ਢੀਂਡਸਾ ਵਿਰੁੱਧ ਬਿਆਨਬਾਜ਼ੀ ਕਰਨ ਵਾਲੇ ਬੈਂਸ ਕਾਂਗਰਸ ਤੇ ਬਾਦਲਾਂ ਦੇ ਹੱਥਾਂ ’ਚ ਖੇਡ ਰਹੇ ਹਨ : ਭੋਮਾ

07/27/2020 12:17:14 AM

ਫਤਿਹਗੜ੍ਹ ਸਾਹਿਬ,(ਜਗਦੇਵ)- ਬਾਦਲਾਂ ਨੂੰ ਦਿਨ ਪ੍ਰਤੀ ਦਿਨ ਧੂੜ ਚਟਾਉਣ ਵਾਲੇ ਤੇ ਬਾਦਲਾਂ ਦੇ ਕੈਂਪ ’ਚ ਭੱਗਦੜ ਮਚਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਵਿਰੋਧਤਾ ਕਰਨ ਵਾਲੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਲੁਕਵੇਂ ਤੌਰ ’ਤੇ ਕਾਂਗਰਸ ਤੇ ਬਾਦਲਾਂ ਦੇ ਹੱਥਾਂ ’ਚ ਖੇਡ ਰਹੇ ਹਨ। ਪੰਜਾਬ ਦੀ ਜਨਤਾ ਨੂੰ ਇਨ੍ਹਾਂ ਲੋਕਾਂ ਦੀਆਂ ਚਾਲਾਂ ਤੋਂ ਸੁਚੇਤ ਤੇ ਖ਼ਬਰਦਾਰ ਰਹਿਣਾ ਚਾਹੀਦਾ ਹੈ।

ਅੱਜ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਢੀਂਡਸਾ ਦੇ ਨਜ਼ਦੀਕੀ ਸਾਥੀਆਂ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਅਕਾਲੀ ਆਗੂ ਸਰਬਜੀਤ ਸਿੰਘ ਜੰਮੂ, ਬਲਵਿੰਦਰ ਸਿੰਘ ਖੋਜਕੀਪੁਰ, ਕੁਲਦੀਪ ਸਿੰਘ ਪ੍ਰਧਾਨ ਮਜੀਠੀਆ, ਹਰਸ਼ਰਨ ਸਿੰਘ ਭਾਂਤਪੁਰ ਜੱਟਾਂ ਤੇ ਲਖਬੀਰ ਸਿੰਘ ਖਾਲਸਾ ਟਾਂਡਾ ਨੇ ਇੱਕ ਸਾਂਝੇ ਬਿਆਨ ’ਚ ਬੈਂਸ ਵਲੋਂ ਢੀਂਡਸਾ ਵਿਰੁੱਧ ਦਿੱਤੇ ਤਾਜ਼ਾ ਬਿਆਨ ਦਾ ਸਖ਼ਤ ਨੋਟਿਸ ਲੈਂਦਿਆ ਕਿਹਾ ਕਿ ਬਿਆਨ ਤੋਂ ਪਤਾ ਚੱਲਦਾ ਹੈ ਕਿ ਢੀਂਡਸਾ ਦੇ ਸਿਆਸੀ ਚੌਕੇ, ਛੱਕਿਆਂ ਨੇ ਇਕੱਲੇ ਬਾਦਲਾਂ ਦੀਆਂ ਹੀ ਚੀਕਾਂ ਨਹੀਂ ਮਰਵਾਈਆਂ ਸਗੋਂ ਆਲੇ-ਦੁਆਲੇ ਵੀ ਵੱਡੇ ਪੱਧਰ ’ਤੇ ਚੀਕ-ਚਿਹਾੜਾ ਮਚਾ ਰੱਖਿਆ ਹੈ। ਇਹ ਬੈਂਸ ਦੇ ਬਿਆਨ ਤੋਂ ਹੀ ਸਿੱਧ ਹੁੰਦਾ ਹੈ ਕਿ ਢੀਂਡਸਾ ਸਹੀ ਟ੍ਰੈਕ ’ਤੇ ਚੱਲ ਕੇ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ।

ਬਿਆਨ ਦੇ ਅਖੀਰ ’ਚ ਭੋਮਾ, ਜੰਮੂ ਨੇ ਕਿਹਾ ਕਿ ਢੀਂਡਸਾ ਦਾ ਕਾਫ਼ਲਾ ਮਸਤ ਹਾਥੀ ਦੀ ਤਰ੍ਹਾਂ ਚੱਲ ਕੇ ਇਸ ਵਾਰ ‘ਉੱਤਰ ਕਾਂਟੋ ਮੈਂ ਚੜ੍ਹਾ’ ਦੀ ਖੇਡ ਬੰਦ ਕਰ ਕੇ ਪੰਜਾਬ ਦੇ ਲੋਕਾਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਤੀਸਰਾ ਬਦਲ ਮੁਹੱਈਆ ਕਰਵਾਏਗਾ।


Bharat Thapa

Content Editor

Related News