15 ਦਿਨਾਂ ਦਾ ਅਗਵਾ ਬੱਚਾ ਪੁਲਸ ਵੱਲੋਂ ਬਰਾਮਦ, 2 ਮਹਿਲਾ ਕਿਡਨੈਪਰ ਵੀ ਕਾਬੂ

08/17/2019 6:34:26 PM

ਜਲੰਧਰ (ਵਰੁਣ,ਸੋਨੂੰ)—ਰੱਖੜੀ ਵਾਲੇ ਦਿਨ ਯਾਨੀ 15 ਅਗਸਤ ਨੂੰ 15 ਦਿਨਾਂ ਦਾ ਬੱਚਾ ਅਗਵਾ ਹੋਣ ਦੇ ਮਾਮਲੇ ਨੂੰ ਕਮਿਸ਼ਨਰੇਟ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਵੱਲੋਂ ਬਠਿੰਡਾ ਤੋਂ ਬੱਚੇ ਬਰਾਮਦ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਦੋ ਮਹਿਲਾ ਕਿਡਨੈਪਰਾਂ ਨੂੰ ਵੀ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੀਆਂ ਗਈਆਂ ਮਹਿਲਾ ਕਿਡਨੈਪਰ ਦੀ ਪਛਾਣ ਮਨਜੀਤ ਕੌਰ ਉਰਫ ਮੰਜੂ ਪਤਨੀ ਮੰਗਲ ਦਾਸ ਵਾਸੀ ਭਗਤਪੁਰਾ ਨੇੜੇ ਸ਼ੇਖੂਪੁਰਾ ਜ਼ਿਲਾ ਕਪੂਰਥਲਾ, ਬਲਵਿੰਦਰ ਕੌਰ ਪਤਨੀ ਪੱਪੂ ਸਿੰਘ ਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲਾ ਬਠਿੰਡਾ ਦੇ ਰੂਪ 'ਚ ਹੋਈ ਹੈ। ਇਨ੍ਹਾਂ ਦੇ ਨਾਲ 4 ਹੋਰ ਲੋਕ ਵੀ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ 'ਚ ਸ਼ਾਮਲ ਹਨ। ਪੁਲਸ ਵੱਲੋਂ ਉਨ੍ਹਾਂ ਨੂੰ ਨਾਮਜ਼ਦ ਕੀਤਾ ਗਿਆ ਹੈ। 


ਸਵਾ 4 ਲੱਖ 'ਚ ਵੇਚਿਆ ਸੀ ਕਿਡਨੈਪਰਾਂ ਨੇ ਬੱਚਾ 
ਜਾਣਕਾਰੀ ਦਿੰਦੇ ਹੋਏ ਜਾਂਚ ਕਰ ਰਹੇ ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਾਈਕ ਸਵਾਰ ਦੋ ਨੌਜਵਾਨ ਫੇਅਰ ਫਾਰਮ ਨੇੜੇ ਤੋਂ ਇਕ 15 ਦਿਨਾਂ ਦੇ ਬੱਚੇ ਨੂੰ ਲੈ ਕੇ ਫਰਾਰ ਹੋਏ ਹਨ। ਸੂਚਨਾ ਮਿਲਣ ਤੋਂ ਬਾਅਦ ਜਾਂਚ ਕਰਕੇ 15 ਦਿਨਾਂ ਦੇ ਲੜਕੇ ਸ਼ਿਵਾ ਨੂੰ ਬਠਿੰਡਾ ਤੋਂ ਬਰਾਮਦ ਕਰ ਲਿਆ। ਡਿਵੀਜ਼ਨ-ਨੰਬਰ ਇਕ ਦੀ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕਰਨ 'ਤੇ ਪਤਾ ਲੱਗਾ ਕਿ ਤਿਲਕ ਰਾਜ ਪੁੱਤਰ ਅਮਰਚੰਦ ਵਾਸੀ ਪਿੰਡ ਕੋਟ ਕਰਾਰ ਖਾਂ ਜ਼ਿਲਾ ਕਪੂਰਥਲਾ ਅਤੇ ਉਸ ਦੀ ਪਤਨੀ ਰਾਜਿੰਦਰ ਕੌਰ ਉਰਫ ਜੋਤੀ ਨੇ ਬੱਚੇ ਨੂੰ ਅਗਵਾ ਕੀਤਾ ਹੈ। ਇਸ ਤੋਂ ਬਾਅਦ ਇਨ੍ਹਾਂ ਕਿਡਨੈਪਰਾਂ ਨੇ ਬਲਵਿੰਦਰ ਕੌਰ ਵਾਸੀ ਮੁਕਤਸਰ ਸਾਹਿਬ, ਬਲਵਿੰਦਰ ਕੌਰ ਪਤਨੀ ਪੱਪੂ ਸਿੰਘ ਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ ਜ਼ਿਲਾ ਬਠਿੰਡਾ ਵੱਲੋਂ ਮਨਜੀਤ ਕੌਰ ਉਰਫ ਮੰਜੂ ਪਤਨੀ ਮੰਗਲ ਦਾਸ ਵਾਸੀ ਭਗਤਪੁਰਾ ਨਜ਼ਦੀਕ ਸ਼ੇਖੂਪੁਰਾ ਜ਼ਿਲਾ ਕਪੂਰਥਲਾ, ਸੁਖਰਾਜ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਪਿੰਡ ਭਾਗੂ ਥਾਣਾ ਕੈਂਟ ਜ਼ਿਲਾ ਬਠਿੰਡਾ ਦੇ ਨਾਲ ਮਿਲ ਕੇ ਇੰਦਰਜੀਤ ਕੌਰ ਪਤਨੀ ਕਰਮਜੀਤ ਸਿੰਘ ਵਾਸੀ ਪਿੰਡ ਮਕੋੜ ਜ਼ਿਲਾ ਰੋਪੜ ਨੂੰ ਗੁਮੰਰਾਹ ਕਰਕੇ ਸਵਾ ਚਾਰ ਲੱਖ 'ਚ ਵੇਚ ਦਿੱਤਾ ਹੈ। ਇੰਦਰਜੀਤ ਦਾ ਪਤੀ ਕਰਮਜੀਤ ਬਠਿੰਡਾ ਕੈਂਟ ਵਿਖੇ ਆਰਮੀ 'ਚ ਨੌਕਰੀ ਕਰਦਾ ਹੈ। 


