ਬਾਦਲ ਸਰਕਾਰ ਨੇ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ''ਤੇ ਖ਼ਰਚੇ 127 ਕਰੋੜ ਰੁਪਏ, ਆਰ. ਟੀ. ਆਈ. ''ਚ ਹੋਇਆ ਵੱਡਾ ਖੁਲਾਸਾ

03/22/2017 3:32:53 PM

ਤਪਾ ਮੰਡੀ (ਮਾਰਕੰਡਾ)— ਹਾਲ ਹੀ ਵਿਚ ਸੱਤਾ ਵਿਹੀਣ ਹੋਈ ਅਕਾਲੀ-ਭਾਜਪਾ ਸਰਕਾਰ ਨੇ ਵੋਟਾਂ ਬਟੋਰਣ ਲਈ ਵਰਤੇ ਗਏ ਹੱਥਕੰਡਿਆਂ ਵਿਚ ਇਕ ਲੋਕ ਲੁਭਾਊ ਹੱਥਕੰਡਾ ''ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ'' ਨੂੰ ਸ਼ਾਮਲ ਕਰਕੇ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਕਾਰਜ ਨੇਪਰੇ ਚਾੜ੍ਹਿਆ ਸੀ। ਬੇਸ਼ੱਕ ਇਸ ਪੁੰਨ ਦੇ ਕਾਰਜ ਨੂੰ ਬੂਰ ਪਿਆ ਜਾਂ ਨਹੀਂ ਪਰ ਹਰ ਧਰਮ ਦੇ ਸ਼ਰਧਾਲੂਆਂ ਨੇ ਇਸ ਯਾਤਰਾ ਦਾ ਲਾਹਾ ਜ਼ਰੂਰ ਖੱਟਿਆ। ਯਾਤਰਾ ਦੀ ਪੂਰੀ ਵਿਊਂਤਬੰਦੀ ਦੀ ਤਹਿ ਤੱਕ ਜਾਣ ਲਈ ਆਰ. ਟੀ. ਆਈ. ਕਾਰਕੁੰਨ ਵਜਂੋ ਜਾਣੇ ਜਾਂਦੇ ਸਤਪਾਲ ਗੋਇਲ ਨੇ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਪਾਸੋਂ ਇਸਦੀ ਜਾਣਕਾਰੀ ਮੰਗੀ ਤਾਂ ਸਰਕਾਰ ਦੇ ਇਸ ਕਾਰਜ ਦੀ ਗੋਝ ਜੱਗ ਜ਼ਾਹਰ ਹੋਈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਤੀਰਥ ਸਥਾਨ ਯਾਤਰਾ ਵਿਚ ਬਨਾਰਸ, ਮਾਤਾ ਚਿੰਤਪੂਰਨੀ, ਸਾਲਾਸਰ ਧਾਮ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਨਾਂਦੇੜ ਸਾਹਿਬ ਅਤੇ ਅਜਮੇਰ ਸ਼ਰੀਫ਼ ਆਦਿ ਤੀਰਥ ਸਥਾਨ ਸ਼ਾਮਲ ਕੀਤੇ ਗਏ।
