ਬਾਜਵਾ ਨੇ ਕੀਤਾ ਸਰਹੱਦੀ ਸੈਕਟਰ ਡੇਰਾ ਬਾਬਾ ਨਾਨਕ ਦਾ ਦੌਰਾ

10/06/2016 4:41:36 PM

ਗੁਰਦਾਸਪੁਰ/ਡੇਰਾ ਬਾਬਾ ਨਾਨਕ— ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੀਤੀ ਰਾਤ ਸਰਹੱਦੀ ਸੈਕਟਰ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਰੱਤੜ ਛੱਤੜ, ਠੇਠਰਕੇ ਆਦਿ ਪਿੰਡਾਂ ਦਾ ਦੌਰਾ ਕਰਨ ਉਪਰੰਤ ਸਰਹੱਦੀ ਪਿੰਡ ਠੇਠਰਕੇ ''ਚ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਜਸਦੀਪ ਸਿੰਘ ਠੇਠਰਕੇ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਕਿ ਉਹ ਜੰਮੂ ਕਸ਼ਮੀਰ ਦੀ ਤਰਜ'' ਤੇ ਹਿੰਦ-ਪਾਕਿ ਕੌਮਾਂਤਰੀ ਸਰਹੱਦ ਨਾਲ ਸਥਿਤ ਪਿੰਡਾਂ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਦੀਆਂ ਡਿਫੈਂਸ ਕਮੇਟੀਆਂ ਬਣਾਉਣ ਅਤੇ ਪੰਜਾਬ ਸਰਕਾਰ ਵਲੋਂ ਵਰਤੋਂ ਵਿਚੋਂ ਬਾਹਰ ਕੱਢ ਕੇ ਰੱਖੀਆਂ ਥ੍ਰੀ ਨਾਟ ਥ੍ਰੀ ਦੀਆਂ ਰਾਈਫਲਾਂ ਕਮੇਟੀਆਂ ਨੂੰ ਦੇ ਦੇਣ, ਜਿਸ ਨਾਲ ਬੇਰੋਜ਼ਗਾਰੀ ''ਤੇ ਵੀ ਲਗਾਮ ਲੱਗ ਜਾਵੇਗੀ ਅਤੇ ਇਸ ਨਾਲ ਸਰਹੱਦੀ ਖੇਤਰ ਦੇ ਪਿੰਡ ਵੀ ਸੁਰੱਖਿਅਤ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਵਿਚ ਇਹ ਕਮੇਟੀਆਂ ਭਾਰਤੀ ਸਰਹੱਦ ਨਾਲ ਲਗਦੀਆਂ ਸਰਹੱਦਾਂ ਦੀਆਂ ਅਹਿਮ ਸੂਚਨਾਵਾਂ ਵੀ ਸੁਰੱਖਿਆ ਬਲਾਂ ਨੂੰ ਦਿੰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਵਿਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰ 3 ਤੋਂ 5 ਹਜ਼ਾਰ ਰੁਪਏ ਮਾਣ ਭੱਤਾ ਦੇਵੇ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਵੀ ਥੋੜੇ ਜਿਹੇ ਮਾਣਭੱਤੇ ਨਾਲ ਹੀ ਅਜਿਹੀਆਂ ਕਮੇਟੀਆਂ ਵਧੀਆ ਕੰਮ ਕਰ  ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਾਦਲ ਨੂੰ ਕਿਹੜਾ ਜੰਗ ਬਾਰੇ ਇਲਹਾਮ ਹੋਇਆ ਹੈ, ਜੋ ਉਹ ਸਰਹੱਦੀ ਪਿੰਡਾਂ ਦਾ ਉਜਾੜਾ ਕਰਕੇ ਲੋਕਾਂ ਨੂੰ ਜ਼ਬਰਦਸਤੀ ਕੈਂਪਾਂ ਵਿਚ ਲਿਜਾਣ ਲਈ ਕਾਹਲੇ ਪਏ ਹੋਏ ਹਨ। 
ਪ੍ਰਤਾਪ ਸਿੰਘ ਬਾਜਵਾ ਨੇ ਅੱਗੇ ਕਿਹਾ ਕਿ ਇਹ ਸਮਾਂ ਕਿਸਾਨਾਂ ਲਈ ਬੜਾ ਹੀ ਮਹੱਤਵਪੂਰਨ ਹੈ, ਕਿਉਂਕਿ ਝੋਨੇ ਦੀ ਫਸਲ ਦੀ ਕਟਾਈ ਚੱਲ ਰਹੀ ਹੈ। ਜਿਸ ਕਾਰਨ ਕਿਸੇ ਵੀ ਕੀਮਤ ''ਤੇ ਆਪਣੀਆਂ ਫਸਲਾਂ ਨੂੰ ਛੱਡ ਕੇ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਸਰਹੱਦ ਉੱਪਰ ਫੌਜ ਦੀ ਕੋਈ ਹਰਕਤ ਦਿਖਾਈ ਨਹੀਂ ਦੇ ਰਹੀ ਪਰ ਕਿਸਾਨ ਕਿਸ ਦੀ ਜ਼ਿੰਮੇਵਾਰੀ ''ਤੇ ਆਪਣੀਆਂ ਪੱਕੀਆਂ ਫਸਲਾਂ ਅਤੇ ਪਸ਼ੂ ਆਦਿ ਛੱਡ ਕੇ ਜਾਣ, ਕਿਉਂਕਿ ਸਰਕਾਰ ਵਲੋਂ ਸਿਰਫ ਲੋਕਾਂ ਲਈ ਹੀ ਕੈਂਪ ਬਣਾਏ ਗਏ ਹਨ ਅਤੇ ਕਿਸਾਨ ਆਪਣੇ ਪਸ਼ੂ ਕਿੱਥੇ ਛੱਡ ਕੇ ਆਉਣ। 
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਅਤੇ ਰਾਜਸਥਾਨ ਸੂਬਿਆਂ ਵਿਚ ਕਿਧਰੇ ਵੀ ਸਰਕਾਰ ਨੇ ਸਰਹੱਦੀ ਪੱਟੀ ਦੇ ਪਿੰਡ ਖਾਲੀ ਕਰਵਾਉਣ ਦੀ ਗੱਲ ਨਹੀਂ ਕੀਤੀ ਅਤੇ ਪੰਜਾਬ ਨੂੰ ਕਿਉਂ ਉਜਾੜਿਆ ਜਾ ਰਿਹਾ ਹੈ। ਇਸ ਮੌਕੇ ਇੰਦਰਜੀਤ ਸਿੰਘ ਰੰਧਾਵਾ, ਸਾਬਕਾ ਚੇਅਰਮੈਨ ਓਮ ਪ੍ਰਕਾਸ਼ ਸਲਹੋਤਰਾ, ਸਾਬਕਾ ਬਲਾਕ ਕਾਂਗਰਸ ਪ੍ਰਧਾਨ ਕਲਾਨੌਰ ਸੋਹਣ ਸਿੰਘ ਔਜਲਾ, ਪ੍ਰਦੀਪ ਸੱਚਰ ਕਲਾਨੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Disha

This news is News Editor Disha