ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ : ਕੇ. ਪੀ. ਦੇ ਘਰ ਮੁਲਾਕਾਤ ਦੌਰਾਨ ਆਹਮੋ-ਸਾਹਮਣੇ ਹੋਏ ਬਾਜਵਾ ਤੇ ਵੇਰਕਾ

04/08/2023 1:26:54 AM

ਜਲੰਧਰ (ਚੋਪੜਾ) : ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਉਮੀਦਵਾਰ ਨੂੰ ਲੈ ਕੇ ਸਿਆਸੀ ਪਾਰਟੀਆਂ ਵਿਚ ਚੁੱਕ-ਥੱਲ ਦੀ ਸਥਿਤੀ ਅਜੇ ਰੁਕਣ ਦਾ ਨਾਂ ਨਹੀਂ ਲੈ ਰਹੀ। ਅੱਜ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੇ ਘਰ ਉਨ੍ਹਾਂ ਨਾਲ ਮੁਲਾਕਾਤ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਭਾਜਪਾ ਆਗੂ ਡਾ. ਰਾਜ ਕੁਮਾਰ ਵੇਰਕਾ ਉਸ ਸਮੇਂ ਆਹਮੋ-ਸਾਹਮਣੇ ਹੋ ਗਏ, ਜਦੋਂ ਦੋਵੇਂ ਆਗੂ ਕੇ. ਪੀ. ਨੂੰ ਮਿਲਣ ਲਗਭਗ ਇਕ ਹੀ ਸਮੇਂ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚ ਗਏ। ਹਾਲਾਂਕਿ ਇਸ ਮੀਟਿਗ ਨੂੰ ਸਿਰਫ਼ ਰਸਮੀ ਕਿਹਾ ਜਾ ਰਿਹਾ ਹੈ ਪਰ ਡਾ. ਰਾਜ ਕੁਮਾਰ ਵੇਰਕਾ ਵੱਲੋਂ 3-4 ਘੰਟਿਆਂ ਅੰਦਰ 2 ਵਾਰ ਕੇ. ਪੀ. ਨਾਲ ਮੁਲਾਕਾਤ ਕਰਨ ਜਾਣਾ ਜ਼ਿਮਨੀ ਚੋਣ ਨੂੰ ਲੈ ਕੇ ਨਵੀਆਂ ਚਰਚਾਵਾਂ ਛੇੜ ਗਿਆ ਹੈ।

ਇਹ ਵੀ ਪੜ੍ਹੋ : ਗੱਡੀ ਛੱਡ ਕੇ ਪਾਕਿਸਤਾਨ ਗਏ ਸ਼ੱਕੀ ਵਿਅਕਤੀ ਨੂੰ BSF ਤੇ ਭਾਰਤੀ ਏਜੰਸੀ ਨੇ ਵਾਪਸ ਭਾਰਤ ਲਿਆਂਦਾ

ਵਰਣਨਯੋਗ ਹੈ ਕਿ ਕਾਂਗਰਸ ਨੇ ਤਾਂ ਕਾਫੀ ਸਮਾਂ ਪਹਿਲਾਂ ਸਾਬਕਾ ਸੰਸਦ ਮੈਂਬਰ ਸਵ. ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਐਲਾਨ ਕੇ ਆਪਣੇ ਪੱਤੇ ਖੋਲ੍ਹ ਦਿੱਤੇ ਸਨ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਮਜ਼ਬੂਤ ਉਮੀਦਵਾਰ ਦੀ ਭਾਲ ਕਰਦੇ ਹੋਏ ਕਾਂਗਰਸ ਵਿਚ ਸੰਨ੍ਹ ਲਾ ਕੇ ਵੈਸਟ ਵਿਧਾਨ ਸਭਾ ਹਲਕੇ ਦੇਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਆਪਣੇ ਖੇਮੇ ਵਿਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

