ਸ੍ਰੀ ਹਜ਼ੂਰ ਸਾਹਿਬ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਦਾ ਹੋ ਰਿਹੈ ਸ਼ੋਸ਼ਣ

06/08/2019 12:29:03 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦਾ ਰੇਲਵੇ ਵਿਭਾਗ ਵਲੋਂ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ। ਰੇਲਵੇ ਵਿਭਾਗ ਵੱਲੋਂ ਤਤਕਾਲ ਕੋਟੇ ਤਹਿਤ ਇਨ੍ਹਾਂ ਸ਼ਰਧਾਲੂਆਂ ਤੋਂ ਵਾਧੂ ਕਮਾਈ ਕੀਤੀ ਜਾ ਰਹੀ ਹੈ ਅਤੇ ਦੇਖਣ 'ਚ ਆਇਆ ਹੈ ਕਿ ਇਸ ਰੇਲ ਗੱਡੀ ਲਈ ਤਤਕਾਲ ਸੇਵਾ ਸਿਰਫ 2 ਮਿੰਟਾਂ ਲਈ ਹੀ ਹੁੰਦੀ ਹੈ ਅਤੇ ਉਸ ਤੋਂ ਤੁਰੰਤ ਬਾਅਦ ਵੇਟਿੰਗ ਲਿਸਟ ਸ਼ੁਰੂ ਹੋ ਜਾਂਦੀ ਹੈ, ਜਿਸ ਦਾ ਫਾਇਦਾ ਰੇਲਵੇ ਵਿਭਾਗ ਦੇ ਕਈ ਕਰਮਚਾਰੀ ਨਿੱਜੀ ਤੌਰ 'ਤੇ ਲੈ ਰਹੇ ਹਨ। ਬਿਆਸ ਰੇਲਵੇ ਸਟੇਸ਼ਨ ਦਾ ਦੌਰਾ ਕਰਨ ਉਪਰੰਤ ਦੇਖਿਆ ਗਿਆ ਕਿ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਵਾਲੇ ਯਾਤਰੀ ਸਵੇਰ ਸਮੇਂ ਤਤਕਾਲੀ ਟਿਕਟਾਂ ਬੁੱਕ ਕਰਵਾਉਣ ਲਈ ਰਾਤ ਤੋਂ ਹੀ ਬੁਕਿੰਗ ਆਫਿਸ ਦੇ ਸਾਹਮਣੇ ਬੈਠ ਜਾਂਦੇ ਹਨ ਤਾਂ ਕਿ ਉਨ੍ਹਾਂ ਦੀ ਵਾਰੀ ਪਹਿਲਾਂ ਆ ਸਕੇ।

ਸ਼ਰਧਾਲੂਆਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਬਿਆਸ ਬੁਕਿੰਗ ਕਾਊਂਟਰ 'ਤੇ ਤਾਇਨਾਤ ਡਿਊਟੀ ਕਰਮਚਾਰੀ ਅਜਿਹੇ ਸ਼ਰਧਾਲੂਆਂ ਦੀ ਟਿਕਟ ਨੂੰ ਪਹਿਲ ਦੇ ਆਧਾਰ 'ਤੇ ਬੁੱਕ ਕਰਨ ਲਈ 1 ਹਜ਼ਾਰ ਰੁਪਏ ਪ੍ਰਤੀ ਟਿਕਟ ਲੈ ਰਿਹਾ ਹੈ ਅਤੇ ਬੁਕਿੰਗ ਫਾਰਮ 'ਤੇ ਰਾਤ ਸਮੇਂ ਹੀ ਅਣਅਧਿਕਾਰਤ ਤੌਰ 'ਤੇ ਨੰਬਰਿੰਗ ਕੀਤੀ ਜਾਂਦੀ ਹੈ, ਜਦਕਿ ਤਤਕਾਲ ਟਿਕਟ ਦਾ ਟਾਈਮ ਸਵੇਰੇ 10 ਵਜੇ ਸ਼ੁਰੂ ਹੁੰਦਾ ਹੈ। ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ ਅਪਸ਼ਬਦ ਵੀ ਬੋਲੇ ਜਾਂਦੇ ਹਨ। ਇਸ ਸਬੰਧੀ ਜਦੋਂ ਉਕਤ ਕਲਰਕ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਹਜ਼ੂਰ ਸਾਹਿਬ ਜਾਣ ਲਈ ਅੰਮ੍ਰਿਤਸਰ ਤੋਂ ਨਾਂਦੇੜ ਤੱਕ ਇਕ ਹੀ ਰੇਲ ਗੱਡੀ ਚੱਲਦੀ ਹੈ ਤੇ ਲੋਕਾਂ ਵੱਲੋਂ 4 ਮਹੀਨੇ ਪਹਿਲਾਂ ਹੀ ਇਸ ਦੀ ਬੁਕਿੰਗ ਕਰਵਾ ਦਿੱਤੀ ਜਾਂਦੀ ਹੈ, ਜਦਕਿ ਚਾਹੀਦਾ ਇਹ ਹੈ ਕਿ ਸ਼ਰਧਾਲੂ ਜਦ ਵੀ ਚਾਹੁਣ ਆਪਣੇ ਘਰੇਲੂ ਹਾਲਾਤ ਅਨੁਸਾਰ ਜਾ ਸਕਦੇ ਹੋਣ ਪਰ ਅਜਿਹਾ ਨਹੀਂ ਹੋ ਰਿਹਾ। ਸੰਗਤਾਂ ਦੀ ਇਸ ਮੁਸ਼ਕਿਲ ਪ੍ਰਤੀ ਰੇਲਵੇ ਵਿਭਾਗ ਸੰਜੀਦਾ ਨਹੀਂ ਹੈ।

ਲੋਕਾਂ ਦੀ ਇਹ ਵੀ ਮੰਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਚਾਹੀਦਾ ਹੈ ਕਿ ਉਹ ਭਾਰਤ ਸਰਕਾਰ ਅਤੇ ਰੇਲਵੇ ਮੰਤਰੀ ਨਾਲ ਮੁਲਾਕਾਤ ਕਰ ਕੇ ਸੰਗਤਾਂ ਦੀ ਆਸਥਾ ਨੂੰ ਮੁੱਖ ਰੱਖਦਿਆਂ ਇਕ ਹੋਰ ਰੇਲ ਚਲਾਉਣ ਦੀ ਮੰਗ ਕਰਨ ਜਾਂ ਪਹਿਲਾਂ ਤੋਂ ਹੀ ਚੱਲ ਰਹੀ ਗੱਡੀ ਨਾਲ ਹੋਰ ਡੱਬਿਆਂ ਦਾ ਵਾਧਾ ਕੀਤਾ ਜਾਵੇ। ਛੁੱਟੀਆਂ ਦੇ ਦਿਨਾਂ 'ਚ ਸਪੈਸ਼ਲ ਟਰੇਨਾਂ ਚਲਾਉਣ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਪੰਜਾਬੀਆਂ ਦੀ ਭਾਵਨਾ ਤੇ ਆਸਥਾ ਇਸ ਪਵਿੱਤਰ ਅਸਥਾਨ ਨਾਲ ਜੁੜੀ ਹੋਈ ਹੈ। ਇਸ ਤੋਂ ਇਲਾਵਾ ਸ਼ਿਰਡੀ ਸਾਈਂ ਮੰਦਰ ਅਤੇ ਸ੍ਰੀ ਸ਼ਨੀ ਮੰਦਰ (ਸ਼ਿਗਨਾਪੁਰ) ਵੀ ਇਸ ਮਾਰਗ 'ਤੇ ਹਨ, ਉਥੇ ਵੀ ਬਹੁਤ ਸਾਰੇ ਸ਼ਰਧਾਲੂ ਇਸੇ ਗੱਡੀ ਰਾਹੀਂ ਆਉਂਦੇ-ਜਾਂਦੇ ਹਨ।

Baljeet Kaur

This news is Content Editor Baljeet Kaur