ਗੁਰਦੁਆਰਾ ਟਿੱਲਾ ਵਿਖੇ ਪਾਠ ਤੇ ਅਰਦਾਸ ਉਪਰੰਤ ਹੋਇਆ ਸ਼ੇਖ ਫਰੀਦ ਆਗਮਨ ਪੁਰਬ ਦਾ ਆਗਾਜ਼,

09/19/2019 1:24:59 PM

ਫਰੀਦਕੋਟ (ਜਗਤਾਰ) - ਸ਼ੇਖ ਫਰੀਦ ਜੀ ਦੇ ਆਗਮਨ ਪੁਰਬ 2019 ਦਾ ਰਸਮੀਂ ਆਗਾਜ਼ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਉਪਰੰਤ ਹੋ ਗਿਆ। ਇਸ ਵਿਸ਼ੇਸ਼ ਮੌਕੇ 'ਤੇ ਪਹੁੰਚੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ, ਐੱਸ.ਐੱਸ.ਪੀ ਫਰੀਦਕੋਟ ਮਨਜੀਤ ਸਿੰਘ ਢੇਸੀ ਅਤੇ ਬਾਬਾ ਫਰੀਦ ਜੀ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਨੇ ਸਾਂਝੇ ਤੌਰ 'ਤੇ ਆਗਮਨ ਪੁਰਬ ਦੀ ਸ਼ੁਰੂਆਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਖਾਲਸਾ ਨੇ ਕਿਹਾ ਕਿ ਸ਼ੇਖ ਫਰੀਦ ਜੀ ਦੇ 50ਵੇਂ ਆਗਮਨ ਪੁਰਬ ਮੌਕੇ ਆਈਆਂ ਹੋਈਆਂ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 

ਇਸ ਮੌਕੇ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਜਿਥੇ ਆਗਮਨ ਪੁਰਬ ਦੀ ਰਸਮੀਂ ਸ਼ੁਰੂਆਤ ਹੋਣ ਦਾ ਐਲਾਨ ਕੀਤਾ, ਉਥੇ ਹੀ ਉਨ੍ਹਾਂ ਨੇ ਆਗਮਨ ਪੁਰਬ 'ਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਨੂੰ ਸ਼ਾਂਤੀ ਪੂਰਵਕ ਤਰੀਕੇ ਨਾਲ ਸਮਾਗਮਾਂ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ’ਤੇ ਪਹੁੰਚਣ ਵਾਲੀਆਂ ਸੰਗਤਾਂ ਲਈ ਦਸਮੇਸ਼ ਟਰਾਂਸਪੋਰਟ, ਸੰਧੂ ਮੈਡੀਕਲ ਹਾਲ ਅਤੇ ਰੈੱਡਲੀਪ ਇਮੀਗ੍ਰੇਸ਼ਨ ਵੱਲੋਂ ਸਾਂਝੇ ਤੌਰ ’ਤੇ ਬੱਸ ਸਟੈਂਡ ’ਤੇ ਚਾਹ, ਪਕੌਡ਼ੇ ਅਤੇ ਜਲੇਬੀਆਂ ਦਾ ਲੰਗਰ ਲਾਇਆ ਗਿਆ। ਬੁਲਾਰਿਆਂ ਨੇ ਦੱਸਿਆ ਕਿ ਇਹ ਲੰਗਰ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ’ਤੇ ਹਰ ਸਾਲ ਲਗਾਇਆ ਜਾਂਦਾ ਹੈ।

ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਵ ਰਾਜ, ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ, ਫ਼ਰੀਦਕੋਟ ਜ਼ਿਲੇ ਦੇ ਐੱਸ. ਐੱਸ. ਪੀ. ਮਨਜੀਤ ਸਿੰਘ ਢੇਸੀ ਅਤੇ ਜਸਬੀਰ ਸਿੰਘ ਭੁੱਲਰ (ਐੱਸ. ਸੀ. ਬਿਜਲੀ ਬੋਰਡ) ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਅਤੇ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਉਕਤ ਸ਼ਖ਼ਸੀਅਤਾਂ ਨੂੰ ਸਿਰੋਪਾਓ ਅਤੇ ਦੁਸ਼ਾਲਾ ਪਾ ਕੇ ਸਨਮਾਨਤ ਕੀਤਾ ਅਤੇ ਰਸਮੀ ਤੌਰ ’ਤੇ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ 2019 ਦਾ ਆਗਾਜ਼ ਕੀਤਾ। ਇਸ ਮੌਕੇ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਦੇ ਇਤਿਹਾਸ ਨਾਲ ਜਾਣੂ ਕਰਵਾਇਆ।

rajwinder kaur

This news is Content Editor rajwinder kaur