ਹਰਸਿਮਰਤ ਦੀ ''ਕੁਰਸੀ'' ਬਚਾਉਣ ਲਈ ਦਿੱਲੀ ਚੋਣਾਂ ''ਚੋਂ ਹਟੇ ਬਾਦਲ : ਆਪ

01/21/2020 9:08:11 PM

ਚੰਡੀਗੜ੍ਹ, (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਅਕਾਲੀ-ਭਾਜਪਾ ਗਠਜੋੜ 'ਚ ਪਈ ਤਰੇੜ ਬਾਰੇ ਅਕਾਲੀਆਂ ਵਲੋਂ ਦਿੱਤੀ ਜਾ ਰਹੀ ਸਫ਼ਾਈ ਨੂੰ ਦੋਗਲੇਪਣ ਦਾ ਸ਼ਿਖਰ ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਬੇਸ਼ੱਕ ਇਹ ਭਾਜਪਾ ਅਤੇ ਅਕਾਲੀ ਦਲ ਦਾ ਅੰਦਰੂਨੀ ਮਾਮਲਾ ਹੈ ਪਰ ਬਾਦਲ ਦਲੀਆਂ ਵਲੋਂ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਹਵਾਲੇ ਨਾਲ ਜੋ ਸਫ਼ਾਈ ਦਿੱਤੀ ਜਾ ਰਹੀ ਹੈ, ਉਹ ਅਸਲੀਅਤ ਤੋਂ ਦੂਰ ਹੈ। ਚੀਮਾ ਨੇ ਕਿਹਾ ਕਿ ਜਦੋਂ ਦਾ ਸੀ. ਏ. ਏ./ਐੱਨ. ਸੀ. ਆਰ./ਐੱਨ. ਪੀ. ਆਰ. ਵਿਵਾਦ ਸ਼ੁਰੂ ਹੋਇਆ ਹੈ, ਆਪਣੀ ਪਾਰਟੀ ਵਲੋਂ ਬਾਦਲਾਂ ਨੇ ਜਾਂ ਤਾਂ ਚੁੱਪ ਵੱਟੀ ਰੱਖੀ ਅਤੇ ਜਾਂ ਫਿਰ ਦੋਗਲਾ ਰੁਖ ਅਪਣਾਇਆ।

ਹਰਪਾਲ ਚੀਮਾ ਨੇ ਕਿਹਾ ਕਿ ਸੰਸਦ 'ਚ ਸੀ. ਏ. ਏ. ਦੇ ਹੱਕ 'ਚ ਭੁਗਤਣ ਵਾਲੇ ਸੁਖਬੀਰ ਬਾਦਲ ਜੋੜੀ ਨੇ ਆਪਣੀ ਖ਼ਾਨਦਾਨੀ ਆਦਤ ਮੁਤਾਬਕ ਦਿੱਲੀ 'ਚ ਹੋਰ, ਪੰਜਾਬ 'ਚ ਹੋਰ ਅਤੇ ਚੰਡੀਗੜ੍ਹ 'ਚ ਹੋਰ ਬੋਲੀ ਬੋਲੀ। ਚੀਮਾ ਨੇ ਕਿਹਾ ਕਿ 20 ਜਨਵਰੀ ਦੀ ਦੁਪਹਿਰ ਤੋਂ ਬਾਅਦ ਅਕਾਲੀਆਂ ਦਾ ਸੀ. ਏ. ਏ. ਬਾਰੇ 'ਕੁਰਬਾਨੀ ਭਰਿਆ' ਐਲਾਨ ਅਸਲ 'ਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ। ਚੀਮਾ ਨੇ ਕਿਹਾ ਕਿ ਜੇਕਰ ਅਕਾਲੀ ਦਲ ਸੀ. ਏ. ਏ. ਵਿਰੋਧ 'ਚ ਦਿੱਲੀ ਦੀਆਂ ਚੋਣਾਂ ਤੋਂ ਪਿੱਛੇ ਹਟ ਸਕਦਾ ਹੈ ਤਾਂ ਭਾਜਪਾ ਨੂੰ ਸਬਕ ਸਿਖਾਉਣ ਲਈ ਕੇਂਦਰੀ ਮੰਤਰੀ ਦੀ ਕੁਰਸੀ ਦੀ ਪ੍ਰਵਾਹ ਕੀਤੇ ਬਗੈਰ ਚੋਣਾਂ ਕਿਉਂ ਨਹੀਂ ਲੜ ਸਕਦਾ?

ਚੀਮਾ ਨੇ ਕਿਹਾ ਕਿ ਭਾਜਪਾ ਨੇ ਬਾਦਲਾਂ ਦੀ ਖਿਸਕ ਚੁੱਕੀ ਜ਼ਮੀਨ ਨੂੰ ਦੇਖਦਿਆਂ ਅਕਾਲੀ ਦਲ ਨੂੰ ਦਿੱਲੀ ਦੀਆਂ ਚੋਣਾਂ 'ਚੋਂ 'ਮੱਖਣ 'ਚੋਂ ਵਾਲ' ਵਾਂਗ ਬਾਹਰ ਸੁੱਟ ਦਿੱਤਾ। ਇਸ ਬੇਇੱਜ਼ਤੀ 'ਤੇ ਪਰਦਾ ਪਾਉਣ ਲਈ ਬਾਦਲਾਂ ਨੇ ਸੀ. ਏ. ਏ. ਦਾ ਹਵਾਲਾ ਦਿੱਤਾ ਹੈ, ਜਦਕਿ ਅਸਲੀਅਤ ਇਹ ਹੈ ਕਿ ਭਾਜਪਾ ਨੇ ਬਾਦਲਾਂ ਨੂੰ ਦਿੱਲੀ 'ਚ ਅਕਾਲੀ ਦਲ ਦੇ ਚੋਣ ਨਿਸ਼ਾਨ 'ਤੇ ਇਕ ਵੀ ਟਿਕਟ ਦੇਣ ਤੋਂ ਕੋਰਾ ਜਵਾਬ ਦਿੰਦਿਆਂ ਸਾਫ਼ ਘੁਰਕੀ ਦਿੱਤੀ ਹੈ ਕਿ ਜੇਕਰ ਅਕਾਲੀ ਦਲ ਨੇ ਇਕੱਲੇ ਜਾਂ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰ ਕੇ ਦਿੱਲੀ ਚੋਣਾਂ ਲੜੀਆਂ ਤਾਂ ਹਰਸਿਮਰਤ ਬਾਦਲ ਦੀ ਮੋਦੀ ਮੰਤਰੀ ਮੰਡਲ 'ਚੋਂ ਛੁੱਟੀ ਤੈਅ ਹੈ।
 

KamalJeet Singh

This news is Content Editor KamalJeet Singh