ਬੱਬਰ ਖਾਲਸਾ ਦੇ ਨਾਮ ''ਤੇ ਫਿਰੌਤੀ ਮੰਗਣ ਦੇ ਮਾਮਲੇ ''ਚ ਪੁਲਸ ਨੇ ਨੱਪੀ ਪੈੜ!

11/17/2018 6:29:15 PM

ਮਲੋਟ (ਜੁਨੇਜਾ) : ਪਿਛਲੀ ਦਿਨੀਂ ਸ਼ਹਿਰ ਦੇ ਇਕ ਵਪਾਰੀ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ 'ਤੇ ਮਿਲੇ ਧਮਕੀ ਪੱਤਰ ਦੇ ਮਾਮਲੇ ਵਿਚ ਪੁਲਸ ਨੂੰ ਵੱਡੀ ਕਾਮਯਾਬੀ ਮਿਲਣ ਦੀ ਚਰਚਾ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਇਸ ਮਾਮਲੇ ਵਿਚ ਜ਼ਿੰਮੇਵਾਰ ਗਿਰੋਹ ਦੀ ਪੈੜ ਨੱਪ ਲਈ ਹੈ ਅਤੇ ਗਿਰੋਹ ਦੇ ਸਰਗਣੇ ਨੂੰ ਕਾਬੂ ਕਰਕੇ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਲੋਟ ਦੇ ਮੇਨ ਬਾਜ਼ਾਰ ਵਿਚ ਤਿੰਨ ਨੰਬਰ ਗਲੀ ਵਾਸੀ ਅਤੇ ਵਪਾਰੀ ਰਾਜ ਕੁਮਾਰ ਦੇ ਘਰ ਕੁਝ ਵਿਅਕਤੀਆਂ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲੈਟਰ ਪੈਡ 'ਤੇ ਇਕ ਚਿੱਠੀ ਸੁੱਟ ਦਿੱਤੀ ਸੀ ਜਿਸ ਵਿਚ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ । ਇਸ ਮਾਮਲੇ ਵਿਚ ਸਿਟੀ ਮਲੋਟ ਪੁਲਸ ਨੇ 8 ਨਵੰਬਰ ਨੂੰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਸੀ। 

ਜਾਣਕਾਰੀ ਅਨੁਸਾਰ ਪੁਲਸ ਨੂੰ ਇਸ ਮਾਮਲੇ ਵਿਚ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪੈੜ ਨੱਪਦੇ ਹੋਏ ਜ਼ਿੰਮੇਵਾਰ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਇਸ ਮਾਮਲੇ ਵਿਚ ਪੁਲਸ ਕੁਝ ਕਹਿਣ ਨੂੰ ਤਿਆਰ ਨਹੀਂ ਹੈ, ਇਸ ਲਈ ਇਹ ਪਤਾ ਨਹੀਂ ਲੱਗ ਸਕਿਆ ਕਿ ਉਕਤ ਵਿਅਕਤੀ ਦਾ ਕਿਸੇ ਅੱਤਵਾਦੀ ਜਥਬੰਦੀ ਨਾਲ ਕੋਈ ਸੰਬੰਧ ਸੀ ਜਾਂ ਸਿਰਫ ਪੈਸੇ ਹਾਸਲ ਕਰਨ ਲਈ ਉਸਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਭਾਵੇਂ ਪੁਲਸ ਅਗਲੇ ਦਿਨਾਂ ਵਿਚ ਇਸ ਮਾਮਲੇ 'ਚ ਵੱਡੇ ਖੁਲਾਸੇ ਕਰ ਸਕਦੀ ਹੈ ਪਰ ਪਤਾ ਲੱਗਾ ਹੈ ਕਿ ਪੁਲਸ ਨੇ ਜਿਸ ਵਿਅਕਤੀ ਨੂੰ ਕਾਬੂ ਕੀਤਾ ਹੈ, ਉਹ ਵੱਡੇ ਸਿਆਸੀ ਰਸੂਖ ਅਤੇ ਸਮਾਜਿਕ ਰੁਤਬੇ ਵਾਲਾ ਵਿਅਕਤੀ ਹੈ।