ਬੱਬਰ ਖਾਲਸਾ ਦੇ ਗ੍ਰਿਫਤਾਰ ਅੱਤਵਾਦੀ ਕਾਲਾ ਤੇ ਅਮਨਾ ਸੇਠ ਤੋਂ ਆਹਮੋ-ਸਾਹਮਣੇ ਹੋਵੇਗੀ ਪੁੱਛਗਿੱਛ

08/19/2017 5:56:13 PM

ਲੁਧਿਆਣਾ (ਪੰਕਜ)-ਪੰਜਾਬ ਪੁਲਸ ਅਤੇ ਏ. ਟੀ. ਐੱਸ. ਦੇ ਸਾਂਝੇ ਆਪ੍ਰੇਸ਼ਨ ਵਿਚ ਲਖਨਊ ਤੋਂ ਗ੍ਰਿਫਤਾਰ ਹੋਏ ਬੱਬਰ ਖਾਲਸਾ ਦੇ ਸਰਗਰਮ ਅੱਤਵਾਦੀ ਜਸਵੰਤ ਸਿੰਘ ਕਾਲਾ ਅਤੇ ਉਸ ਦੇ ਸਹਿਯੋਗੀ ਬਲਵੰਤ ਸਿੰਘ ਨੂੰ ਟ੍ਰਾਂਜ਼ਿਟ ਰਿਮਾਂਡ 'ਤੇ ਲੈ ਕੇ ਪੰਜਾਬ ਪੁੱਜੀ ਪੁਲਸ ਜੇਲ ਵਿਚ ਬੰਦ ਅਸ਼ੋਕ ਵੋਹਰਾ ਉਰਫ ਅਮਨਾ ਸੇਠ ਨੂੰ ਵੀ ਪ੍ਰੋਡੱਕਸ਼ਨ ਵਾਰੰਟ 'ਤੇ ਲਿਆ ਕੇ ਆਹਮੋ-ਸਾਹਮਣੇ ਪੁੱਛਗਿੱਛ ਕਰਨ ਦੀ ਤਿਆਰੀ ਵਿਚ ਹੈ। 
ਦੋਵਾਂ ਨਾਲ ਕ੍ਰਾਸ ਇੰਟੈਰੋਗੇਸ਼ਨ ਵਿਚ ਪੰਜਾਬ ਦੇ ਕਈ ਅਣਸੁਲਝੇ ਹਾਈਪ੍ਰੋਫਾਈਲ ਕਤਲਾਂ ਤੋਂ ਪਰਦਾ ਉੱਠਣ ਦੀ ਸੰਭਾਵਨਾ ਹੈ। ਕਾਲਾ ਦੀ ਗ੍ਰਿਤਫਾਰੀ ਤੋਂ ਬਾਅਦ ਪੁਲਸ ਦੇ ਉੱਚ ਅਧਿਕਾਰੀ ਕਾਫੀ ਜੋਸ਼ ਵਿਚ ਹਨ। ਆਉਣ ਵਾਲੇ ਦਿਨਾਂ ਵਿਚ ਆਪ ਡੀ. ਜੀ. ਪੀ. ਇਸ ਸਬੰਧੀ ਕਈ ਖੁਲਾਸੇ ਕਰ ਸਕਦੇ ਹਨ। ਰਾਜ ਵਿਚ ਅਕਾਲੀ-ਭਾਜਪਾ ਸਰਕਾਰ ਦੇ ਗਲੇ ਦਾ ਫਾਹਾ ਬਣੇ ਬਰਗਾੜੀ ਕਾਂਡ ਦੇ ਗਵਾਹ ਗੁਰਦੇਵ ਸਿੰਘ, ਹਨੂਮਾਨਗੜ੍ਹ ਵਿਚ ਲਖਵਿੰਦਰ ਸਿੰਘ ਲੱਖਾ ਅਤੇ ਮੋਗਾ ਵਿਚ ਪਾਰਸਮਨੀ ਦੇ ਕਤਲਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲਣ ਵਾਲੇ ਅਮਨਾ ਸੇਠ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਸੀ ਕਿ ਇਨ੍ਹਾਂ ਕਤਲਾਂ ਨੂੰ ਉਸ ਨੇ ਜਸਵੰਤ ਸਿੰਘ ਕਾਲਾ ਦੇ ਕਹਿਣ 'ਤੇ ਅੰਜਾਮ ਦਿੱਤਾ ਸੀ। ਹਾਲਾਂਕਿ ਅਮਨਾ ਦੀ ਗ੍ਰਿਫਤਾਰੀ ਉਪਰੰਤ ਜੂਨ ਮਹੀਨੇ ਵਿਚ ਕਾਲਾ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਸ ਨੇ ਮੁਕਤਸਰ ਜ਼ਿਲੇ ਦੇ ਸੋਹਣੇਵਾਲ ਪਿੰਡ ਸਥਿਤ ਘਰ ਵਿਚ ਛਾਪੇਮਾਰੀ ਵੀ ਕੀਤੀ ਸੀ ਪਰ ਉਸ ਸਮੇਂ ਦੋਸ਼ੀ ਘਰ ਵਿਚ ਹੋਣ ਦੇ ਬਾਵਜੂਦ ਪੁਲਸ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ ਸੀ। ਉਦੋਂ ਤੋਂ ਪੁਲਸ ਉਸ ਦੇ ਪਿੱਛੇ ਲੱਗੀ ਹੋਈ ਸੀ।
ਅੱਤਵਾਦੀ ਜਸਵੰਤ ਸਿੰਘ ਕਾਲਾ ਅਤੇ ਉਸ ਦੇ ਸਹਿਯੋਗੀ ਬਲਵੰਤ ਸਿੰਘ ਦੀ ਗ੍ਰਿਫਤਾਰੀ ਉਪਰੰਤ ਅਧਿਕਾਰੀ ਇਸ ਲਈ ਕਾਫੀ ਜੋਸ਼ ਵਿਚ ਹਨ ਕਿ ਅਮਨਾ ਸੇਠ ਵੱਲੋਂ ਕਾਲਾ ਦੇ ਇਸ਼ਾਰੇ 'ਤੇ ਪੰਜਾਬ 'ਚ ਉਨ੍ਹਾਂ ਹੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਨ੍ਹਾਂ ਦਾ ਇਕ ਧਰਮ ਵਿਸ਼ੇਸ਼ ਦਾ ਨਾਲ ਝਗੜਾ ਚੱਲ ਰਿਹਾ ਸੀ, ਜਦੋਂਕਿ ਪੰਜਾਬ ਵਿਚ ਇਨ੍ਹਾਂ ਸਾਲਾਂ ਦੌਰਾਨ ਅੱਧਾ ਦਰਜਨ ਦੇ ਕਰੀਬ ਅਜਿਹੀਆਂ ਸ਼ਖਸੀਅਤਾਂ ਦੇ ਵੀ ਕਤਲ ਹੋਏ ਹਨ, ਜੋ ਕਿ ਕਿਸੇ ਨਾ ਕਿਸੇ ਭਾਈਚਾਰੇ ਦੀ ਅਗਵਾਈ ਕਰ ਰਹੇ ਸਨ ਅਤੇ ਉਨ੍ਹਾਂ ਦੇ ਕਤਲ ਪੁਲਸ ਅਤੇ ਸਰਕਾਰ ਲਈ ਚੁਣੌਤੀ ਬਣੇ ਹੋਏ ਹਨ। ਕਾਲਾ ਤੋਂ ਅਧਿਕਾਰੀ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਵਿਚ ਲੱਗੇ ਹੋਏ ਹਨ ਕਿ ਅਮਨਾ ਸੇਠ ਵਾਂਗ ਹੋਰ ਕਿੰਨੇ ਲੋਕਾਂ ਨੂੰ ਉਸ ਨੇ ਆਪਣਾ ਹਥਿਆਰ ਬਣਾਇਆ ਹੋਇਆ ਸੀ ਜਾਂ ਉਸ ਦੀ ਕਿੰਨੇ ਹੋਰ ਕੇਸਾਂ ਵਿਚ ਸ਼ਮੂਲੀਅਤ ਹੈ। ਇਹੀ ਵਜ੍ਹਾ ਹੈ ਕਿ ਅਧਿਕਾਰੀ ਫੜੇ ਗਏ ਦੋਵਾਂ ਅੱਤਵਾਦੀਆਂ ਤੋਂ ਇਲਾਵਾ ਜੇਲ ਵਿਚ ਬੰਦ ਅਮਨਾ ਸੇਠ ਅਤੇ ਉਸ ਦੇ ਸਾਥੀ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨ ਦੀ ਤਿਆਰੀ ਵਿਚ ਹਨ।