ਪੁਲਸ ਨੇ ਤੁਰੰਤ ਹੀ ਇਕ ਸਪੈਸ਼ਲ ਟੀਮ ਤਿਆਰ ਕਰਕੇ ਬੱਚੇ ਨੂੰ ਬਠਿੰਡਾ ਤੋਂ ਬਰਾਮਦ ਲਿਆ। ਪੁਲਸ ਨੇ ਅਗਵਾ ਕੀਤੇ ਗਏ ਬੱਚੇ ਸ਼ਿਵਾ ਨੂੰ ਉਸ ਦੀ ਮਾਂ ਚੰਦਾ ਦੇਵੀ ਪਤਨੀ ਪ੍ਰਮੋਦ ਕੁਮਾਰ ਵਾਸੀ ਫੇਅਰ ਫਾਰਮ ਨੂੰ ਸੌਂਪ ਦਿੱਤਾ ਹੈ। ਇਸ ਮਾਮਲੇ 'ਚ ਪੁਲਸ ਨੇ ਤਿਲਕ ਰਾਜ, ਰਾਜਵਿੰਦਰ ਕੌਰ, ਸੁਖਰਾਜ ਸਿੰਘ, ਬਲਵਿੰਦਰ ਕੌਰ ਨੂੰ ਨਾਮਜ਼ਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੁਖਰਾਜ ਅਤੇ ਬਲਵਿੰਦਰ ਕੌਰ ਨੇ ਕਰਵਾਈ ਸੀ ਆਰਮੀਮੈਨ ਤੇ ਉਸਦੀ ਪਤਨੀ ਨਾਲ ਮੁਲਾਕਾਤ
ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਸੁਖਰਾਜ ਬਠਿੰਡਾ ਵਿਚ ਰਹਿੰਦਾ ਹੈ, ਜਦੋਂਕਿ ਆਰਮੀ 'ਚ ਤਾਇਨਾਤ ਰਮਨਜੀਤ ਆਪਣੀ ਪਤਨੀ ਇੰਦਰਜੀਤ ਨਾਲ ਬਠਿੰਡਾ 'ਚ ਹੀ ਤਾਇਨਾਤ ਹੈ। ਬਲਵਿੰਦਰ ਕੌਰ ਪਹਿਲਾਂ ਹੀ ਸੁਖਰਾਜ ਨੂੰ ਜਾਣਦੀ ਸੀ, ਜਦੋਂਕਿ ਸੁਖਰਾਜ ਜੋਤੀ ਨੂੰ ਕਾਫੀ ਸਮੇਂ ਤੋਂ ਜਾਣਦੀ ਸੀ। ਸੁਖਰਾਜ ਨੂੰ ਪਤਾ ਲੱਗਾ ਕਿ ਰਮਨਜੀਤ ਅਤੇ ਉਸ ਦੀ ਪਤਨੀ ਬੱਚਾ ਗੋਦ ਲੈਣਾ ਚਾਹੁੰਦੇ ਹਨ। ਉਸ ਨੇ ਬਲਵਿੰਦਰ ਕੌਰ ਨਾਲ ਗੱਲ ਕੀਤੀ ਅਤੇ ਬਾਅਦ 'ਚ ਜੋਤੀ ਨੂੰ ਵੀ ਨਾਲ ਮਿਲਾ ਲਿਆ। ਇਸ ਤਰ੍ਹਾਂ ਜੋਤੀ ਨੇ ਚੰਦਾ ਨਾਲ ਗੱਲ ਕੀਤੀ ਪਰ ਚੰਦਾ ਨੇ ਆਪਣਾ ਬੱਚਾ ਦੇਣ ਤੋਂ ਮਨ੍ਹਾ ਕਰ ਦਿੱਤਾ। ਜੋਤੀ ਅਤੇ ਉਸ ਦੇ ਸਾਥੀਆਂ ਨੇ ਰਮਨਜੀਤ ਅਤੇ ਉਸਦੀ ਪਤਨੀ ਨੂੰ ਇਹ ਹੀ ਕਿਹਾ ਸੀ ਕਿ ਉਹ ਕਾਨੂੰਨੀ ਢੰਗ ਨਾਲ ਬੱਚੇ ਨੂੰ ਗੋਦ ਦਿਵਾ ਦੇਣਗੇ। ਜੋਤੀ ਨੇ ਰਮਨਜੀਤ ਨੂੰ ਘਰ 'ਚ ਵਿਆਹ ਦਾ ਝੂਠ ਬੋਲ ਕੇ ਉਨ੍ਹਾਂ ਕੋਲੋਂ 4.25 ਲੱਖ ਰੁਪਏ ਵੀ ਲੈ ਲਏ ਅਤੇ ਜੋਤੀ ਲਗਾਤਾਰ ਫੋਨ 'ਤੇ ਅਤੇ ਚੰਦਾ ਦੇ ਘਰ ਵੀ ਜਾ ਕੇ ਉਨ੍ਹਾਂ ਕੋਲੋਂ ਸ਼ਿਵਾ ਨੂੰ ਗੋਦ ਦੇਣ 'ਤੇ ਮੋਟੀ ਰਕਮ ਦੇਣ ਦਾ ਲਾਲਚ ਦਿੰਦੀ ਰਹੀ। ਚੰਦਾ ਮਨ ਨਹੀਂ ਰਹੀ ਸੀ। ਜੋਤੀ ਨੇ ਆਪਣੇ ਪਤੀ ਤਿਲਕ ਰਾਜ, ਸੁਖਰਾਜ ਨਾਲ ਗੱਲ ਕੀਤੀ ਤਾਂ ਕਿਡਨੈਪਿੰਗ ਦਾ ਪਲਾਨ ਤਿਆਰ ਹੋਇਆ। ਉਸ ਤੋਂ ਬਾਅਦ ਜੋਤੀ ਨੇ ਕਦੀ ਵੀ ਚੰਦਾ ਨੂੰ ਫੋਨ ਨਹੀਂ ਕੀਤਾ ਅਤੇ ਨਾ ਹੀ ਮਿਲੀ। 15 ਅਗਸਤ ਦੀ ਰਾਤ ਨੂੰ ਤਿਲਕ ਅਤੇ ਸੁਖਰਾਜ ਨੇ ਸ਼ਿਵਾ ਨੂੰ ਕਿਡਨੈਪ ਕਰ ਲਿਆ ਅਤੇ ਬਾਅਦ 'ਚ ਜੋਤੀ ਦੇ ਹਵਾਲੇ ਕਰ ਦਿੱਤਾ। ਜੋਤੀ ਨੇ ਹੁਣ ਮਨਜੀਤ ਕੌਰ, ਬਲਜਿੰਦਰ ਕੌਰ ਅਤੇ ਬਲਵਿੰਦਰ ਦੇ ਜ਼ਰੀਏ ਰਮਨਜੀਤ ਅਤੇ ਉਸ ਦੀ ਪਤਨੀ ਨੂੰ ਬੱਚਾ ਕਥਿਤ ਤੌਰ 'ਤੇ ਵੇਚਣਾ ਸੀ। ਸਾਰਿਆਂ ਨੇ ਬਠਿੰਡਾ 'ਚ ਇਕੱਠੇ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਸ ਇਨ੍ਹਾਂ ਤੱਕ ਪਹੁੰਚ ਗਈ। ਡੀ. ਸੀ.ਪੀ. ਦਾ ਕਹਿਣਾ ਹੈ ਕਿ ਆਰਮੀਮੈਨ ਰਮਨਜੀਤ ਅਤੇ ਉਸ ਦੀ ਪਤਨੀ ਨੂੰ ਕਿਡਨੈਪਿੰਗ ਬਾਰੇ ਕੁਝ ਪਤਾ ਨਹੀਂ। ਉਨ੍ਹਾਂ ਕਾਨੂੰਨੀ ਢੰਗ ਨਾਲ ਬੱਚਾ ਲੈਣ ਦੀ ਮੰਗ ਰੱਖੀ ਸੀ।

ਮੋਬਾਇਲ ਡਿਟੇਲ ਤੋਂ ਲੈ ਕੇ ਸੀ. ਸੀ. ਟੀ. ਵੀ. 'ਚ ਮੂਵਮੈਂਟ ਤੋਂ ਬਾਅਦ ਮਿਲੀ ਕਾਮਯਾਬੀ
ਥਾਣਾ 1 ਦੀ ਪੁਲਸ ਅਤੇ ਸੀ. ਆਈ. ਏ. ਸਟਾਫ 1 ਨੇ 15 ਅਗਸਤ ਦੀ ਰਾਤ ਨੂੰ ਹੀ ਚੰਦਾ ਦੀ ਮੋਬਾਇਲ ਡਿਟੇਲ ਕਢਵਾ ਲਈ ਸੀ। ਉਸ 'ਚੋਂ ਜੋਤੀ ਦਾ ਨੰਬਰ ਮਿਲਿਆ, ਜਿਸ ਨਾਲ 6 ਦਿਨ ਪਹਿਲਾਂ ਕਾਫੀ ਵਾਰ ਗੱਲਾਂ ਹੋਈਆਂ ਪਰ ਬਾਅਦ 'ਚ ਅਚਾਨਕ ਨੰਬਰ ਬੰਦ ਮਿਲਿਆ। ਪੁਲਸ ਨੇ ਜੋਤੀ ਦਾ ਨੰਬਰ ਮਿਲਾਇਆ ਤਾਂ ਉਹ ਬੰਦ ਸੀ। ਜੋਤੀ ਦੇ ਮੋਬਾਇਲ ਦੀ ਡਿਟੇਲ ਅਤੇ ਲੋਕੇਸ਼ਨ ਵੀ ਕਢਵਾਈ ਗਈ। ਜੋਤੀ ਦੀ ਲੋਕੇਸ਼ਨ ਵੀ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਚੰਦਾ ਦੇ ਘਰ ਕੋਲ ਮਿਲੀ। ਜੋਤੀ ਦੇ ਘਰ ਰੇਡ ਕੀਤੀ ਪਰ ਉਹ ਫਰਾਰ ਸੀ। ਘਰ ਦੇ ਕੋਲ ਹੀ ਸੀ. ਸੀ. ਟੀ.ਵੀ. ਕੈਮਰਾ ਲੱਗਾ ਸੀ। ਜੋਤੀ ਦੀ ਮੂਵਮੈਂਟ ਦੇਰ ਤੱਕ ਅੰਦਰ ਆਉਣ-ਜਾਣ ਦੀ ਸੀ। ਜਿਸਤੋਂ ਬਾਅਦ ਤੈਅ ਹੋ ਗਿਆ ਕਿ ਇਸ ਕਾਂਡ ਵਿਚ ਜੋਤੀ ਸ਼ਾਮਲ ਹੈ। ਟ੍ਰੈਪ ਵਿਛਾਉਣ ਤੋਂ ਬਾਅਦ ਪੁਲਸ ਨੇ ਜੋਤੀ ਅਤੇ ਮਨਜੀਤ ਨੂੰ ਕਾਬੂ ਕਰਕੇ ਸ਼ਿਵਾ ਨੂੰ ਬਰਾਮਦ ਕਰ ਲਿਆ।

shivani attri

This news is Content Editor shivani attri