ਕੋਟਕਪੂਰਾ ਦੇ ਬੱਸ ਸਟੈਂਡ ਦੀ ਖਸਤਾ ਹਾਲਤ ਤੋਂ ਪ੍ਰੇਸ਼ਾਨ ਆਪ੍ਰੇਟਰ

10/19/2017 7:45:09 AM

ਕੋਟਕਪੂਰਾ  (ਨਰਿੰਦਰ) - ਸ਼ਹਿਰ ਦੇ ਬੱਸ ਸਟੈਂਡ ਦੀ ਬੇਹੱਦ ਖਸਤਾ ਹਾਲਤ ਦਾ ਜਾਇਜ਼ਾ ਲੈਣ ਲਈ ਅੱਜ ਐੱਸ. ਡੀ. ਐੱਮ. ਡਾ. ਮਨਦੀਪ ਕੌਰ ਵੱਲੋਂ ਬੱਸ ਸਟੈਂਡ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਬੱਸ ਸਟੈਂਡ ਕਮੇਟੀ ਦੇ ਆਗੂ ਜਸਕਰਨ ਸਿੰਘ ਢਿੱਲੋਂ ਤੇ ਟੈਕਸੀ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਜੱਗੂ ਨੇ ਐੱਸ. ਡੀ. ਐੱਮ. ਨੂੰ ਦੱਸਿਆ ਕਿ ਕੋਟਕਪੂਰਾ ਦਾ ਬੱਸ ਸਟੈਂਡ ਸਾਲ 1981 'ਚ ਹੋਂਦ 'ਚ ਆਇਆ ਸੀ ਤੇ ਉਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਅੱਡਾ ਫ਼ੀਸ ਅਤੇ ਠੇਕੇ ਆਦਿ ਰਾਹੀਂ ਮੋਟੀ ਕਮਾਈ ਕੀਤੀ ਜਾ ਰਹੀ ਹੈ ਪਰ ਇਸ ਦੀ ਸਾਂਭ-ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਦੌਰਾਨ ਉਨ੍ਹਾਂ ਉਥੇ ਸਫ਼ਾਈ ਦੀ ਮਾੜੀ ਹਾਲਤ, ਖਰਾਬ ਸੜਕਾਂ ਤੇ ਅਣਸੁਰੱਖਿਅਤ ਇਮਾਰਤ ਦੀ ਖਸਤਾ ਹਾਲਤ ਤੋਂ ਐੱਸ. ਡੀ. ਐੱਮ. ਨੂੰ ਜਾਣੂ ਕਰਵਾਇਆ। ਇਸ ਮੌਕੇ ਡਾ. ਮਨਦੀਪ ਕੌਰ ਨੇ ਨਗਰ ਕੌਂਸਲ ਇੰਸਪੈਕਟਰ ਮਨਮੋਹਨ ਸਿੰਘ ਚਾਵਲਾ ਨੂੰ ਬੱਸ ਅੱਡੇ ਦੀ ਇਮਾਰਤ ਦੀ ਹਾਲਤ ਸੁਧਾਰਨ ਲਈ ਆਉਣ ਵਾਲੇ ਖਰਚੇ ਦਾ ਐਸਟੀਮੇਟ ਤੁਰੰਤ ਤਿਆਰ ਕਰਨ ਅਤੇ ਸੈਨੇਟਰੀ ਇੰਸਪੈਕਟਰ ਗੁਰਿੰਦਰ ਸਿੰਘ ਨੂੰ ਸਮੁੱਚੇ ਬੱਸ ਸਟੈਂਡ ਦੀ ਸਫ਼ਾਈ ਤੁਰੰਤ ਕਰਵਾਉਣ ਦੀ ਹਦਾਇਤ ਕਰਨ ਤੋਂ ਇਲਾਵਾ ਮਿਸ਼ਨ ਕਲੀਨ ਕੋਟਕਪੂਰਾ ਤਹਿਤ ਬੱਸ ਸਟੈਂਡ ਕਮੇਟੀ ਬਣਾਉਣ ਦੀ ਵੀ ਹਦਾਇਤ ਕੀਤੀ। ਉਨ੍ਹਾਂ ਬੱਸ ਸਟੈਂਡ ਅੰਦਰ ਭਾਰੀ ਗਿਣਤੀ 'ਚ ਪੋਸਟਬਾਜ਼ੀ ਕਰਨ ਵਾਲਿਆਂ ਨੂੰ ਤੁਰੰਤ ਨੋਟਿਸ ਜਾਰੀ ਕਰਨ ਲਈ ਕਿਹਾ।
ਜ਼ਿਕਰਯੋਗ ਹੈ ਕਿ ਐੱਸ. ਡੀ. ਐੱਮ. ਵੱਲੋਂ ਕੋਟਕਪੂਰਾ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸਵੱਛ ਭਾਰਤ ਮੁਹਿੰਮ ਤਹਿਤ ਮਿਸ਼ਨ ਕਲੀਨ ਕੋਟਕਪੂਰਾ ਗਰੁੱਪ ਦਾ ਗਠਨ ਕੀਤਾ ਗਿਆ ਹੈ, ਜਿਸ ਦੇ ਹਾਂ-ਪੱਖੀ ਨਤੀਜੇ ਸਾਹਮਣੇ ਆਉਣ ਲੱਗੇ ਹਨ। ਇਸ ਤਹਿਤ ਤਹਿਸੀਲ ਕਮੇਟੀ ਤੋਂ ਇਲਾਵਾ ਮੁਹੱਲਾਵਾਰ ਕਮੇਟੀਆਂ ਬਣਾ ਕੇ ਸਬੰਧਤ ਇਲਾਕਿਆਂ ਨੂੰ ਸਾਫ਼-ਸੁਥਰਾ ਰੱਖਣ ਲਈ ਸਫ਼ਾਈ ਕਰਮਚਾਰੀਆਂ ਦੇ ਸਹਿਯੋਗ ਨਾਲ ਮੁਹਿੰਮ ਚਲਾਈ ਗਈ ਹੈ। ਸਮਾਜ ਸੇਵੀ ਰਾਜ ਕੁਮਾਰ ਗਰਗ, ਉਦੇ ਰੰਦੇਵ ਅਤੇ ਰਿਸ਼ੀ ਪਲਤਾ ਦੇ ਸਹਿਯੋਗ ਨਾਲ ਚਲਾਈ ਗਈ ਇਸ ਮੁਹਿੰਮ ਨੂੰ ਸ਼ਹਿਰ ਵਾਸੀਆਂ ਵੱਲੋਂ ਸਹਿਯੋਗ ਮਿਲਣ ਲੱਗਾ ਹੈ ਅਤੇ ਲੋਕ ਗੰਦੇ ਇਲਾਕਿਆਂ ਦੀ ਜਾਣਕਾਰੀ ਦੇਣ ਤੋਂ ਇਲਾਵਾ ਸਫ਼ਾਈ ਲਈ ਅੱਗੇ ਆ ਰਹੇ ਹਨ।