ਨੋਟਾਂ ਵਾਲੇ ਬਾਬੇ ਗੁਰਮੇਲ ਸਿੰਘ ਨੇ ਇੱਕ ਵਾਰ ਫਿਰ ਦਿੱਤਾ ਲੋਕਾਂ ਨੂੰ ਧੋਖਾ

01/13/2021 8:14:36 PM

ਸੰਦੌੜ,(ਰਿਖੀ)- ਨੇੜਲੇ ਪਿੰਡ ਫਿਰੋਜ਼ਪੁਰ ਕੁਠਾਲਾ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਭੇਟਾ ਦੇ ਨਾਮ ਉੱਪਰ ਚਲਾਈ ਇੱਕ ਬੇਨਾਮੀ ਸਕੀਮ ਤਹਿਤ ਕੁੱਝ ਦਿਨ ਨੋਟਾਂ ਦਾ ਮੀਂਹ ਅਤੇ ਮੋਟਰਸਾਈਕਲ, ਜਰਨੇਟਰ, ਗੱਡੀਆਂ, ਟਰੈਕਟਰ ਵੰਡਣ ਦਾ ਦਾਅਵਾ ਕਰਕੇ ਸੋਸ਼ਲ ਸਾਈਟਾਂ 'ਤੇ ਮਸ਼ਹੂਰ ਹੋਏ ਅਤੇ ਹੁਣ ਕਈ ਦਿਨਾਂ ਤੋਂ ਕਰੋੜਾਂ ਰੁਪਏ ਇਕੱਠਾ ਕਰਕੇ ਰੂਹਪੋਸ਼ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗ੍ਰੰਥੀ ਬਾਬਾ ਗੁਰਮੇਲ ਸਿੰਘ ਨੇ ਇੱਕ ਵਾਰ ਫਿਰ ਲੋਕਾਂ ਨਾਲ ਧੋਖਾ ਕੀਤਾ ਲੱਗਦਾ ਹੈ ਕਿਉਂਕਿ ਕਰੀਬ 5 ਦਿਨ ਪਹਿਲਾਂ  ਸੋਸ਼ਲ ਮੀਡੀਆ ਰਾਹੀਂ ਬਾਬੇ ਨੇ ਲੋਕਾਂ ਸਾਹਮਣੇ ਇੱਕ ਵੀਡੀਓ ਵਿੱਚ ਬੋਲਦੇ ਹੋਏ ਜਲਦੀ ਹੀ ਆਪਣੇ ਆਪ ਨੂੰ ਕਾਨੂੰਨ ਹਵਾਲੇ ਕਰਨ ਦਾ ਜਨਤਕ ਐਲਾਨ ਕੀਤਾ ਸੀ ਪਰ ਬਾਬਾ ਅੱਜ ਤੱਕ ਆਪਣੀ ਇਸ ਕਹਿਣੀ 'ਤੇ ਵੀ ਪੂਰਾ ਨਹੀਂ ਉਤਰਿਆ ਜਿਸ ਨਾਲ ਆਪਣੇ ਪੈਸੇ ਲਗਾਈ ਬੈਠੇ ਲੋਕਾਂ ਦਾ ਗੁੱਸਾ ਹੋਰ ਭਖ ਰਿਹਾ।

ਪੈਸੇ ਲੈਣ ਵਾਲੇ ਆਸ ਲਗਾਈ ਬੈਠੇ ਹਨ ਗੁਰੂ ਘਰ
ਅੱਜ ਕੁਠਾਲਾ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਵੀ ਵੱਡੀ ਗਿਣਤੀ ਵਿੱਚ ਪੈਸੇ ਵਾਪਸ ਲੈਣ ਲਈ ਲੋਕ ਕੁਠਾਲਾ ਦੇ ਗੁਰੂ  ਘਰ ਅਜੇ ਵੀ ਡੇਰੇ ਲਗਾਈ ਬੈਠੇ ਹਨ ਅਤੇ ਪ੍ਰਸਾਸ਼ਨ ਵੱਲ ਆਸ ਨਾਲ ਵੇਖ ਰਹੇ ਹਨ।

ਬਾਬੇ ਨੂੰ ਲੱਭਣ ਦੇ ਲਈ ਯਤਨ ਯਾਰੀ ਹਨ- ਥਾਣਾ ਮੁਖੀ 
ਇਸ ਸੰਬੰਧ ਵਿਚ ਜਦੋਂ ਸੰਦੌੜ ਦੇ ਥਾਣਾ ਮੁਖੀ ਸੰਦੌੜ ਯਾਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਬੇ ਖਿਲਾਫ਼ ਮਾਮਲਾ ਦਰਜ ਹੋ ਚੁੱਕਾ ਹੈ ਜਿਸ ਅਧੀਨ ਬਾਬੇ ਦੀ ਤਲਾਸ਼ ਜਾਰੀ ਹੈ ਅਤੇ ਪੁਲਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ 

ਜਿਹੜੇ ਬਾਬੇ ਕੋਲੋਂ ਗੱਡੀਆਂ ਅਤੇ ਮੋਟਰਸਾਈਕਲ ਲੈ ਗਏ ਉਨ੍ਹਾਂ ‘ਤੇ ਵੀ ਹੋਵੇ ਕਾਰਵਾਈ -ਬਲਾਕ ਸੰਮਤੀ ਮੈਂਬਰ 
ਆਪਣੇ ਆਪ ਨੂੰ ਇਸ ਧੋਖੇ ਦਾ ਸ਼ਿਕਾਰ ਹੋਏ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਕੁਠਾਲਾ ਨੇ ਕਿਹਾ ਕਿ ਜਿਹੜੇ ਲੋਕ ਇਸ ਸਮੇਂ ਬਾਬੇ ਕੋਲੋਂ ਬੁਲਟ ਮੋਟਰਸਾਈਕਲ ਅਤੇ ਕਾਰਾਂ ਲੈ ਸੋਸ਼ਲ ਮੀਡੀਆ ਰਾਹੀਂ ਉਸਦੀ ਵਾਹ ਵਾਹ ਕਰਦੇ ਰਹੇ ਹਨ ਉਨ੍ਹਾਂ ‘ਤੇ ਵੀ ਮਾਮਲਾ ਦਰਜ ਹੋਵੇ ਅਤੇ ਮੋਟਰਸਾਈਕਲ ਅਤੇ ਕਾਰਾਂ ਜਬਤ ਹੋਣੀਆਂ ਚਾਹੀਦੀਆਂ ਹਨ।
 

Bharat Thapa

This news is Content Editor Bharat Thapa