ਇਹ ਵੀ ਪੜ੍ਹੋ : ਕਾਲ ਬਣ ਕੇ ਆਇਆ ਬੇਕਾਬੂ ਟਰਾਲਾ, ਗੰਨੇ ਦਾ ਰਸ ਪੀ ਰਹੇ ਵਿਅਕਤੀ ਨੂੰ ਕੁਚਲਿਆ

ਪਰ ਅੱਜ ਵੀ ਕੇਂਦਰ ਵਿਚ ਪਿਛਲੇ 9 ਸਾਲਾਂ ਤੋਂ ਕਾਬਜ਼ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਅਕਾਲੀ ਦਲ-ਬਸਪਾ ਗੱਠਜੋੜ ਆਪਣੇ ਉਮੀਦਵਾਰਾਂ ਦੇ ਨਾਂ ਫਾਈਨਲ ਕਰਨ ਤੋਂ ਕੋਹਾਂ ਦੂਰ ਹੈ। ਇਸੇ ਕਾਰਨ ਅਜੇ ਵੀ ਇਨ੍ਹਾਂ ਸਿਆਸੀ ਪਾਰਟੀਆਂ ਦੀ ਕਾਂਗਰਸ ’ਤੇ ਨਜ਼ਰ ਲੱਗੀ ਹੋਈ ਹੈ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਿਸੰਘ ਚੰਨੀ ਦੇ ਭਾਜਪਾ ਵਿਚ ਸ਼ਾਮਲ ਹੋ ਕੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲੜਨ ਦੀਆਂ ਚਰਚਾਵਾਂ ਵੀ ਕਾਫੀ ਜ਼ੋਰ ਫੜ ਰਹੀਆਂ ਹਨ। ਦੂਜੇ ਪਾਸੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਵੀ ਇਨ੍ਹਾਂ ਪਾਰਟੀਆਂ ਲਈ ਇਕ ਅਜਿਹੀ ਕੁੰਜੀ ਸਾਬਿਤ ਹੋ ਰਹੇ ਹਨ, ਜੋ ਉਮੀਦਵਾਰ ਦੀ ਭਾਲ ਦੇ ਤਾਲੇ ਦੀ ਕੁੰਜੀ ਸਾਬਿਤ ਹੋ ਸਕਦੇ ਹਨ।

ਇਹ ਵੀ ਪੜ੍ਹੋ : 12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਦਾ ਰਿਹਾ ਤਾਇਆ, ਸਹਿਮੀ ਬੱਚੀ ਨੇ ਮਾਂ ਨੂੰ ਦੱਸੀ ਸਾਰੀ ਘਟਨਾ

ਦੂਜੇ ਪਾਸੇ ਕਾਂਗਰਸ ਮਹਿੰਦਰ ਸਿੰਘ ਕੇ. ਪੀ. ਨੂੰ ਸਰਗਰਮ ਕਰਨ ਲਈ ਪੂਰਾ ਜ਼ੋਰ ਲਾ ਰਹੀ ਹੈ। ਇਸੇ ਕੜੀ ਵਿਚ ਅੱਜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਾਜਿੰਦਰ ਬੇਰੀ ਕੇ. ਪੀ.ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ ਪਰ ਸਥਿਤੀ ਉਸ ਸਮੇਂ ਪੇਚੀਦਾ ਹੋ ਗਈ, ਜਦੋਂ ਭਾਜਪਾ ਆਗੂ ਅਤੇ ਕੇ. ਪੀ. ਦੇ ਪਰਿਵਾਰਕ ਦੋਸਤ ਡਾ. ਰਾਜ ਕੁਮਾਰ ਵੇਰਕਾ ਕਾਂਗਰਸ ਆਗੂ ਮਨੋਜ ਅਗਰਵਾਲ ਦੇ ਨਾਲ ਉਨ੍ਹਾਂ ਦੇ ਘਰ ਪਹੁੰਚ ਗਏ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਅਤੇ ਭਾਜਪਾ ਆਗੂਆਂ ਵਿਚਕਾਰ ਕੇ. ਪੀ. ਦੀ ਸਥਿਤੀ ਕੁਝ ਅਸਹਿਜ ਹੋ ਗਈ ਪਰ ਉਨ੍ਹਾਂ ਦਲ ਬਦਲ ਕੇ ਭਾਜਪਾ ਵਿਚ ਸ਼ਾਮਲ ਹੋਣ ਵਰਗੇ ਕਿਸੇ ਵੀ ਮੁੱਦੇ ਨੂੰ ਟੱਚ ਨਹੀਂ ਕੀਤਾ।

Mandeep Singh

This news is Content Editor Mandeep Singh