ਟੁੱਟ ਸਕਦਾ ਹੈ ਬੈਂਸ ਗਰੁੱਪ ਤੇ ''ਆਮ ਆਦਮੀ ਪਾਰਟੀ'' ਦਾ ਗਠਜੋੜ

03/05/2018 12:20:58 PM

ਲੁਧਿਆਣਾ (ਹਿਤੇਸ਼) : ਨਗਰ ਨਿਗਮ ਚੋਣਾਂ 'ਚ ਮੇਅਰ ਬਣਾਉਣ ਦਾ ਦਾਅਵਾ ਕਰਨ ਵਾਲੀ ਬੈਂਸ ਬ੍ਰਦਰਜ਼ ਦੀ ਪਾਰਟੀ ਸਿਰਫ 7 ਸੀਟਾਂ 'ਤੇ ਹੀ ਸਿਮਟ ਗਈ ਤਾਂ ਉਸ ਦੇ ਸਮਰਥਕਾਂ ਨੇ ਹਾਰ ਦਾ ਠੀਕਰਾ ਆਪਣੀ ਸਹਿਯੋਗੀ ਆਮ ਆਦਮੀ ਪਾਰਟੀ ਸਿਰ ਭੰਨਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਹੁਣ ਇਹ ਗਠਜੋੜ ਵੀ ਟੁੱਟਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। 
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਬੈਂਸ ਬ੍ਰਦਰਜ਼ ਨੇ ਆਪਣਾ ਸਿਆਸੀ ਕਰੀਅਰ ਅਕਾਲੀ ਦਲ ਮਾਨ ਤੋਂ ਸ਼ੁਰੂ ਕੀਤਾ ਸੀ ਅਤੇ ਫਿਰ ਅਕਾਲੀ ਦਲ ਬਾਦਲ 'ਚ ਸ਼ਾਮਲ ਹੋ ਗਏ, ਜਿਸ ਦੇ ਯੂਥ ਵਿੰਗ 'ਚ ਜ਼ਿਲਾ ਪ੍ਰਧਾਨ, ਐੱਸ. ਜੀ. ਪੀ. ਸੀ. ਅਤੇ ਐੱਫ. ਐਂਡ ਸੀ. ਸੀ. ਮੈਂਬਰ ਤੱਕ ਰਹੇ। ਹਾਲਾਂਕਿ ਅਕਾਲੀ ਦਲ ਦੇ ਅੰਦਰ ਰਹਿੰਦੇ ਹੋਏ ਵੀ ਬੈਂਸ ਦਾ ਬਾਕੀ ਲੀਡਰਸ਼ਿਪ ਦੇ ਨਾਲ ਹਮੇਸ਼ਾ ਵਿਵਾਦ ਰਿਹਾ ਹੈ ਪਰ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਦੋ ਟਿਕਟਾਂ ਨਾ ਮਿਲਣ ਕਾਰਨ ਉਨ੍ਹਾਂ ਨੇ ਅਕਾਲੀ ਦਲ ਛੱਡ ਦਿੱਤੀ ਅਤੇ ਆਜ਼ਾਦ ਜਿੱਤਣ ਤੋਂ ਬਾਅਦ ਫਿਰ ਤੋਂ ਸੁਖਬੀਰ ਬਾਦਲ ਨੂੰ ਸਪੋਟ ਦੇ ਦਿੱਤੀ, ਜਿਸ ਦੌਰਾਨ ਪਹਿਲਾਂ ਮੰਤਰੀ ਅਹੁਦੇ ਅਤੇ ਫਿਰ ਐੱਮ. ਪੀ. ਚੋਣਾਂ 'ਚ ਟਿਕਟ ਨਾ ਮਿਲਣ ਕਾਰਨ ਬੈਂਸ ਨੇ ਦੁਬਾਰਾ ਤੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ। 
