ਪੰਜਾਬ ਰੋਡਵੇਜ਼ ਦੇ ਡਿਪੂ ਦੀ ਖੰਡਰ ਬਣ ਚੁੱਕੀ ਇਮਾਰਤ ਕਾਰਨ ਵਾਪਰ ਸਕਦੀ ਹੈ ਵੱਡੀ ਘਟਨਾ

01/08/2018 7:49:00 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ  (ਸੁਖਪਾਲ, ਪਵਨ) - ਭਾਵੇਂ ਪੰਜਾਬ ਸਰਕਾਰ ਹੋਰਨਾਂ ਕੰਮਾਂ 'ਤੇ ਲੱਖਾਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਖਰਚ ਕਰ ਰਹੀ ਹੈ ਪਰ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡਿਪੂ ਦੀ ਇਮਾਰਤ ਖੰਡਰ ਬਣ ਚੁੱਕੀ ਹੈ ਅਤੇ ਇਸ ਖਸਤਾਹਾਲ ਹੋ ਚੁੱਕੀ ਇਮਾਰਤ ਵੱਲ ਪੰਜਾਬ ਸਰਕਾਰ ਧਿਆਨ ਨਹੀਂ ਦੇ ਰਹੀ, ਜਦਕਿ ਇਸ ਕਾਰਨ ਕਿਸੇ ਵੇਲੇ ਵੀ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ ਅਤੇ ਅੰਦਰ ਕੰਮ ਕਰ ਰਹੇ ਮੁਲਾਜ਼ਮਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਭਾਵੇਂ ਪੰਜਾਬ ਰੋਡਵੇਜ਼ ਦਾ ਉਕਤ ਡਿਪੂ ਕਈ ਘਾਟਾਂ ਅਤੇ ਉਣਤਾਈਆਂ ਦਾ ਸ਼ਿਕਾਰ ਹੈ ਪਰ ਇਸ ਦੇ ਬਾਵਜੂਦ ਉਕਤ ਡਿਪੂ ਮੁਨਾਫ਼ੇ ਵੱਲ ਜਾ ਰਿਹਾ ਹੈ।
ਕਮਰਿਆਂ ਦੀਆਂ ਛੱਤਾਂ 'ਚ ਹੋਏ ਵੱਡੇ ਮਘੋਰੇ
ਵਰਕਸ਼ਾਪ 'ਚ ਜੋ ਸ਼ੈੱਡ ਅਤੇ ਕਮਰੇ ਬਣੇ ਹੋਏ ਹਨ, ਉਨ੍ਹਾਂ ਦੀ ਹਾਲਤ ਬੇਹੱਦ ਖਸਤਾ ਤੇ ਮਾੜੀ ਹੈ, ਜੋ ਕਿ ਕਿਸੇ ਵੀ ਸਮੇਂ ਇਹ ਡਿੱਗ ਸਕਦੇ ਹਨ। ਇਸ ਕਾਰਨ ਇੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਵੀ ਨੁਕਸਾਨ ਹੋ ਸਕਦਾ ਹੈ, ਜਿਸ ਥਾਂ 'ਤੇ ਬੱਸਾਂ ਨੂੰ ਧੋਇਆ ਜਾਂਦਾ ਹੈ, ਉਹ ਕਮਰਾ ਵੀ ਡਿੱਗਣ ਵਾਲਾ ਹੈ। ਕਮਰਿਆਂ ਦੀਆਂ ਛੱਤਾਂ 'ਚ ਵੱਡੇ ਮਘੋਰੇ ਹੋਏ ਪਏ ਹਨ।
ਚਾਰਦੀਵਾਰੀ ਦਾ ਹਾਲ ਮਾੜਾ
