ਆਵਾਰਾ ਸਾਨ੍ਹ ਨੇ 70 ਸਾਲਾ ਬਜ਼ੁਰਗ ''ਤੇ ਕੀਤਾ ਹਮਲਾ

11/10/2017 3:33:07 AM

ਸੁਲਤਾਨਪੁਰ ਲੋਧੀ,   (ਸੋਢੀ)-  ਇਤਿਹਾਸਕ ਨਗਰ ਸਿੱਖਾਂ ਮੁਹੱਲੇ ਦੇ 70 ਸਾਲਾ ਨਿਵਾਸੀ ਚਰਨ ਸਿੰਘ ਨੂੰ ਸ਼ਹਿਰ 'ਚ ਆਵਾਰਾ ਫਿਰਦੇ ਇਕ ਸਾਨ੍ਹ ਵਲੋਂ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰਨ ਦੀ ਖਬਰ ਮਿਲੀ ਹੈ। ਜ਼ਖਮੀ ਹੋਏ ਚਰਨ ਸਿੰਘ ਨੂੰ ਸਥਾਨਕ ਨਿੱਜੀ ਹਸਪਤਾਲ 'ਚ ਪਹੁੰਚਾਇਆ ਗਿਆ, ਜਿਥੇ ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਫਿਰਦੇ ਚਿੱਟੇ ਰੰਗ ਦੇ ਆਵਾਰਾ ਸਾਨ੍ਹ ਵਲੋਂ ਉਸ 'ਤੇ ਉਦੋਂ ਹਮਲਾ ਕਰ ਦਿੱਤਾ ਗਿਆ, ਜਦੋਂ ਉਹ ਆਪਣੇ ਘਰੋਂ ਨਿਕਲ ਕੇ ਬਾਜ਼ਾਰ ਵੱਲ ਚੱਲਿਆ ਸੀ। 
ਉਨ੍ਹਾਂ ਦੱਸਿਆ ਕਿ ਸਾਨ੍ਹ ਨੇ ਉਸਨੂੰ ਢੁੱਡਾਂ ਮਾਰ ਕੇ ਕੰਧ 'ਚ ਮਾਰਿਆ ਤੇ ਫਿਰ ਹੇਠਾਂ ਸੁੱਟ ਕੇ ਉਸਦੇ ਢਿੱਡ 'ਚ ਸਿੰਙ ਮਾਰ ਕੇ ਢਿੱਡ 'ਚ ਡੂੰਘੇ ਜ਼ਖਮ ਕਰ ਦਿੱਤੇ ਤੇ ਪਸਲੀਆਂ ਭੰਨ ਦਿੱਤੀਆਂ। ਉਨ੍ਹਾਂ ਦੱਸਿਆ ਕਿ ਸਾਨ੍ਹ ਨੇ ਪਹਿਲਾਂ ਇਕ ਬੱਚੇ 'ਤੇ ਹਮਲਾ ਕਰਨਾ ਚਾਹਿਆ ਤੇ ਉਸਨੇ ਅੱਗੇ ਹੋ ਕੇ ਬੱਚੇ ਦਾ ਤਾਂ ਬਚਾਓ ਕਰ ਦਿੱਤਾ ਪਰ ਉਸਨੂੰ ਮਾਰ-ਮਾਰ ਕੇ ਸਾਨ੍ਹ ਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। 
ਚਰਨ ਸਿੰਘ ਤੇ ਉਨ੍ਹਾਂ ਨਾਲ ਜਥੇ. ਅਵਤਾਰ ਸਿੰਘ ਫੌਜੀ ਸਾਬਕਾ ਪ੍ਰਧਾਨ ਧਰਮ ਪ੍ਰਚਾਰ ਕਮੇਟੀ ਸੁਲਤਾਨਪੁਰ, ਬਲਕਾਰ ਸਿੰਘ ਨੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ 'ਚ ਫਿਰਦੇ ਖੂੰਖਾਰ ਸਾਨ੍ਹ ਤੇ ਹੋਰ ਆਵਾਰਾ ਪਸ਼ੂਆਂ ਤੋਂ ਆਮ ਜਨਤਾ ਦੀ ਜਾਨ ਬਚਾਉਣ ਲਈ ਪ੍ਰਬੰਧ ਕੀਤੇ ਜਾਣ।