ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਯੁੱਧਿਆ ''ਚ ਰਾਮ ਮੰਦਿਰ ਦੇ ਨਿਰਮਾਣ ਲਈ ਮਿਲਿਆ ਸੱਦਾ

08/03/2020 7:35:43 PM

ਅੰਮ੍ਰਿਤਸਰ (ਅਨਜਾਣ) : ਅਯੁੱਧਿਆ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦੀ ਸੇਵਾ ਦਾ  ਕਾਰਜ ਆਰੰਭ ਕਰਨ ਸਮੇਂ 4 ਅਗਸਤ 2020 ਨੂੰ ਰਾਸ਼ਟਰੀ ਸਿੱਖ ਸੰਗਤ ਵੱਲੋਂ ਦਫ਼ਤਰ ਸਕੱਤਰੇਤ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ। ਇਹ ਸੱਦਾ ਪੱਤਰ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਰਘਵੀਰ ਸਿੰਘ, ਡਾ. ਸੰਦੀਪ ਸਿੰਘ ਜਨਰਲ ਸਕੱਤਰ ਅੰਮ੍ਰਿਤਸਰ ਤੇ ਪੰਜਾਬ ਪ੍ਰਚਾਰਕ, ਬਿਕਰਮਜੀਤ ਸਿੰਘ ਪ੍ਰਧਾਨ ਆਰ. ਐੱਸ. ਐੱਸ. ਅੰਮ੍ਰਿਤਸਰ ਤੇ ਸੁਰਜੀਤ ਸਿੰਘ ਅੰਮ੍ਰਿਤਸਰ ਯੂਥ ਪ੍ਰਧਾਨ ਆਰ. ਐੱਸ. ਐੱਸ. ਨੇ ਸਿੰਘ ਸਾਹਿਬ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਕੱਲਾ ਨੂੰ ਦਿੱਤਾ। ਸਕੱਤਰੇਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਸੰਦੀਪ ਸਿੰਘ ਨੇ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਸਬੰਧੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੱਦਾ ਪੱਤਰ ਦੇਣ ਆਏ ਹਾਂ। ਉਨ੍ਹਾਂ ਕਿਹਾ ਮੰਦਿਰ ਨਿਰਮਾਣ ਸਮੇਂ ਅਯੁੱਧਿਆ ਵਿਖੇ ਸਥਿਤ ਗੁਰਦੁਆਰਾ ਬ੍ਰਹਮ ਕੁੰਡ ਵਿਖੇ ਰੱਖੇ ਗਏ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ 5 ਤਾਰੀਖ ਨੂੰ ਸਵੇਰੇ 7 ਵਜੇ ਪਾਏ ਜਾਣਗੇ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਕੈਪਟਨ ਸਰਕਾਰ ਦਾ ਵੱਡਾ ਐਲਾਨ, 36 ਲੱਖ ਪਰਿਵਾਰਾਂ ਨੂੰ ਮਿਲਣਗੇ ਸਮਾਰਟ ਰਾਸ਼ਨ ਕਾਰਡ

ਰਾਸ਼ਟਰੀ ਪ੍ਰਧਾਨ ਗੁਰਬਚਨ ਸਿੰਘ ਗਿੱਲ ਵੱਲੋਂ ਜਥੇਦਾਰ ਸਾਹਿਬ ਨੂੰ ਅਰਦਾਸ ਵਿਚ ਸ਼ਾਮਿਲ ਹੋਣ ਤੇ ਅਰਦਾਸ ਕਰਨ ਲਈ ਬੇਨਤੀ ਕੀਤੀ ਗਈ ਹੈ। ਇਸ ਦੇ ਇਲਾਵਾ ਭੂਮੀ ਪੂਜਨ ਸਮੇਂ ਪੰਜਾਂ ਸਰੋਵਰਾਂ ਦਾ ਜਲ ਵੀ ਅਯੋਧਿਆ ਲੈ ਕੇ ਜਾਵਾਂਗੇ ਤੇ ਭੂਮੀ ਪੂਜਨ ਵਿਚ ਯੋਗਦਾਨ ਪਾਵਾਂਗੇ। ਇਸਦੇ ਇਲਾਵਾ ਸਿੱਖ ਕੌਮ ਦੀਆਂ ਕੁਝ ਹੋਰ ਵੀ ਧਾਰਮਿਕ ਪ੍ਰਮੁੱਖ ਹਸਤੀਆਂ ਨੂੰ ਸੱਦਾ ਪੱਤਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਹਿੰਦੂ ਸਿੱਖ ਏਕਤਾ ਦਾ ਇਕ ਪ੍ਰਤੀਕ ਹੈ ਤੇ ਰਾਸ਼ਟਰੀ ਸਿੱਖ ਸੰਗਤ ਹਮੇਸ਼ਾ ਮੰਦਿਰ ਨਿਰਮਾਣ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਬੜੀ ਖੁਸ਼ੀ ਦੀ ਗੱਲ ਹੈ ਕਿ ਰਾਸ਼ਟਰੀ ਸਿੱਖ ਸੰਗਤ ਇਕ ਰਾਏ ਹੋ ਕੇ ਪਹਿਲੇ ਦਿਨ ਤੋਂ ਹੀ ਮੰਦਿਰ ਦੇ ਕਾਰਜ ਸਬੰਧੀ ਯੋਗਦਾਨ ਦੇ ਰਹੀ ਹੈ।

ਨਹੀਂ ਹੋ ਸਕਿਆ ਜਥੇਦਾਰ ਸਾਹਿਬ ਦੇ ਨਿੱਜੀ ਸਹਾਇਕ ਨਾਲ ਸੰਪਰਕ
ਇਸ ਸਬੰਧੀ ਜਦ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਕੱਲਾ ਨਾਲ ਵਾਰ-ਵਾਰ ਫੋਨ 'ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

 

Gurminder Singh

This news is Content Editor Gurminder Singh