ਡਿਪੂ ਦੇ ਬਾਹਰ ਜੋ ਚਾਰ ਦੀਵਾਰੀ ਹੈ, ਉਸ ਦਾ ਹਾਲ ਵੀ ਬੇਹੱਦ ਮਾੜਾ ਹੈ। ਕਈ ਥਾਵਾਂ ਤੋਂ ਚਾਰਦੀਵਾਰੀ ਡਿੱਗ ਚੁੱਕੀ ਹੈ। ਸੁਰੱਖਿਆ ਪੱਖੋਂ ਨਵੀਂ ਚਾਰਦੀਵਾਰੀ ਉੱਚੀ ਕਰਨ ਦੀ ਬਹੁਤ ਜ਼ਰੂਰਤ ਹੈ।
ਇਮਾਰਤ ਵਾਸਤੇ 5 ਕਰੋੜ ਰੁਪਏ ਮੰਗੇ
ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਵਰਕਸ਼ਾਪ ਦੀ ਨਵੀਂ ਇਮਾਰਤ ਬਣਾਉਣ ਲਈ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈ ਅਤੇ 5 ਕਰੋੜ ਰੁਪਏ ਮੰਗੇ ਗਏ ਹਨ। ਉਨ੍ਹਾਂ ਦੱਸਿਆ ਕਿ ਦਫ਼ਤਰ ਵਾਲੀ ਇਮਾਰਤ ਵੀ 50 ਸਾਲ ਪੁਰਾਣੀ ਅਤੇ 1977 'ਚ ਬਣਾਈ ਗਈ ਸੀ। ਇਸ ਇਮਾਰਤ ਨੂੰ ਨਵਾਂ ਬਣਾਇਆ ਜਾਣਾ ਚਾਹੀਦਾ ਹੈ।  
ਵਰਕਸ਼ਾਪ ਵਾਲੇ ਪਾਸੇ ਬਣਿਆ ਪਿਆ ਹੈ ਜੰਗਲ
ਵਰਕਸ਼ਾਪ ਵਾਲੇ ਪਾਸੇ ਬਹੁਤ ਜ਼ਿਆਦਾ ਦਰਖੱਤ ਅਤੇ ਘਾਹ-ਫੂਸ ਉੱਗਿਆ ਪਿਆ ਹੈ ਅਤੇ ਇੰਝ ਲੱਗਦਾ ਹੈ ਕਿ ਜਿਵੇਂ ਕੋਈ ਜੰਗਲ ਹੋਵੇ। ਇਸ ਥਾਂ ਨੂੰ ਸਾਫ਼-ਸੁਥਰਾ ਬਣਾਏ ਜਾਣ ਦੀ ਲੋੜ ਹੈ।
ਡਿਪੂ ਕੋਲ ਹਨ 118 ਬੱਸਾਂ
ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡਿਪੂ ਕੋਲ ਇਸ ਸਮੇਂ ਕੁਲ 118 ਬੱਸਾਂ ਹਨ , ਇਨ੍ਹਾਂ 'ਚੋਂ 71 ਪਨਬਸਾਂ, 34 ਰੋਡਵੇਜ਼ ਦੀਆਂ ਬੱਸਾਂ, 5 ਪੇਂਡੂ ਸੇਵਾ ਵਾਲੀਆਂ ਮਿੰਨੀ ਬੱਸਾਂ, 7 ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਅਤੇ ਇਕ ਵੋਲਵੋ ਬੱਸ ਹੈ।
ਰੋਜ਼ਾਨਾ 7 ਤੋਂ 8 ਲੱਖ ਦੀ ਹੈ ਕਮਾਈ
ਸ੍ਰੀ ਮੁਕਤਸਰ ਸਾਹਿਬ ਦੇ ਉਕਤ ਡਿਪੂ ਦੀਆਂ ਬੱਸਾਂ ਰੋਜ਼ਾਨਾ ਲਗਭਗ 7 ਤੋਂ 8 ਲੱਖ ਰੁਪਏ ਦੀ ਕਮਾਈ ਕਰਦੀਆਂ ਹਨ। ਪਨਬਸਾਂ ਵੱਧ ਕਮਾਈ ਕਰ ਰਹੀਆਂ ਹਨ, ਜਦਕਿ ਰੋਡਵੇਜ਼ ਦੀਆਂ ਬੱਸਾਂ ਥੋੜ੍ਹੇ ਘਾਟੇ ਵਾਲੇ ਪਾਸੇ ਚੱਲਦੀਆਂ ਹਨ।
