ਜਥੇ. ਭੌਰ ਦੀ ਮੱਕੜ ਨਾਲ ਜੇਲ 'ਚ ਮੁਲਾਕਾਤ ਲਿਆ ਸਕਦੀ ਹੈ ਅਕਾਲੀ ਸਿਆਸਤ 'ਚ ਭੂਚਾਲ

09/13/2018 5:42:07 PM

ਲੁਧਿਆਣਾ (ਸਿਆਲ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਰੋਸੇਯੋਗ ਸਾਥੀ ਅਤੇ ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਜਥੇ. ਅਵਤਾਰ ਸਿੰਘ ਮੱਕੜ ਨੇ ਅੱਜ ਤਾਜਪੁਰ ਰੋਡ, ਕੇਂਦਰੀ ਜੇਲ 'ਚ ਬੰਦ ਐੱਸ. ਜੀ. ਪੀ. ਸੀ. ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨਾਲ ਮੁਲਾਕਾਤ ਕੀਤੀ। ਜੇਲ ਤੋਂ ਬਾਹਰ ਆਉਣ 'ਤੇ ਜਦੋਂ ਜਥੇ. ਅਵਤਾਰ ਸਿੰਘ ਮੱਕੜ ਨੂੰ ਭੌਰ ਦੀ ਗ੍ਰਿਫਤਾਰੀ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।

ਜਥੇ. ਮੱਕੜ ਨੇ ਇਸ ਮੁਲਾਕਾਤ ਨੂੰ ਆਮ ਮੁਲਾਕਾਤ ਦੱਸਿਆ। ਸੂਤਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਸਬੰਧਤ ਜਥੇਦਾਰਾਂ 'ਚ ਰੋਸ ਪਾਇਆ ਜਾ ਰਿਹਾ ਹੈ ਅਤੇ ਕਿਸੇ ਵੀ ਸਮੇਂ ਹਾਲਾਤ ਵਿਸਫੋਟਕ ਹੋ ਸਕਦੇ ਹਨ। ਜਥੇਦਾਰ ਸੁਖਦੇਵ ਸਿੰਘ ਭੌਰ ਦੀ ਗ੍ਰਿਫਤਾਰੀ, ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਦੀ ਮੁਲਾਕਾਤ ਅਤੇ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਕੁਝ ਦਿਨ ਪਹਿਲਾਂ ਸਾਬਕਾ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਤਿੱਖੀ ਪ੍ਰਤੀਕਿਰਿਆ ਕਿਸੇ ਵੀ ਸਮੇਂ ਅਕਾਲੀ ਸਿਆਸਤ 'ਚ ਭੂਚਾਲ ਲਿਆ ਸਕਦੀ ਹੈ।