ਨਸ਼ੇ ਦੇ ਸੌਦਾਗਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਅਰੁਣਾ ਚੌਧਰੀ

08/14/2019 2:08:44 PM

ਬਹਿਰਾਮਪੁਰ/ਦੋਰਾਂਗਲਾ (ਗੋਰਾਇਆ, ਨੰਦਾ) : ਪਿੰਡ ਸੱਦਾ ਮਾਨ ਗਾਰਡਨ (ਦੋਰਾਂਗਲਾ) 'ਚ ਨਸ਼ਾ ਛੁਡਾਉੂ ਅਧਿਕਾਰੀ ਬਣੋ ਤਹਿਤ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਅਗਵਾਈ ਮਹੇਸ਼ ਕੁਮਾਰ ਸੈਣੀ ਡੀ. ਐੱਸ. ਪੀ. ਦੀਨਾਨਗਰ ਨੇ ਕੀਤੀ। ਜਦਕਿ ਮੁੱਖ ਮਹਿਮਾਨ ਦੇ ਤੌਰ 'ਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਹਾਜ਼ਰ ਹੋਏ। ਇਸ ਮੌਕੇ ਸੂਫੀ ਗਾਇਕ ਤੇ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਸੁਭਾਸ਼ ਸੂਫੀ ਨੇ ਨਸ਼ੇ ਦੇ ਵਿਰੁੱਧ ਆਪਣੇ ਗੀਤਾਂ ਨਾਲ ਨਸ਼ਾ ਨਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੰਦਰ ਸ਼ੇਖਰ ਜ਼ੋਨ ਇੰਚਾਰਜ ਤੇ ਸਮਿਤੀ ਮੈਂਬਰ ਰਣਜੀਤ ਸਿੰਘ ਕਠਿਆਲੀ ਨੇ ਬੱਚਿਆਂ ਦਾ ਪੂਰਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਹਾਜ਼ਰ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਸਖ਼ਤੀ ਨਾਲ ਨਸ਼ਾ ਸੌਦਾਗਰਾਂ 'ਤੇ ਰੋਕ ਲਾਈ ਜਾਵੇ ਅਤੇ ਇਨ੍ਹਾਂ ਪ੍ਰਤੀ ਕੋਈ ਢਿੱਲ ਨਾ ਵਰਤੀ ਜਾਵੇ।

ਉਨ੍ਹਾਂ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਵੱਲ ਧਿਆਨ ਦਿੱਤਾ ਜਾਵੇ ਕਿ ਉਹ ਪੈਸੇ ਕਿੱਥੋਂ ਖਰਚ ਕਰ ਰਹੇ ਹਨ, ਉਹ ਕੀ ਕੰਮ ਕਰ ਰਹੇ ਹਨ, ਸਮੇਂ 'ਤੇ ਘਰ ਆ ਰਹੇ ਜਾਂ ਨਹੀਂ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਪੰਜਾਬ ਦਾ ਭਵਿੱਖ ਨਸ਼ੇ ਦੇ ਜਾਲ 'ਚ ਫਸਦਾ ਜਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਨੂੰ ਇਕ ਵਾਰ ਫਿਰ ਇਕ ਨੰਬਰ 'ਤੇ ਲੈ ਕੇ ਆਉਣਾ ਹੈ। ਉਨ੍ਹਾਂ ਪੰਜਾਬ ਪੁਲਸ ਵਲੋਂ ਸ਼ੁਰੂ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਸੈਮੀਨਾਰ 'ਚ ਸਮਾਜ 'ਚ ਚੰਗੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ।

ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ : ਡੀ. ਐੱਸ. ਪੀ.
ਇਸ ਮੌਕੇ ਡੀ. ਐੱਸ. ਪੀ. ਮਹੇਸ਼ ਸੈਣੀ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰ 'ਚ ਦਾਖ਼ਲ ਕਰਵਾ ਕੇ ਉਸ ਦਾ ਇਲਾਜ ਕਰਵਾਇਆ ਜਾਵੇਗਾ।

Baljeet Kaur

This news is Content Editor Baljeet Kaur