ਬਹੁਜਨ ਸਮਾਜ ਪਾਰਟੀ ਨੇ ਫੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ

03/09/2018 6:11:44 AM

ਫਗਵਾੜਾ, (ਰੁਪਿੰਦਰ ਕੌਰ)- ਬਹੁਜਨ ਸਮਾਜ ਪਾਰਟੀ ਵੱਲੋਂ ਹਲਕਾ ਪ੍ਰਧਾਨ ਚਿਰੰਜੀ ਲਾਲ ਕਾਲਾ ਜੀ ਦੀ ਪ੍ਰਧਾਨਗੀ ਹੇਠ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਉਸਦੇ ਸਹਿਯੋਗੀ ਸੰਗਠਨਾਂ ਦਾ ਲਾਈਟਾਂ ਵਾਲਾ ਚੌਕ 'ਚ ਹਾਈਵੇ ਰੈਸਟ ਹਾਊਸ ਦੇ ਸਾਹਮਣੇ ਪੁਤਲਾ ਫੂਕਿਆ ਗਿਆ। 
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੁਝ ਸੰਗਠਨ ਦੇਸ਼ ਵਿਚ ਧਾਰਮਿਕ ਕੱਟੜਤਾ ਅਤੇ ਜਾਤੀ ਵਾਦ ਨੂੰ ਵਧਾ ਕੇ ਦੇਸ਼ ਦਾ ਮਾਹੌਲ ਖਰਾਬ ਕਰ ਰਿਹਾ ਹੈ। ਕੱਲ ਹੋਈਆਂ ਘਟਨਾਵਾਂ ਜਿਸ ਵਿਚ ਵੱਖ-ਵੱਖ ਸੂਬਿਆਂ 'ਚ ਦਲਿਤ ਦੇ ਰਹਿਬਰਾਂ ਅਤੇ ਹੋਰ ਕ੍ਰਾਂਤੀਕਾਰੀ ਆਗੂਆਂ ਦੇ ਬੁੱਤ ਤੋੜੇ ਗਏ, ਜਿਨ੍ਹਾਂ ਦੀ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਪੁਰਜ਼ੋਰ ਨਿੰਦਾ ਕਰਦੀ ਹੈ ਅਤੇ ਪੰਜਾਬ ਸਰਕਾਰ ਅਤੇ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕਰਦੀ ਹੈ ਕਿ ਅਜਿਹੇ ਸੰਗਠਨਾਂ 'ਤੇ ਪਾਬੰਦੀ ਲਾਈ ਜਾਵੇ ਅਤੇ ਜਿਹੜੇ ਵਿਅਕਤੀਆਂ ਨੇ ਬਾਬਾ ਸਾਹਿਬ ਅੰਬੇਡਕਰ ਪੈਰੀਅਰ ਅਤੇ ਲੈਨਿਨ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾ ਨੂੰ ਸਜ਼ਾ ਦਿੱਤੀ ਜਾਵੇ। ਇਸ ਮੌਕੇ ਮਾਸਟਰ ਹਰਭਜਨ ਸਿੰਘ ਬਲਾਲੋ, ਰਮੇਸ਼ ਕੌਲ ਇੰਚਾਰਜ ਬਸਪਾ, ਐਡਵੋਕੇਟ ਕੁਲਦੀਪ ਭੱਟੀ, ਪਰਮਜੀਤ ਖਲਵਾੜਾ, ਸੁਰਜੀਤ ਭੁਲਾਰਾਈ ਹਰਭਜਨ ਖਲਵਾੜਾ, ਲੇਖਰਾਜ, ਰਾਮ ਮੂਰਤੀ ਖੇੜਾ, ਸੰਤੋਖ ਲਾਲ ਢੰਡਾ, ਪਰਮਜੀਤ ਗੰਢਵਾਂ, ਹੁਸਨ ਲਾਲ, ਕਾਲਾ ਮੇਹਟਾਂ ਆਦਿ ਹਾਜ਼ਰ ਸਨ।