15 ਪਿੰਡਾਂ ਨੂੰ ਆਪਸ ''ਚ ਮਿਲਾਉਂਦੀ ਸੜਕ ਦੀ ਹਾਲਤ ਖਸਤਾ

02/18/2018 7:41:26 AM

ਖਰੜ  (ਅਮਰਦੀਪ) - ਪਿੰਡ ਘੜੂੰਆਂ ਤੋਂ ਮਾਛੀਪੁਰ ਥੇੜੀ ਲਿੰਕ ਰੋਡ, ਜੋ ਕਿ 15 ਪਿੰਡਾਂ ਨੂੰ ਆਪਸ 'ਚ ਮਿਲਾਉਂਦੀ ਹੈ, ਦੀ ਹਾਲਤ ਖਸਤਾ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਬੰਧਤ ਵਿਭਾਗ ਤੇ ਪੰਜਾਬ ਸਰਕਾਰ ਲਿੰਕ ਸੜਕ ਵੱਲ ਧਿਆਨ ਨਹੀਂ ਦੇ ਰਹੇ। ਉਕਤ ਸੜਕ 'ਤੇ ਪਿੰਡ ਘੜੂੰਆਂ ਦੇ ਘਰਾਂ ਦੀਆਂ ਨਾਲੀਆਂ ਦਾ ਗੰਦਾ ਪਾਣੀ ਜਮ੍ਹਾ ਹੋ ਰਿਹਾ ਹੈ ਕਿਉਂਕਿ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਗਿਆ। ਇਸ ਸੜਕ 'ਤੇ ਹਮੇਸ਼ਾ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਆਉਣ-ਜਾਣ 'ਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਿੰਡ ਮਾਛੀਪੁਰ, ਫਤਿਹਪੁਰ ਥੇੜੀ-ਸਿੱਲ ਕੱਪੜਾ ਤੇ ਨੇੜੇ ਦੇ ਪਿੰਡਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲ ਘੜੂੰਆਂ ਵਿਖੇ ਆਉਣ ਵਿਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਐਡਵੋਕੇਟ ਜਸਵੀਰ ਸਿੰਘ ਰੰਗੀਲਾ ਤੇ ਹੋਰ ਪਿੰਡ ਵਾਸੀਆਂ ਨੇ ਆਖਿਆ ਕਿ ਭਾਵੇਂ ਪਿੰਡ ਮਾਛੀਪੁਰ ਥੇੜੀ ਦੀਆਂ ਪੰਚਾਇਤਾਂ ਵਲੋਂ ਡਿਪਟੀ ਕਮਿਸ਼ਨਰ ਤੇ ਐੱਸ. ਡੀ. ਐੱਮ. ਨੂੰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਅਜੇ ਤਕ ਪ੍ਰਸ਼ਾਸਨ ਵਲੋਂ ਕੋਈ ਢੁੱਕਵਾਂ ਹੱਲ ਨਹੀਂ ਕੱਢਿਆ ਗਿਆ ਜੇਕਰ ਇਸ ਦਾ ਕੋਈ ਢੁੱਕਵਾਂ ਹੱਲ ਨਾ ਕੱਢਿਆ ਗਿਆ ਤਾਂ ਲੋਕਾਂ ਨੂੰ ਮਜਬੂਰਨ ਪ੍ਰਸ਼ਾਸਨ ਖਿਲਾਫ ਕਦਮ ਚੁੱਕਣਾ ਪਵੇਗਾ।