ਮੀਟਰ ਬਕਸਿਆਂ ਵੱਲ ਪਾਵਰਕਾਮ ਦਾ ਨਹੀਂ ਕੋਈ ਧਿਆਨ

Saturday, Mar 17, 2018 - 08:20 AM (IST)

ਮੀਟਰ ਬਕਸਿਆਂ ਵੱਲ ਪਾਵਰਕਾਮ ਦਾ ਨਹੀਂ ਕੋਈ ਧਿਆਨ

ਬਾਘਾਪੁਰਾਣਾ (ਮੁਨੀਸ਼) - ਪੰਜਾਬ ਦੀ ਪਾਵਰਕਾਮ ਕਾਰਪੋਰੇਸ਼ਨ ਵੱਲੋਂ ਬਿਜਲੀ ਚੋਰੀ ਰੋਕਣ ਲਈ ਘਰਾਂ 'ਚੋਂ ਮੀਟਰ ਕੱਢ ਕੇ ਬਾਹਰ ਗਲੀਆਂ ਤੇ ਮੇਨ ਸੜਕਾਂ ਤੋਂ ਇਲਾਵਾ ਚੌਕਾਂ 'ਚ ਬਕਸਿਆਂ 'ਚ ਲਾਏ ਗਏ ਸਨ। ਕਈ ਬਕਸੇ ਅਜਿਹੇ ਹਨ ਜਿਨ੍ਹਾਂ 'ਚ ਲਗਭਗ ਇਕ ਬਕਸੇ 'ਚ 20 ਮੀਟਰ ਤੇ ਕੁੱਝ ਬਕਸੇ 8 ਮੀਟਰਾਂ ਵਾਲੇ ਹਨ, ਦੇ ਇਲਾਵਾ ਕਈਆਂ 'ਚ 4 ਮੀਟਰ ਹੀ ਲੱਗੇ ਹੋਏ ਹਨ। ਬਾਘਾਪੁਰਾਣਾ ਸ਼ਹਿਰ 'ਚ ਲੱਗੇ ਬਿਜਲੀ ਮੀਟਰਾਂ ਦੇ ਬਕਸਿਆਂ ਦੀ ਹਾਲਤ ਇੰਨੀ ਜ਼ਿਆਦਾ ਤਰਸਯੋਗ ਹੈ ਕਿ ਸ਼ਹਿਰ ਦੇ ਐੱਸ. ਡੀ. ਓ. ਤੋਂ ਇਲਾਵਾ ਜੇ. ਈ. ਦਾ ਇਨ੍ਹਾਂ ਬਕਸਿਆਂ ਵੱਲ ਉਕਾ ਹੀ ਧਿਆਨ ਨਹੀਂ। ਇਨ੍ਹਾਂ ਖਸਤਾਹਾਲਤ ਬਕਸਿਆਂ ਕਾਰਨ ਕੋਈ ਵੱਡੀ ਘਟਨਾ ਵਾਪਰ ਜਾਣ ਨਾਲ ਕਿਸੇ ਵੀ ਸ਼ਹਿਰ ਵਾਸੀ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ।
ਬਾਘਾਪੁਰਾਣਾ ਸ਼ਹਿਰ ਦਾ ਕੋਈ ਵੀ ਅਜਿਹਾ ਗਲੀ, ਮੁਹੱਲਾ ਅਤੇ ਸੜਕ ਨਹੀਂ, ਜਿਥੇ ਬਿਜਲੀ ਦਾ ਬਕਸਾ ਅਤੇ ਬਿਜਲੀ ਦੀਆਂ ਤਾਰਾਂ ਨਾ ਲਮਕਦੀਆਂ ਹੋਣ। ਸ਼ਹਿਰ ਦੇ ਨਿਹਾਲ ਸਿੰਘ ਵਾਲਾ ਰੋਡ ਸਥਿਤ ਇਕ ਪੈਟਰੋਲ ਪੰਪ ਦੇ ਬਿਲਕੁੱਲ ਸਾਹਮਣੇ ਸਥਿਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਕ ਲੱਗੇ 20 ਮੀਟਰਾਂ ਵਾਲੇ ਬਕਸੇ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ ਇਹ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਇਸ ਦੇ ਆਸ-ਪਾਸ ਬੇਸਹਾਰਾ ਪਸ਼ੂ ਵੀ ਘੁੰਮਦੇ ਦੇਖੇ ਜਾਂਦੇ ਹਨ, ਜਿਸ ਕਾਰਨ ਬੇਜ਼ੁਬਾਨ ਪਸ਼ੂ ਇਸ ਦੀ ਲਪੇਟ 'ਚ ਆ ਸਕਦੇ ਹਨ ਪਰ ਕਿਸੇ ਵੀ ਪਾਵਰਕਾਮ ਅਧਿਕਾਰੀ ਦਾ ਇਸ ਖਸਤਾਹਾਲਤ ਬਿਜਲੀ ਦੇ ਬਕਸੇ ਵੱਲ ਧਿਆਨ ਹੀ ਨਹੀਂ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਾਵਰਕਾਮ ਦੇ ਅਧਿਕਾਰੀ ਸ਼ਾਇਦ ਕਿਸੇ ਵੱਡੀ ਘਟਨਾ ਦੇ ਇੰਤਜ਼ਾਰ 'ਚ ਹਨ।


Related News