KZF ਨਾਲ ਸਬੰਧ ਰੱਖਣ ਵਾਲੇ ਬਾਬਾ ਬਲਵੰਤ ਦੇ ਕਾਰਨਾਮੇ ਤੋਂ ਅਣਜਾਣ ਸਨ ਪਰਿਵਾਰ ਵਾਲੇ

09/24/2019 10:36:09 AM

ਤਰਨਤਾਰਨ (ਰਮਨ) - ਪੰਜਾਬ 'ਚ ਮੁੜ ਅੱਤਵਾਦ ਦੇ ਪੈਰ ਪਸਾਰਨ ਨੂੰ ਲੈ ਕੇ ਜ਼ਿਲਾ ਤਰਨਤਾਰਨ ਦੇ ਨਿਵਾਸੀਆਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ, ਕਿਉਂਕਿ ਅੱਤਵਾਦ ਦੇ ਕਾਲੇ ਦਿਨਾਂ 'ਚ ਇਸ ਦੀ ਸ਼ੁਰੂਆਤ ਤਰਨਤਾਰਨ ਤੋਂ ਹੀ ਹੋਈ ਸੀ। ਇਸ ਨਾਲ ਕਈ ਘਰਾਂ ਦੇ ਚਿਰਾਗ ਬੁਝ ਗਏ ਸਨ। ਬੇਸ਼ੱਕ ਪੰਜਾਬ ਸਰਕਾਰ ਵਲੋਂ ਪੰਜਾਬ 'ਚ ਅੱਤਵਾਦ ਨੂੰ ਪੈਰ ਪਸਾਰਨ ਤੋਂ ਰੋਕਣ ਲਈ ਕਈ ਤਰ੍ਹਾਂ ਦੇ ਸਖਤ ਕਦਮ ਚੁੱਕੇ ਜਾ ਰਹੇ ਹਨ ਪਰ ਜ਼ਿਲਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਹੋਏ ਬੰਬ ਧਮਾਕੇ ਅਤੇ ਕਾਊਂਟਰ ਇੰਟੈਲੀਜੈਂਸੀ ਵਲੋਂ ਇਸੇ ਜ਼ਿਲੇ ਨਾਲ ਸਬੰਧਤ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਇਕ ਅੱਤਵਾਦੀ ਨੂੰ ਭਾਰੀ ਹਥਿਆਰਾਂ ਸਣੇ ਕਾਬੂ ਕੀਤੇ ਜਾਣ ਨੂੰ ਲੈ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ। ਉੱਧਰ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਬਿੱਲਕੁਲ ਅਣਜਾਣ ਦੱਸ ਰਹੇ ਹਨ।

ਜਾਣਕਾਰੀ ਅਨੁਸਾਰ ਪੰਜਾਬ ਦੀ ਕਾਊਂਟਰ ਇੰਟੈਲੀਜੈਂਸ ਵਿਭਾਗ ਦੀ ਵਿਸ਼ੇਸ਼ ਟੀਮ ਨੇ ਪਾਕਿ ਤੇ ਜਰਮਨੀ ਆਧਾਰਿਤ ਗਰੁੱਪਾਂ ਦੇ ਸਮਰਥਨ ਨਾਲ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁੜ ਸੁਰਜੀਤ ਹੋਏ ਅੱਤਵਾਦੀਆਂ ਦਾ ਪਰਦਾਫਾਸ਼ ਕਰਦਿਆਂ 4 ਅੱਤਵਾਦੀਆਂ ਨੂੰ ਕਾਬੂ ਕੀਤਾ। ਕਾਬੂ ਕੀਤੇ ਅੰਤਵਾਦੀਆਂ 'ਚ ਬਲਵੰਤ ਸਿੰਘ ਬਾਬਾ ਉਰਫ ਨਿਹੰਗ (45) ਪੁੱਤਰ ਮਿਲਖਾ ਸਿੰਘ, ਅਕਾਸ਼ਦੀਪ ਸਿੰਘ ਉਰਫ ਅਕਾਸ਼ ਰੰਧਾਵਾ ਪੁੱਤਰ ਕਵਲਜੀਤ ਸਿੰਘ, ਹਰਭਜਨ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਬਲਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਸ਼ਾਮਲ ਹਨ, ਜੋ ਕਾਰ 'ਚ ਸਵਾਰ ਸਨ। ਇਨ੍ਹਾਂ ਨੂੰ ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਚੋਹਲਾ ਸਾਹਿਬ ਦੇ ਨੇੜੇ ਲਿੰਕ ਰੋਡ ਤੋਂ ਹਥਿਆਰਾਂ ਦੀ ਭਾਰੀ ਮਾਤਰਾ ਨਾਲ ਕਾਊਂਟਰ ਇੰਟੈਲੀਜੈਂਸੀ ਟੀਮ ਨੇ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਪਾਸੋਂ ਪੁਲਸ ਨੇ 5 ਏ. ਕੇ. 47 ਰਾਈਫਲਾਂ, ਪਿਸਤੌਲ, ਸੈਟੇਲਾਈਟ ਫੋਨ ਤੇ ਹੈਂਡ ਗ੍ਰਨੇਡ ਬਰਾਮਦ ਕੀਤੇ ਸਨ। ਇਹ ਗਰੁੱਪ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ 'ਚ ਅੱਤਵਾਦੀ ਹਮਲੇ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ, ਜਿਸ ਨੂੰ ਪੰਜਾਬ ਪੁਲਸ ਕਾਬੂ ਕਰਨ 'ਚ ਸਫਲ ਰਹੀ ਹੈ। ਜਾਂਚ 'ਚ ਇਹ ਪਤਾ ਲੱਗਾ ਹੈ ਕਿ ਇਹ ਸਾਰੇ ਹਥਿਆਰ ਅਤੇ ਸੰਚਾਰ ਸਾਧਨ ਸਰਹੱਦ ਪਾਰ ਤੋਂ ਡਰੋਨ ਰਾਹੀਂ ਭਾਰਤ ਪੁੱਜੇ ਸਨ।



