ਅਕਾਲੀ ਕਾਨਫਰੰਸ ਦੌਰਾਨ ਸਰਕਾਰ ਦੀਆਂ ਨਾਕਾਮੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ : ਮਜੀਠੀਆ

08/21/2018 1:12:45 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਤਿਹਾਸਕ ਕਸਬਾ ਬਾਬਾ ਬਕਾਲਾ ਸਾਹਿਬ ਜਿਥੇ 25 ਤੋਂ 28 ਅਗਸਤ ਤੱਕ ਮੇਲਾ ਰੱਖੜ ਪੁੰਨਿਆ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਪਵਿੱਤਰ ਅਸਥਾਨ ਤੇ ਦੂਰ-ਦੁਰੇਡੇ ਤੋਂ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਹਨ। ਇਸੇ ਹੀ ਮੇਲੇ 'ਤੇ ਇਸ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਬਹੁਤ ਵੱਡੀ ਰੈਲੀ ਕਰਵਾਈ ਜਾ ਰਹੀ ਹੈ, ਜਿਸਨੂੰ ਸੰਬੋਧਨ ਕਰਨ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਉਚ ਕੋਟੀ ਦੇ ਲੀਡਰ ਪੁੱਜ ਰਹੇ ਹਨ। 

ਇਸ ਕਾਨਫਰੰਸ ਦੀ ਦੇਖ-ਰੇਖ ਕਰ ਰਹੇ ਮਾਝੇ ਦੇ ਜਰਨੈਲ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੌਜੂਦਾ ਕੈਪਟਨ ਸਰਕਾਰ ਵਲੋਂ ਕੀਤੀਆਂ ਜਾ ਰਹੀਆ ਧੱਕੇਸ਼ਾਹੀਆਂ, ਗਰੀਬਾਂ ਦੇ ਖੋਹੇ ਜਾ ਰਹੇ ਹੱਕ, ਗੁੰਡਾਗਰਦੀ ਅਤੇ ਸੂਬੇ 'ਚ ਫੈਲਿਆ ਭ੍ਰਿਸ਼ਟਾਚਾਰ ਦੇ ਨਾਲ-ਨਾਲ ਨਿੱਤ ਕਰਜ਼ਈ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆ ਖੁਦਕੁਸ਼ੀਆਂ ਆਦਿ ਦਾ ਖੁਲਾਸਾ ਕੀਤਾ ਜਾਵੇਗਾ। ਇਹ ਕਾਨਫਰੰਸ ਦੂਜੀਆਂ ਕਾਨਫਰੰਸਾਂ ਦੇ ਬਦਲੇ ਚਾਰ ਗੁਣਾ ਵੱਡੀ ਹੋਵੇਗੀ, ਜਿੱਥੇ ਲੱਖਾਂ ਦੀ ਤਦਾਦ 'ਚ ਵਰਕਰਾਂ ਦੇ ਬੈਠਣ ਲਈ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਸਥਾਨਕ ਸਿਵਲ ਤੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਵਰਕਰਾਂ ਨੂੰ ਕਾਨਫਰੰਸ 'ਚ ਆਉਣ ਤੋਂ ਰੋਕਿਆ ਗਿਆ ਤਾਂ ਉਹ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।ਇਸ ਕਾਨਫਰੰਸ ਦੀ ਤਿਆਰੀ ਵਜੋਂ ਹਲਕਾ ਇੰਚਾਰਜ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ. ਆਰ., ਯੂਥ ਆਗੂ ਗਗਨਦੀਪ ਸਿੰਘ ਜੱਜ ਤੇ ਸੰਦੀਪ ਸਿੰਘ ਏ. ਆਰ. ਵਲੋਂ ਪਿੰਡਾਂ ਦੇ ਤੂਫਾਨੀ ਦੌਰੇ ਕੀਤੇ ਜਾ ਰਹੇ ਹਨ ਅਤੇ ਦੇਖਣ 'ਚ ਆਇਆ ਹੈ ਕਿ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ 'ਚ ਅਥਾਹ ਪਿਆਰ ਹੈ ਅਤੇ ਉਹ ਭਾਰੀ ਤਦਾਦ 'ਚ ਇਸ ਰੈਲੀ 'ਚ ਸ਼ਮੂਲੀਅਤ ਕਰਨਗੇ।