ਰੋਜ਼ਾਨਾ 32 ਹਜ਼ਾਰ ਕਿਲੋਮੀਟਰ ਦਾ ਸਫਰ ਹੁੰਦੈ ਤੈਅ
ਸ੍ਰੀ ਮੁਕਤਸਰ ਸਾਹਿਬ ਡਿਪੂ ਦੀਆਂ ਸਾਰੀਆਂ ਬੱਸਾਂ ਰੋਜ਼ਾਨਾ ਦੂਰ ਅਤੇ ਨੇੜੇ ਦਾ ਕਰੀਬ 32 ਹਜ਼ਾਰ ਕਿਲੋਮੀਟਰ ਸਫਰ ਤੈਅ ਕਰਦੀਆਂ ਹਨ।
34 ਹੋਰ ਬੱਸਾਂ ਸਰਕਾਰ ਤੋਂ ਮੰਗੀਆਂ
ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਤੋਂ ਚਿੱਠੀ ਭੇਜ ਕੇ ਇਹ ਮੰਗ ਕੀਤੀ ਹੋਈ ਹੈ ਕਿ ਉਕਤ ਡਿਪੂ 'ਚ 34 ਨਵੀਆਂ ਬੱਸਾਂ ਹੋਰ ਭੇਜੀਆਂ ਜਾਣ ਤਾਂ ਕਿ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਮਿਲ ਸਕਣ।
ਡਰਾਈਵਰਾਂ ਤੇ ਕੰਡਕਟਰਾਂ ਦੀ ਗਿਣਤੀ
ਪੰਜਾਬ ਰੋਡਵੇਜ਼, ਪਨਬਸ ਅਤੇ ਮਿੰਨੀ ਬੱਸਾਂ ਨੂੰ ਚਲਾਉਣ ਲਈ ਡਿਪੂ ਕੋਲ 137 ਡਰਾਈਵਰ ਹਨ, ਜਦਕਿ 152 ਕੰਡਕਟਰ ਕੰਮ ਕਰ ਰਹੇ ਹਨ।
ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਨੂੰ ਵੀ ਜਾਂਦੀਆਂ ਬੱਸਾਂ
ਸ੍ਰੀ ਮੁਕਤਸਰ ਸਾਹਿਬ ਡਿਪੂ ਦੀਆਂ ਬੱਸਾਂ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਤੋਂ ਇਲਾਵਾ ਬਾਹਰਲੇ ਸੂਬਿਆਂ, ਜਿਨ੍ਹਾਂ 'ਚ ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ, ਦਿੱਲੀ, ਹਿਮਾਚਲ ਪ੍ਰਦੇਸ਼, ਯੂ. ਪੀ. ਅਤੇ ਉੱਤਰਾਖੰਡ ਆਦਿ ਸ਼ਾਮਲ ਹਨ, ਨੂੰ ਵੀ ਜਾਂਦੀਆਂ ਹਨ।
ਬੱਸਾਂ ਲਈ ਤੇਲ
ਪਹਿਲਾਂ ਸਰਕਾਰੀ ਬੱਸਾਂ 'ਚ ਡੀਜ਼ਲ ਬਾਹਰੋਂ ਪ੍ਰਾਈਵੇਟ ਪੈਟਰੋਲ ਪੰਪਾਂ ਤੋਂ ਪੁਆਇਆ ਜਾਂਦਾ ਸੀ, ਜਦਕਿ ਹੁਣ ਸਾਰੀਆਂ ਬੱਸਾਂ 'ਚ ਡੀਜ਼ਲ ਪਾਉਣ ਦੀ ਸੁਵਿਧਾ ਡਿਪੂ ਦੇ ਅੰਦਰ ਹੀ ਸਥਿਤ ਹੈ ਅਤੇ ਬਾਕਾਇਦਾ ਤੇਲ ਪੰਪ ਲੱਗਾ ਹੋਇਆ ਹੈ।