''ਅਵਤਾਰ ਸਿੰਘ ਮੱਕੜ'' ਦੀ ਵੱਡੇ ਬਾਦਲ ਨਾਲ ਜੇਲ ''ਚ ਹੋਈ ਸੀ ਮੁਲਾਕਾਤ

12/21/2019 2:34:59 PM

ਲੁਧਿਆਣਾ : 11 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਅਵਤਾਰ ਸਿੰਘ ਮੱਕੜ ਦਾ ਬੀਤੇ ਦਿਨ ਦਿਹਾਂਤ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਵਿਖੇ ਸੋਗ ਛਾਇਆ ਹੋਇਆ ਹੈ। ਜੇਕਰ ਅਕਾਲੀ ਦਲ ਨਾਲ ਅਵਤਾਰ ਸਿੰਘ ਮੱਕੜ ਦੇ ਸਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਮੁਲਾਕਾਤ ਪ੍ਰਕਾਸ਼ ਸਿੰਘ ਬਾਦਲ ਨਾਲ ਜੇਲ 'ਚ ਹੋਈ ਸੀ। ਅਵਤਾਰ ਸਿੰਘ ਮੱਕੜ ਨੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਨਾਲ ਮਿਲ ਕੇ ਕਈ ਮੋਰਚਿਆਂ 'ਚ ਕੰਮ ਕੀਤਾ। ਇਸ ਦੌਰਾਨ ਧਰਮ ਯੁੱਧ ਮੋਰਚੇ 'ਚ ਵੀ ਮੱਕੜ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। 1993 'ਚ ਮੱਕੜ ਮੋਰਚੇ ਦੀ ਲੜਾਈ ਲੜਦੇ ਜੇਲ ਪਹੁੰਚ ਗਏ। ਜੇਲ 'ਚ ਉਨ੍ਹਾਂ ਦੀ ਮੁਲਾਕਾਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ। ਬਾਦਲ ਨੇ ਉਨ੍ਹਾਂ ਨੂੰ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਮੱਕੜ ਦੀ ਦੋਸਤੀ ਬਾਦਲ ਨਾਲ ਹੋ ਗਈ ਅਤੇ ਉਹ ਪਾਰਟੀ 'ਚ ਸ਼ਾਮਲ ਹੋ ਗਏ। ਬਾਦਲ ਨਾਲ ਮਿਲਣ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਜੀਵਨ 'ਚ ਕਾਫੀ ਤੇਜ਼ੀ ਆ ਗਈ ਸੀ।
11 ਸਾਲ ਤੱਕ ਰਹੇ ਐੱਸ. ਜੀ. ਪੀ. ਸੀ. ਪ੍ਰਧਾਨ
3 ਜਨਵਰੀ, 1943 ਨੂੰ ਜਨਮੇ ਜੱਥੇਦਾਰ ਮੱਕੜ 11 ਸਾਲਾਂ ਤੱਕ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਰਹੇ। ਇਨ੍ਹੀਂ ਦਿਨੀਂ ਉਹ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਸ੍ਰੀ ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ, ਜਿੱਥੋਂ ਉਨ੍ਹਾਂ ਨੇ ਐੱਸ. ਜੀ. ਪੀ. ਸੀ. ਦਾ ਸਫਰ ਪੂਰਾ ਕੀਤਾ ਸੀ।
ਐਤਵਾਰ ਨੂੰ ਹੋਵੇਗਾ ਅੰਤਿਮ ਸੰਸਕਾਰ
ਅਵਤਾਰ ਸਿੰਘ ਮੱਕੜ ਦੀ ਮ੍ਰਿਤਕ ਦੇਹ ਨੂੰ ਦਿੱਲੀ ਤੋਂ ਲੁਧਿਆਣਾ ਲਿਆਂਦਾ ਗਿਆ ਹੈ ਅਤੇ ਡੀ. ਐੱਮ. ਸੀ. ਹਸਪਤਾਲ 'ਚ ਰਖਵਾਇਆ ਗਿਆ ਹੈ ਕਿਉਂਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਕੀਤਾ ਜਾਵੇਗਾ। ਐਤਵਾਰ ਬਾਅਦ ਦੁਪਹਿਰ ਕਰੀਬ 3 ਵਜੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ।

Babita

This news is Content Editor Babita