂ ਪਾਰਟੀ ਦੇ ਸੰਗਠਨ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਰਾਹੀਂ ਭੇਜੇ ਗਏ ਅਸਤੀਫ਼ੇ ’ਚ ਰਾਹੁਲ ਗਾਂਧੀ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਅਸਤੀਫ਼ਾ ਵਾਪਸ ਲੈ ਕੇ ਅਗਵਾਈ ਸੰਭਾਲਣ ਤੇ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਰ੍ਹਾਂ ਪੁਨਰਗਠਨ ਕਰ ਕੇ ਨਵਾਂ ਢਾਂਚਾ ਬਣਾਉਣ। ਉਨ੍ਹਾਂ ਰਾਹੁਲ ਗਾਂਧੀ ਦੇ ਵਿਚਾਰ ਦਾ ਸਮਰਥਨ ਕਰਦਿਆਂ ਕਿਹਾ ਕਿ ਪਾਰਟੀ ਦੀ ਹੋਈ ਵੱਡੀ ਹਾਰ ਲਈ ਸਮੁੱਚੀ ਲੀਡਰਸ਼ਿਪ ਨੂੰ ਜ਼ਿੰਮੇਵਾਰੀ ਕਬੂਲ ਕਰ ਕੇ ਅਹੁਦੇ ਛੱਡ ਦੇਣੇ ਚਾਹੀਦੇ ਹਨ। ਇਸ ਲਈ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੋਂ ਆਗੂਆਂ ਨੂੰ ਸਬਕ ਲੈਣਾ ਚਾਹੀਦਾ ਹੈ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਨੈਤਿਕ ਜ਼ਿੰਮੇਵਾਰੀ ਕਬੂਲਦਿਆਂ ਹਾਰ ਲਈ ਅਸਤੀਫ਼ਾ ਦਿੱਤਾ।
ਉਨ੍ਹਾਂ ਕਿਹਾ ਕਿ ਹੁਣ ਰਾਹੁਲ ਗਾਂਧੀ ਨੂੰ ਚਾਹੀਦਾ ਹੈ ਕਿ ਉਹ ਹੁਣ ਪਾਰਟੀ ਕਾਡਰ ’ਚੋਂ ਨਿਰਾਸ਼ਾ ਦੂਰ ਕਰਨ ਲਈ ਅਸਤੀਫ਼ਾ ਵਾਪਸ ਲੈ ਕੇ ਅਗਵਾਈ ਸੰਭਾਲਣ ਤੇ ਉਨ੍ਹਾਂ ਨੂੰ ਪਾਰਟੀ ’ਚ ਉਪਰ ਤੋਂ ਹੇਠਾਂ ਤੱਕ ਤਬਦੀਲੀ ਕਰ ਕੇ ਸੰਗਠਨ ਨੂੰ ਨਵੀਂ ਦਿਸ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਪੈਦਾ ਹੋਏ ਸੰਕਟ ਨੂੰ ਦੂਰ ਕਰਨ ਲਈ ਸੰਗਠਨ ਦਾ ਪੂਰੀ ਤਰ੍ਹਾਂ ਪੁਨਰਗਠਨ ਜ਼ਰੂਰੀ ਹੈ।

Sunny Mehra

This news is Content Editor Sunny Mehra