ਪਰਿਵਾਰ ਅਤੇ ਪਿੰਡ ਵਾਸੀ ਅਣਜਾਣ ਹਨ ਬਾਬੇ ਦੇ ਕਾਰਨਾਮਿਆਂ ਤੋਂ
ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਬਾਬਾ ਬਲਵੰਤ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਪਿੰਡ ਵੜਿੰਗ ਮੋਹਨਪੁਰ ਦੇ ਇਸ ਕਾਰਨਾਮੇ ਤੋਂ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਬਹੁਤ ਅਣਜਾਣ ਹਨ। ਜਾਣਕਾਰੀ ਦਿੰਦੇ ਹੋਏ ਜੱਟ ਬਰਾਦਰੀ ਨਾਲ ਸਬੰਧਤ ਪਿਤਾ ਮਿਲਖਾ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਕਈ ਸਾਲਾਂ ਤੋਂ ਉਨ੍ਹਾਂ ਨਾਲ ਰਹਿਣ ਦੀ ਥਾਂ ਧਾਰਮਿਕ ਡੇਰਿਆਂ 'ਤੇ ਰਹਿੰਦਾ ਹੈ। ਬਲਵੰਤ ਦੀ ਪਤਨੀ ਰਾਜਵਿੰਦਰ ਕੌਰ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਸ ਦੀ ਬੇਟੀ ਅਮਨ ਕੌਰ 3 ਸਾਲ ਦੀ ਸੀ। ਅਮਨ ਕੌਰ ਦਾ ਪਾਲਣ ਪੋਸ਼ਣ ਉਸ ਦੇ ਚਾਚਾ ਸੁਖਦੇਵ ਸਿੰਘ ਦੇ ਪਰਿਵਾਰ ਵਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਮਿਲ਼ਖਾ ਸਿਘ, ਭਰਾ ਆਲਮ ਸਿੰਘ, ਨੂੰਹ ਕਰਮਜੀਤ ਕੌਰ, ਪੋਤਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਬੀਤੀ 19 ਸਤੰਬਰ ਨੂੰ ਸ੍ਰੀ ਖਡੂਰ ਸਾਹਿਬ ਵਿਖੇ ਧਾਰਮਕ ਮੇਲੇ 'ਚ ਹਿੱਸਾ ਲੈਣ ਉਪਰੰਤ ਦੁਪਹਿਰ ਵੇਲੇ ਪਿੰਡ ਵੜਿੰਗ ਵਿਖੇ ਉਨ੍ਹਾਂ ਕੋਲ ਮਿਲਣ ਲਈ ਆਇਆ ਸੀ, ਜੋ ਉਸੇ ਦਿਨ ਵਾਪਸ ਚਲਾ ਗਿਆ। ਕਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸੁਖਦੇਵ ਸਿੰਘ, ਜੋ ਕਾਫੀ ਸਮੇਂ ਤੋਂ ਗੁਜਰਾਤ ਵਿਖੇ ਢਾਬਾ ਚਲਾਉਂਦਾ ਹੈ, ਮੇਲੇ ਮੌਕੇ ਪਿੰਡ ਆਇਆ ਸੀ, ਜਿਸ ਨੂੰ 20 ਸਤੰਬਰ ਦੀ ਸਵੇਰੇ ਕਾਊਂਟਰ ਇੰਟੈਲੀਜੈਂਸ ਦੀ ਟੀਮ, ਜਿਸ 'ਚ ਕਰੀਬ 25-30 ਮੁਲਾਜ਼ਮ ਸਿਵਲ ਕੱਪੜਿਆਂ 'ਚ ਆ ਕੇ ਉਸ ਦੇ ਪਤੀ ਨੂੰ ਜਬਰੀ ਘਰੋਂ ਲੈ ਗਏ।ਪੁਲਸ ਨੇ ਭਰਾ ਬਲਵੰਤ ਸਿੰਘ ਦੀ ਜਾਣਕਾਰੀ ਹਾਸਲ ਕਰਨ ਸਬੰਧੀ ਪਤੀ ਸੁਖਦੇਵ ਸਿੰਘ ਦੀ ਕਾਫੀ ਕੁੱਟ-ਮਾਰ ਕੀਤੀ।

