ਸਪਾਲਵਾਂ ਸਕੂਲ ''ਚ ਮਿਡ-ਡੇ ਮੀਲ ਲਈ ਪੁੱਜੀ ਖਰਾਬ ਕਣਕ

11/03/2017 1:32:19 PM

ਨੂਰਪੁਰਬੇਦੀ (ਭੰਡਾਰੀ) - ਅਨਾਜ ਸਪਲਾਈ ਕਰਨ ਵਾਲੀ ਏਜੰਸੀ ਵੱਲੋਂ ਪਿੰਡ ਸਪਾਲਵਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਪੜ੍ਹਦੇ ਨੰਨ੍ਹੇ ਬੱਚਿਆਂ ਦੇ ਦੁਪਹਿਰ ਦੇ ਖਾਣੇ ਲਈ ਸੜੀ ਹੋਈ ਤੇ ਬਦਬੂ ਮਾਰ ਰਹੀ ਕਣਕ ਭੇਜੀ ਗਈ।
 ਸਕੂਲ ਦੇ ਅਧਿਆਪਕ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਮਿਡ-ਡੇ ਮੀਲ ਤਹਿਤ ਉਨ੍ਹਾਂ ਦੇ ਸਕੂਲ ਨੂੰ 2 ਬੋਰੀਆਂ ਕਣਕ ਦੀਆਂ ਸਪਲਾਈ ਕੀਤੀਆਂ ਗਈਆਂ। ਜਦੋਂ ਉਨ੍ਹਾਂ ਨੇ ਕਣਕ ਦੀ ਇਕ ਬੋਰੀ ਖੋਲ੍ਹ ਕੇ ਦੇਖੀ ਤਾਂ ਉਸ 'ਚੋਂ ਕਣਕ ਸੜੀ ਹੋਈ ਨਿਕਲੀ, ਜਿਸ 'ਚੋਂ ਕਾਫ਼ੀ ਬਦਬੂ ਆ ਰਹੀ ਸੀ। ਉਨ੍ਹਾਂ ਕਿਹਾ ਕਿ ਜੇਕਰ ਬਿਨਾਂ ਦੇਖੇ ਉਕਤ ਕਣਕ ਦਾ ਆਟਾ ਪਿਸ ਕੇ ਆ ਜਾਂਦਾ ਤਾਂ ਇਸ ਨਾਲ ਤਿਆਰ ਹੋਣ ਵਾਲੇ ਖਾਣੇ ਕਾਰਨ ਬੱਚਿਆਂ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਨਾਜ ਸਪਲਾਈ ਕਰਨ ਵਾਲੀ ਏਜੰਸੀ ਵੱਲੋਂ ਸਕੂਲ ਨੂੰ ਕਈ ਵਾਰ ਘੱਟ ਮਾਤਰਾ 'ਚ ਸਾਮਾਨ ਸਪਲਾਈ ਕੀਤਾ ਜਾਂਦਾ ਰਿਹਾ ਹੈ। ਸਕੂਲ ਸਟਾਫ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਨੇ ਵੀ ਇਸ ਗੈਰ-ਜ਼ਿੰਮੇਵਾਰਾਨਾ ਹਰਕਤ ਪ੍ਰਤੀ ਭਾਰੀ ਨਾਰਾਜ਼ਗੀ ਜਤਾਈ ਹੈ ਤੇ ਉਚ ਅਧਿਕਾਰੀਆਂ ਤੋਂ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 

ਜਲਦ ਬਦਲਿਆ ਜਾ ਰਿਹੈ ਅਨਾਜ : ਮਿਡ-ਡੇ ਮੀਲ ਇੰਚਾਰਜ
ਮਿਡ-ਡੇ ਮੀਲ ਇੰਚਾਰਜ ਬਲਾਕ ਨੂਰਪੁਰਬੇਦੀ ਰਜਿੰਦਰ ਕੌਰ ਨੇ ਆਖਿਆ ਕਿ ਉਕਤ ਸਕੂਲ ਦੇ ਅਧਿਆਪਕ ਤੋਂ ਖਰਾਬ ਅਨਾਜ ਹਾਸਲ ਹੋਣ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਵੱਲੋਂ ਇਹ ਮਾਮਲਾ ਪਨਸਪ ਦੇ ਅਧਿਕਾਰੀਆਂ ਤੇ ਉਕਤ ਸਪਲਾਈ ਏਜੰਸੀ ਦੇ ਠੇਕੇਦਾਰ ਦੇ ਧਿਆਨ 'ਚ ਲਿਆ ਦਿੱਤਾ ਗਿਆ ਸੀ। ਉਨ੍ਹਾਂ ਕੱਲ ਤੱਕ ਉਕਤ ਅਨਾਜ ਨੂੰ ਬਦਲਣ ਦਾ ਭਰੋਸਾ ਦਿੱਤਾ ਹੈ। 

ਅਧਿਆਪਕ ਖਰਾਬ ਤੇ ਘੱਟ ਮਾਤਰਾ 'ਚ ਅਨਾਜ ਸਵੀਕਾਰ ਨਾ ਕਰਨ : ਸ਼ਰਮਾ
ਡਿਪਟੀ ਜ਼ਿਲਾ ਸਿੱਖਿਆ ਅਫਸਰ ਤੇ ਮਿਡ-ਡੇ ਮੀਲ ਦੇ ਜ਼ਿਲਾ ਕੁਆਰਡੀਨੇਟਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਮੂਹ ਸਕੂਲਾਂ ਦੇ ਅਧਿਆਪਕ ਕਿਸੀ ਵੀ ਸੂਰਤ 'ਚ ਖਰਾਬ ਤੇ ਘੱਟ ਮਾਤਰਾ 'ਚ ਅਨਾਜ ਸਵੀਕਾਰ ਨਾ ਕਰਨ। ਜੇਕਰ ਅਜਿਹਾ ਕੁਝ ਹੁੰਦਾ ਵੀ ਹੈ ਤਾਂ ਉਸ ਦਾ ਯੋਗ ਹੱਲ ਵੀ ਕੱਢਣਗੇ ਤੇ ਵਿਭਾਗੀ ਕਾਰਵਾਈ ਵੀ ਅਮਲ 'ਚ ਲਿਆਉਣਗੇ। ਉਨ੍ਹਾਂ ਕਿਹਾ ਕਿ ਉਕਤ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਤੇ ਪਨਸਪ ਦੇ ਅਧਿਕਾਰੀਆਂ ਨੂੰ ਤੁਰੰਤ ਖਰਾਬ ਅਨਾਜ ਬਦਲਣ ਦੀ ਹਦਾਇਤ ਕੀਤੀ ਗਈ ਹੈ।