ਬੱਬਰ ਖਾਲਸਾ ਦੇ 2 ਮੈਂਬਰ ਗ੍ਰਿਫਤਾਰ, 'ਘੱਲੂਘਾਰਾ ਹਫਤੇ' ਦੌਰਾਨ ਹਮਲੇ ਦੀ ਸੀ ਯੋਜਨਾ

05/31/2019 12:19:49 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਨੇ 'ਘੱਲੂਘਾਰਾ ਹਫਤੇ' ਦੌਰਾਨ ਆਈ. ਐਸ. ਆਈ. ਸਮਰਥਨ ਪ੍ਰਾਪਤ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਅੱਤਵਾਦੀ ਹਮਲਿਆਂ ਨੂੰ ਨਾਕਾਮ ਕੀਤਾ ਹੈ। ਪੁਲਸ ਦੇ ਬੁਲਾਰੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਗਦੇਵ ਸਿੰਘ ਅਤੇ ਰਵਿੰਦਰਪਾਲ ਸਿੰਘ ਵਜੋਂ ਹੋਈ ਹੈ, ਜੋ ਇਸ ਸਮੇਂ ਮਲੇਸ਼ੀਆ 'ਚ ਰਹਿ ਰਹੇ ਕੁਲਵਿੰਦਰ ਸਿੰਘ ਉਰਫ ਖਾਨਪੁਰੀਆ ਦੇ ਨਿਰਦੇਸ਼ਾਂ 'ਤੇ ਸਲੀਪਰ ਸੈਲਜ਼ ਲਈ ਫੰਡ ਅਤੇ ਹਥਿਆਰ ਮੁਹੱਈਆ ਕਰਵਾਉਣ ਦਾ ਪ੍ਰਬੰਧ ਕਰ ਰਹੇ ਸਨ।

ਬੁਲਾਰੇ ਅਨੁਸਾਰ ਸਟੇਟ ਸਪੈਸ਼ਲ ਆਪਰੇਸ਼ਨ ਸੈਲ, ਅੰਮ੍ਰਿਤਸਰ ਨੂੰ ਵਿਸ਼ੇਸ਼ ਸੂਚਨਾ ਮਿਲੀ ਸੀ ਕਿ ਬੱਬਰ ਖਾਲਸਾ ਦੇ ਕਾਰਕੁੰਨ ਕੁਲਵਿੰਦਰ ਸਿੰਘ ਉਰਫ ਖਾਨਪੁਰੀਆ ਨੇ ਸੂਬੇ 'ਚ ਅੱਤਵਾਦ ਫੈਲਾਉਣ ਅਤੇ ਫਿਰਕੂ ਸਦਭਾਵਨਾ ਨੂੰ ਢਾਹੀ ਲਾਉਣ ਲਈ ਆਪਣੇ ਸਾਥੀਆਂ ਨਾਲ ਮਿਲ ਕੇ ਵਿਸ਼ੇਸ਼ ਭਾਈਚਾਰੇ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਹੈ। ਇਸ ਸਬੰਧੀ ਕੁਲਵਿੰਦਰ ਸਿੰਘ ਉਰਫ ਖਾਨਪੁਰੀਆ ਪੁੱਤਰ ਸੰਪੂਰਨ ਸਿੰਘ ਲੰਬਰਦਾਰ ਮੁਹੱਲਾ ਦੋਰਾਹਾ ਲੁਧਿਆਣਾ, ਰਵਿੰਦਰਪਾਲ ਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਵੀ.ਪੀ.ਓ. ਮਹਿਨਾ, ਜ਼ਿਲ੍ਹਾ ਮੋਗਾ ਅਤੇ ਜਗਦੇਵ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਵੀ.ਪੀ.ਓ. ਤਲਾਨੀਆ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਖਿਲਾਫ਼ ਆਰਮਜ਼ ਐਕਟ ਦੀ ਧਾਰਾ 25, ਧਮਾਕਾਖੇਜ਼ ਸਮੱਗਰੀ (ਸੋਧ) ਐਕਟ 2001 ਦੀ ਧਾਰਾ 3,4,5 ਅਤੇ ਗੈਰਕਾਨੂੰਨੀ ਗਤੀਵਿਧੀਆਂ ਬਾਰੇ ਐਕਟ, 1967 ਦੀ ਧਾਰਾ 17,18, 18-ਬੀ, 20 ਤਹਿਤ ਐਫ.ਆਈ.ਆਰ. ਨੰ. 05 ਮਿਤੀ 30 ਮਈ, 2019 ਥਾਣਾ ਸਟੇਟ ਸਪੈਸ਼ਲ ਆਪਰੇਸ਼ਨਜ਼ ਸੈੱਲ, ਅੰਮ੍ਰਿਤਸਰ ਵਿਖੇ ਦਰਜ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਮਾਸਟਰ ਮਾਈਂਡ ਕੁਲਵਿੰਦਰ ਸਿੰਘ ਉਰਫ਼ ਖਾਨਪੁਰੀਆ ਪਹਿਲਾਂ ਵੀ ਕਈ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਉਹ ਜਨਵਰੀ, 2019 ਵਿੱਚ ਪਰਿਵਾਰ ਸਮੇਤ ਟੂਰਿਸਟ ਵੀਜ਼ੇ 'ਤੇ ਮਲੇਸ਼ੀਆ ਚਲਾ ਗਿਆ ਸੀ ਅਤੇ ਜਾਣਬੁੱਝ ਕੇ ਵਿਦੇਸ਼ਾਂ ਅਤੇ ਭਾਰਤ ਵਿੱਚ ਰਹਿੰਦੇ ਆਪਣੇ ਸਾਥੀਆਂ ਨਾਲ ਤਾਲਮੇਲ ਰਾਹੀਂ ਅੱਤਵਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਵਿੱਚ ਸਰਗਰਮ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ, ਕੁਲਵਿੰਦਰ ਸਿੰਘ ਮਲੇਸ਼ੀਆਂ ਤੋਂ ਆਈ.ਐਸ.ਆਈ., ਬੀ.ਕੇ.ਆਈ. ਅਤੇ ਪਾਕਿਸਤਾਨ ਵਿੱਚਲੇ ਹੋਰ ਅੱਤਵਾਦੀ ਆਪਰੇਟਿਵਜ਼ ਦੇ ਸੰਪਰਕ ਵਿੱਚ ਹੈ। ਇਸ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।

Babita

This news is Content Editor Babita