ਯਾਤਰੀਆਂ ਦੀ ਸਹੂਲਤ ਲਈ ਰੇਲ ਗੱਡੀਆਂ ਅਤੇ ਬੱਸਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਹੋਇਆ ਸੀ। ਸ਼ਰਧਾਲੂਆਂ ਦੀ ਟਹਿਲ ਸੇਵਾ ਲਈ ਮੀਨੂੰ ਵਿਚ ਨਾਸ਼ਤਾ, ਦੁਪਿਹਰ ਅਤੇ ਰਾਤ ਦੇ ਭੋਜਨ ਤੋਂ ਇਲਾਵਾ ਚਾਹ-ਪਾਣੀ ਆਦਿ ਦੇ ਇੰਤਜਾਮ ਦੀ ਮੁਫ਼ਤ ਵਿਵਸਥਾ ਸੀ। ਰਾਤ ਨੂੰ ਠਹਿਰਨ ਦਾ ਪ੍ਰਬੰਧ ਵੀ ਸਰਕਾਰ ਨੇ ਹੀ ਮੁਹੱਈਆ ਕਰਵਾਉਣਾ ਸੀ। ਇਸ ਤੀਰਥ ਯਾਤਰਾ ''ਤੇ ਹਰ ਜਾਤੀ, ਧਰਮ ਅਤੇ ਫਿਰਕੇ ਦੇ ਵਿਅਕਤੀ ਨੂੰ ਜਾਣ ਦੀ ਖੁੱਲ ਸੀ ਪਰ ਉਸਦੇ ਪੰਜਾਬ ਦਾ ਬਾਸ਼ਿੰਦਾ ਹੋਣਾ ਲਾਜ਼ਮੀ ਸੀ। ਯਾਤਰੀ 55 ਸਾਲਾਂ ਤੋਂ ਉਪਰ ਦਾ ਹੀ ਹੋ ਸਕਦਾ ਸੀ। ਇਹ ਸ਼ਰਤ ਵਿਦਿਆਰਥੀਆਂ ਅਤੇ ਬੇਰੋਜ਼ਗਾਰਾਂ ''ਤੇ ਲਾਗੂ ਨਹੀਂ ਸੀ ਹੁੰਦੀ। ਇਕੋ ਪਰਿਵਾਰ ਦੇ 3 ਜੀਅ ਅਤੇ ਸਿਰਫ਼ ਇਕ ਵਾਰ ਹੀ ਯਾਤਰਾ ਕਰ ਸਕਦੇ ਸਨ।
ਸਤਪਾਲ ਗੋਇਲ ਨੇ ਪ੍ਰਾਪਤ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਰੇਲਾਂ ਰਾਹੀਂ ਪਿਛਲੇ ਸਾਲ ਕੁੱਲ 99737 ਯਾਤਰੀਆਂ ਨੂੰ ਤੀਰਥ ਸਥਾਨਾਂ ਦੀ ਯਾਤਰਾ ਕਰਵਾਈ ਗਈ। ਇਸ ਉਪਰ 126,84,41,631 ਅਰਥਾਤ ਤਕਰੀਬਨ 127 ਕਰੋੜ ਰੁਪਏ ਖਰਚ ਆਏ। ਇਹ ਖ਼ਰਚਾ 13 ਹਜ਼ਾਰ ਰੁਪਏ ਪ੍ਰਤੀ ਯਾਤਰੀ ਬੈਠਦਾ ਹੈ। ਬੱਸਾਂ ਰਾਹੀਂ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਨਹੀਂ ਦੱਸੀ ਗਈ ਪਰ ਉਨ੍ਹਾਂ ''ਤੇ ਆਇਆ ਖ਼ਰਚ 9,33,02,301 ਰੁਪਏ ਹੈ। ਰੇਲਵੇ ਦੇ ਇੰਡੀਅਨ ਕੈਟਰਿੰਗ ਅਤੇ ਟੂਰਿਜ਼ਮ ਵਿਭਾਗ ਨੇ ਨਵੰਬਰ ਅਤੇ ਦਸੰਬਰ ਮਹੀਨੇ ਦੇ ਬਿੱਲ ਨਹੀਂ ਭੇਜੇ।
ਗੋਇਲ ਨੇ ਕਿਹਾ ਕਿ ਦੂਜੇ ਪਾਸੇ ਰੇਲਵੇ ਦੇ ਇਸੇ ਵਿਭਾਗ ਨੇ 27 ਫਰਵਰੀ 2017 ਨੂੰ ਭਾਰਤ ਦਰਸ਼ਨ ਯਾਤਰਾ ਤਹਿਤ ਚੰਡੀਗੜ੍ਹ ਤੋਂ ਇਕ ਵਿਸ਼ੇਸ਼ ਟਰੇਨ ਭੇਜੀ ਸੀ ਜਿਸਦਾ ਕਿਰਾਇਆ 10,870 ਰੁਪਏ ਪ੍ਰਤੀ ਸਵਾਰੀ ਖ਼ੁਦ ਯਾਤਰੀਆਂ ਨੇ ਦਿੱਤਾ ਸੀ। ਇਹ 13 ਦਿਨ ਅਤੇ 12 ਰਾਤਾਂ ਦੀ ਯਾਤਰਾ ਸੀ। ਇਸ ਵਿਚ ਵੀ ਖਾਣ ਪੀਣ ਅਤੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਰੇਲਵੇ ਦੇ ਉਪਰੋਕਤ ਵਿਭਾਗ ਦਾ ਸੀ ਜੋ ਯਾਤਰੀ ਤੋਂ ਹੀ ਊਗਰਾਹਿਆ ਜਾਣਾ ਸੀ ਪਰ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਦੇ ਯਾਤਰੀਆਂ ਦੀ ਯਾਤਰਾ ਵੱਧ ਤੋਂ ਵੱਧ 6 ਦਿਨ ਸੀ। ਯਾਤਰੀਆਂ ਦੇ ਖਾਣ-ਪੀਣ ਅਤੇ ਠਹਿਰਨ ਦਾ ਪ੍ਰਬੰਧ ਵੀ ਗੁਰੂ ਘਰਾਂ ਅੰਦਰ ਹੀ ਸੀ। ਇਹ ਖਰਚਾ 13 ਹਜ਼ਾਰ ਪ੍ਰਤੀ ਸਵਾਰੀ ਪਾਇਆ ਗਿਆ ਹੈ ਪਰ ਦੂਜੇ ਪਾਸੇ 13 ਦਿਨ ਦੀ ਯਾਤਰਾ ਦਾ ਖ਼ਰਚਾ 10870 ਰੁਪਏ ਪਾਇਆ ਗਿਆ ਹੈ। ਜਿਸ ਕਾਰਨ ਦਾਲ ਵਿਚ ਕੁਝ ਕਾਲਾ ਨਜ਼ਰ ਆਉਂਦਾ ਹੈ। ਸਤਪਾਲ ਗੋਇਲ ਨੇ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਅਕਾਲੀ ਦਲ ਨੂੰ ਯਾਤਰਾ ਕਰਵਾਈ ਦਾ ਕਿੰਨਾ ਪੁੰਨ ਪ੍ਰਾਪਤ ਹੋਇਆ ਹੈ ਉਹ ਤਾਂ ਪ੍ਰਮਾਤਮਾ ਹੀ ਦੱਸ ਸਕਦਾ ਹੈ ਪਰ ਫ਼ਲੀਆਂ ਨਹੀਂ ਮਿਲੀਆਂ ਜਿਸਦਾ ਪਤਾ 11 ਮਾਰਚ ਦੇ ਚੋਣ ਨਤੀਜਿਆਂ ਤੋਂ ਲੱਗ ਗਿਆ।
ਅਕਾਲੀਆਂ ਨੇ ਲੋਕਾਂ ਨੂੰ ਧਰਮ ਦੇ ਨਾਂ ''ਤੇ ਭਰਮਾਇਆ : ਸਦੀਕ
ਸਾਬਕਾ ਵਿਧਾਇਕ ਅਤੇ ਲੋਕ ਗਾਇਕ ਮੁਹਮੰਦ ਸਦੀਕ ਨੇ ਕਿਹਾ ਬਾਦਲ ਸਰਕਾਰ ਨੇ ਯਾਤਰਾ ਪ੍ਰਬੰਧਾਂ ਦਾ ਠੇਕਾ ਕੀਤਾ ਹੋਇਆ ਸੀ। ਸ਼ਰਧਾਲੂਆਂ ਨੂੰ ਘਟੀਆ ਭੋਜਨ ਪਰੋਸਿਆ ਗਿਆ। ਰਾਹ ਵਿਚ ਕਈ ਯਾਤਰੀ ਬੀਮਾਰ ਵੀ ਹੋਏ। ਸਰਕਾਰ ਦੀ ਮਨਸ਼ਾ ਯਾਤਰਾ ਦੇ ਨਾਂ ''ਤੇ ਘਪਲਾ ਕਰਨਾ ਸੀ। ਅਕਾਲੀਆਂ ਨੇ ਸ਼ੁਰੂ ਤੋਂ ਹੀ ਲੋਕਾਂ ਨੂੰ ਧਰਮ ਦੇ ਨਾਂ ਤੇ ਮੂਰਖ ਬਣਾਇਆ ਹੈ। ਸਰਕਾਰੀ ਖ਼ਜ਼ਾਨੇ ਨੂੰ ਬੇਕਿਰਕੀ ਨਾਲ ਵਰਤਿਆ ਹੈ।

Gurminder Singh

This news is Content Editor Gurminder Singh