ਹੁਣ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੈਂਸ ਨੇ ਪਹਿਲਾਂ ਨਵਜੋਤ ਸਿੱਧੂ ਅਤੇ ਪਰਗਟ ਸਿੰਘ ਦੇ ਨਾਲ ਮੋਰਚਾ ਬਣਾਇਆ ਅਤੇ ਉਨ੍ਹਾਂ ਨਾਲ ਕਾਂਗਰਸ 'ਚ ਜਾਣ ਦੀ ਬਜਾਏ ਸਰਕਾਰ ਬਣਾਉਣ ਦੇ ਲਗਭਗ ਨੇੜੇ ਪਹੁੰਚ ਚੁੱਕੇ ਆਮ ਆਦਮੀ ਪਾਰਟੀ ਨਾਲ ਗਠਜੋੜ ਕਰ ਕੇ ਦੁਬਾਰਾ ਦੋਨੋਂ ਸੀਟਾਂ ਜਿੱਤੀਆਂ। ਹਾਲਾਂਕਿ ਬਾਕੀ ਦੋ ਸੀਟਾਂ 'ਤੇ ਬੈਂਸ ਦੇ ਉਮੀਦਵਾਰਾਂ ਨੂੰ ਕਾਫੀ ਵੋਟ ਮਿਲੀ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਗਠਜੋੜ ਤਹਿਤ ਹੀ ਨਗਰ ਨਿਗਮ ਚੋਣ ਲੜਨ ਦਾ ਫੈਸਲਾ ਕੀਤਾ ਅਤੇ ਜ਼ਿੱਦ ਕਰ ਕੇ ਆਪਣੀ ਮਰਜ਼ੀ ਵਾਲੀਆਂ ਟਿਕਟਾਂ ਵੀ ਹਾਸਲ ਕੀਤੀਆਂ ਪਰ ਆਪਣਾ ਮੇਅਰ ਬਣਾਉਣਾ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ, ਕਿਉਂਕਿ ਸਿਰਫ 7 ਸੀਟਾਂ 'ਤੇ ਹੀ ਬੈਂਸ ਉਮੀਦਵਾਰ ਜਿੱਤ ਸਕੇ, ਜਿਸ ਨੂੰ ਹਲਕਾ ਸਾਊਥ ਅਤੇ ਆਤਮ ਨਗਰ 'ਚ ਪਕੜ ਕਮਜ਼ੋਰ ਹੋਣ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। 
ਉਧਰ ਇਨ੍ਹਾਂ ਨਤੀਜਿਆਂ ਦੇ ਮੱਦੇਨਜ਼ਰ ਬੈਂਸ ਗਰੁੱਪ ਡੈਮੇਜ ਕੰਟਰੋਲ 'ਚ ਜੁਟ ਗਿਆ ਹੈ। ਜਿਨ੍ਹਾਂ ਵਲੋਂ ਵੈਸੇ ਤਾਂ ਕਾਂਗਰਸ 'ਤੇ ਧੱਕੇਸ਼ਾਹੀ ਦੇ ਦੋਸ਼ ਲਾ ਕੇ ਆਪਣੀ ਹਾਰ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਇਹ ਕਹਿ ਕੇ ਇਸ ਹਾਲਾਤ ਦਾ ਠੀਕਰਾ ਆਮ ਆਦਮੀ ਪਾਰਟੀ ਸਿਰ ਭੰਨਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ ਕਿ ਕਈ ਜਗ੍ਹਾ ਬੈਂਸ ਗਰੁੱਪ ਦੇ ਉਮੀਦਵਾਰ ਦੂਜੇ ਨੰਬਰ 'ਤੇ ਆਏ ਹਨ। ਜਿਨ੍ਹਾਂ ਉਮੀਦਵਾਰਾਂ ਨੂੰ 'ਆਪ' ਦਾ ਕੇਡਰ ਕਮਜ਼ੋਰ ਹੋਣ ਦੇ ਕਾਰਨ ਜਿੱਤ ਨਹੀਂ ਮਿਲ ਸਕੀ। ਜਦੋਂਕਿ ਬੈਂਸ ਸਮਰਥਕਾਂ ਦੀ ਮਦਦ ਨਾਲ ਕਈ ਆਪ ਉਮੀਦਵਾਰ ਦੂਜਾ ਨੰਬਰ ਹਾਸਲ ਕਰ ਸਕੇ ਹਨ, ਜਿਨ੍ਹਾਂ ਦੋਸ਼ਾਂ ਦੇ ਵਿਚਕਾਰ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਕਿ ਆਪਣਾ ਆਧਾਰ ਕਾਇਮ ਰੱਖਣ ਲਈ ਬੈਂਸ ਗਰੁੱਪ ਆਉਣ ਵਾਲੇ ਸਮੇਂ 'ਚ ਆਮ ਆਦਮੀ ਪਾਰਟੀ ਤੋਂ ਵੱਖ ਹੋ ਸਕਦਾ ਹੈ।