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਨੂੰ ਬਲਵੰਤ ਸਿੰਘ ਦੀ ਗ੍ਰਿਫਤਾਰੀ ਬਾਰੇ ਪਤਾ ਲੱਗਾ ਤਾਂ ਪੁਲਸ ਨੇ ਸੁਖਦੇਵ ਸਿੰਘ ਨੂੰ ਪਿੰਡ ਦੀ ਪੰਚਾਇਤ ਦੇ ਕਹਿਣ 'ਤੇ ਛੱਡ ਦਿੱਤਾ। ਮਿਲ਼ਖਾ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਕੁਝ ਸਮਾਂ ਪਹਿਲਾਂ ਸਿੰਗਾਪੁਰ ਜਾ ਕੇ ਆਇਆ ਹੈ ਜਦਕਿ ਉਸ ਕੋਲ ਕੋਈ ਹਥਿਆਰ ਨਹੀਂ ਹੈ। ਬਲਵੰਤ ਸਿੰਘ ਨੇ ਕੁਝ ਸਾਲ ਪਹਿਲਾਂ ਅਸਲਾ ਲਾਇਸੈਂਸ ਲੈਣ ਲਈ ਅਰਜ਼ੀ ਦਿੱਤੀ ਸੀ, ਜਿਸ 'ਤੇ ਲਾਇਸੈਂਸ ਜਾਰੀ ਨਹੀਂ ਹੋਇਆ। ਮਿਲ਼ਖਾ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਦੀ ਮਾਤਾ ਅਮਰ ਕੌਰ ਅਤੇ ਪਤਨੀ ਰਾਜਵਿੰਦਰ ਕੌਰ ਦੇ ਇਲਾਜ ਦੌਰਾਨ ਬਲਵੰਤ ਸਿੰਘ ਦੇ ਸਿਰ ਕਾਫੀ ਜ਼ਿਆਦਾ ਕਰਜ਼ਾ ਚੜ੍ਹ ਗਿਆ ਸੀ। ਬਲਵੰਤ ਸਿੰਘ ਖਿਲਾਫ ਪਹਿਲਾਂ ਵੀ ਇਕ ਮਾਮਲਾ ਦਰਜ ਹੈ, ਜਿਸ ਦੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।

ਅੱਤਵਾਦ ਦਾ ਸਿਰ ਕੁਚਲਣ 'ਚ ਲੋਕ ਕਰਨ ਪੁਲਸ ਦੀ ਮਦਦ
ਇਸ ਸਬੰਧੀ ਐੱਸ. ਪੀ. (ਆਈ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਿਆਰੀ 'ਚ ਸਿਰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ ਜਿਨ੍ਹਾਂ ਨੂੰ ਪੁਲਸ ਆਪਣੇ ਮੱਕਸਦ 'ਚ ਕਿਸੇ ਕੀਮਤ 'ਤੇ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਪੁਰਾਣੇ ਸਮੇਂ 'ਚ ਅੱਤਵਾਦ ਨੂੰ ਖਤਮ ਕਰਨ ਲਈ ਪੰਜਾਬ ਵਾਸੀਆਂ ਨੇ ਪੁਲਸ ਨਾਲ ਮਿਲਕੇ ਕਦਮ ਨਾਲ ਕਦਮ ਮਿਲਾਏ ਸਨ ਉਸੇ ਤਰ੍ਹਾਂ ਬਿਨਾਂ ਕਿਸੇ ਡਰ ਤੋਂ ਲੋਕ ਪੁਲਸ ਦਾ ਸਾਥ ਦਿੰਦੇ ਹੋਏ ਦੁਬਾਰਾ ਸਿਰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਅੱਤਵਾਦ ਦਾ ਸਿਰ ਕੁਚਲਣ 'ਚ ਮਦਦ ਕਰਨ।

rajwinder kaur

This news is Content Editor rajwinder kaur