ਆਯੂਸ਼ਮਾਨ ਯੋਜਨਾ ਦਾ ਸੱਚ, ਗਰਭਵਤੀ ਦੀ ਡਿਲੀਵਰੀ ਕਰਨ ਤੋਂ ਡਾਕਟਰਾਂ ਨੇ ਕੀਤਾ ਇਨਕਾਰ

01/03/2020 6:45:27 PM

ਪਠਾਨਕੋਟ : ਇਕ ਪਾਸੇ ਕੇਂਦਰ ਸਰਕਾਰ ਨੇ ਲੋਕਾਂ ਦੇ ਇਲਾਜ ਲਈ ਦੇਸ਼ ਦੀ ਸਭ ਤੋਂ ਵੱਡੀ ਆਯੂਸ਼ਮਾਨ ਯੋਜਨਾ ਸ਼ੁਰੂ ਕੀਤੀ ਹੈ ਤਾਂ ਜੋ ਮਰੀਜ਼ਾਂ ਨੂੰ ਸਸਤਾ ਇਲਾਜ ਮਿਲ ਸਕੇ ਪਰ ਇਥੇ ਇਸ ਦਾ ਉਲਟ ਦੇਖਣ ਨੂੰ ਮਿਲ ਰਿਹਾ ਹੈ। ਬੁੱਧਵਾਰ ਰਾਤ ਨੂੰ ਗੁਰਦਾਸਪੁਰ ਜ਼ਿਲੇ ਦੇ ਪਿੰਡ ਅਹਿਮਦਾਬਾਦ ਦੇ ਰਹਿਣ ਵਾਲੇ ਵਿਕਰਮਜੀਤ ਆਪਣੀ ਪਤਨੀ ਸੋਨੀਆ ਦੀ ਡਿਲੀਵਰੀ ਕਰਵਾਉਣ ਪਹੁੰਚੇ ਸਨ। ਗਰਭਵਤੀ ਅਤੇ ਉਸ ਦਾ ਪਤੀ ਆਯੂਸ਼ਮਾਨ ਯੋਜਨਾ ਦੇ ਤਹਿਤ ਬਣੇ ਕਾਰਡ ਨੂੰ ਲੈ ਕੇ ਸਿਵਲ ਹਸਪਤਾਲ ਅਤੇ ਪੈਨਲ 'ਚ ਆਉਂਦੇ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ 'ਚ ਰਾਤ ਭਰ ਭਟਕਦੇ ਰਹੇ ਪਰ ਕਿਸੇ ਹਸਪਤਾਲ ਨੇ ਡਿਲੀਵਰੀ ਨਹੀਂ ਕੀਤੀ। ਇਸ ਤੋਂ ਬਾਅਦ ਪਰਿਵਾਰ ਨੇ 20 ਹਜ਼ਾਰ ਰੁਪਏ ਦੇ ਕੇ ਇਕ ਚੈਰੀਟੇਬਲ ਹਸਪਤਾਲ 'ਚ ਡਿਲੀਵਰੀ ਕਰਵਾਈ। ਪੀੜਤਾ ਦੇ ਪਤੀ ਵਿਕਰਮਜੀਤ ਨੇ ਕਿਹਾ ਕਿ ਇਸ ਸੰਬੰਧੀ 104 ਨੰਬਰ ਤੇ ਆਯੂਸ਼ਮਾਨ ਹੈਲਥ ਪੋਰਟਲ 'ਤੇ ਸੁਖਸਦਨ ਹਸਪਤਾਲ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਡੀ. ਸੀ. ਤੇ ਸਿਵਲ ਸਰਜਨ ਨੂੰ ਵੀ ਸ਼ਿਕਾਇਤ ਕਰਨਗੇ। 

ਕੀ ਕਹਿੰਦੇ ਹਨ ਸਿਵਲ ਸਰਜਨ
ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਕਿਹਾ ਕਿ ਪੈਨਲ 'ਚ ਆਉਂਦਾ ਹਸਪਤਾਲ ਇਲਾਜ ਤੋਂ ਇਨਕਾਰ ਨਹੀਂ ਕਰ ਸਕਦਾ। ਅਸੀਂ ਪੂਰੇ ਮਾਮਲੇ ਦੀ ਜਾਂਚ ਕਰਾਵਾਂਗੇ। ਦੂਜੇ ਪਾਸੇ ਮਲਟੀ ਸਪੈਸ਼ਲਿਟੀ ਹਸਪਤਾਲ ਸੁਖਸਦਨ ਦੇ ਪ੍ਰਬੰਧਕ ਡਾਕਟਰ ਅਵਨੀਸ਼ ਦਾ ਕਹਿਣਾ ਹੈ ਕਿ ਰਾਤ 'ਚ ਅਸੀਂ ਤਾਂ ਬਾਹਰ ਸੀ। ਸਟਾਫ ਨੇ ਕਿਉਂ ਭਰਤੀ ਨਹੀਂ ਕੀਤਾ ਰਿਕਾਰਡ ਲੈ ਕੇ ਆਏ ਫਿਰ ਦੇਖਾਂਗੇ। ਉਧਰ ਇਸ ਯੋਜਨਾ ਦੇ ਕੋਆਰਡੀਨੇਟਰ ਮਯੂਰ ਸ਼ਰਮਾ ਦਾ ਕਹਿਣਾ ਹੈ ਕਿ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਇਸ ਪੈਨਲ 'ਚ ਆਉਣ ਵਾਲਾ ਕੋਈ ਵੀ ਹਸਪਤਾਲ ਇਨਕਾਰ ਨਹੀਂ ਕਰ ਸਕਦਾ। ਜੇਕਰ ਅਜਿਹਾ ਮਾਮਲਾ ਹੋਇਆ ਹੈ ਤਾਂ ਇਸ ਦੀ ਜਾਂਚ ਕਰਵਾਈ ਜਾਵੇਗੀ।

Gurminder Singh

This news is Content Editor Gurminder Singh