ਅਵਤਾਰ ਸਿੰਘ ਹੋਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ

10/23/2019 7:13:31 PM

ਅੰਮ੍ਰਿਤਸਰ, (ਦੀਪਕ ਸ਼ਰਮਾ) : ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ 84 ਦੇਸ਼ਾਂ ਦੇ ਰਾਜਦੂਤਾਂ ਦੇ ਆਗਮਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਕ ਵਿਸ਼ੇਸ਼ ਆਰਡਰ ਜਾਰੀ ਕੀਤਾ। ਜਿਸ 'ਚ ਉਨ੍ਹਾਂ ਨੇ ਆਪਣੇ ਨਿੱਜੀ ਐਡੀ. ਸਕੱਤਰ ਬਤੌਰ ਪੀ. ਏ. ਕੰਮ ਕਰ ਰਹੇ ਇੰਜੀਨੀਅਰ ਸੁਖਮਿੰਦਰ ਸਿੰਘ ਦੀ ਤਲਵੰਡੀ ਸਾਬੋ ਵਿਖੇ ਬਦਲੀ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿੱਜੀ ਸਕੱਤਰ ਦੇ ਅਹੁਦੇ 'ਤੇ ਅਵਤਾਰ ਸਿੰਘ ਨੂੰ ਨਿਯੁਕਤ ਕੀਤਾ ਹੈ।

ਇਸ ਖਬਰ ਬਾਰੇ ਕਿਸੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਨੇ ਕੋਈ ਵੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ। ਜਦ ਕਿ ਇਹ ਵਿਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਹਲਕਿਆਂ 'ਚ ਇਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇੰਜੀਨੀਅਰ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਮੈਂ ਬੜੀ ਲਗਨ ਤੇ ਮਿਹਨਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਗੁਰੂ ਘਰ ਦੀ ਸੇਵਾ ਕੀਤੀ ਹੈ। ਇਸ ਲਈ ਜਿਥੇ ਵੀ ਮੈਨੂੰ ਕੋਈ ਅਹੁਦਾ ਦਿੱਤਾ ਗਿਆ ਮੈਂ ਉਥੇ ਗੁਰੂ ਘਰ ਦੀ ਸੇਵਾ ਤੋਂ ਮੁਨਕਰ ਨਹੀਂ ਹੋਵਾਂਗਾ। ਇਸ ਬਾਰੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਲਗਾਤਾਰ ਫੋਨ ਤੇ ਸੰਪਰਕ ਕਰਨ ਦੇ ਬਾਵਜੂਦ ਇਸ ਖਬਰ ਬਾਰੇ ਕੋਈ ਪੁਸ਼ਟੀ ਨਹੀਂ ਹੋਈ, ਜਦਕਿ ਕੋਈ ਵੀ ਉਚ ਅਧਿਕਾਰੀ ਇਸ ਫੈਸਲੇ ਬਾਰੇ ਕਿੰਤੂ ਪ੍ਰੰਤੂ ਕਰਨ ਲਈ ਤਿਆਰ ਨਹੀਂ ਸੀ ਹੋਇਆ।

ਇਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਵੇਂ ਲੱਗੇ ਨਿੱਜੀ ਸਕੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਜੀ ਦੇ ਹੁਕਮਾਂ ਮੁਤਾਬਕ ਜੋ ਮੈਨੂੰ ਜਿੰਮੇਵਾਰੀ ਦਿੱਤੀ ਗਈ ਹੈ, ਉਸ ਜਿੰਮੇਵਾਰੀ ਨੂੰ ਮੈਂ ਗੁਰੂ ਘਰ ਦੀ ਸੇਵਾ ਸਮਝਦਿਆਂ ਹੋਇਆ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਕਰਾਂਗਾ ਤੇ ਕੋਈ ਕਮੀ ਨਹੀਂ ਰੱਖਾਗਾਂ। ਅਵਤਾਰ ਸਿੰਘ ਨੇ ਦੱਸਿਆ ਕਿ ਉਹ ਨਿੱਜੀ ਸਕੱਤਰ ਦਾ ਅਹੁਦਾ ਆਉਣ ਵਾਲੇ ਕੁਝ ਦਿਨਾਂ ਬਾਅਦ ਸੰਭਾਲਣਗੇ ਤਾਂ ਕਿ ਪਿਛਲੀਆਂ ਜਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾਇਆ ਜਾ ਸਕੇ।