ਆਟੋ ਵਰਕਸ਼ਾਪ ਪੈਟਰੋਲ ਪੰਪ ''ਚ ਗੱਡੀਆਂ ''ਚ ਪਾਇਆ ਜਾਣ ਵਾਲਾ ਡੀਜ਼ਲ ਹਰ ਰੋਜ਼ ਹੋ ਰਿਹੈ ਚੋਰੀ : ਸੁਰੇਸ਼ ਕੁਮਾਰ

10/11/2019 1:08:52 AM

ਅੰਮ੍ਰਿਤਸਰ,(ਵੜੈਚ): ਨਗਰ ਨਿਗਮ ਦੇ ਵਿਭਾਗਾਂ 'ਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਹਰ ਰੋਜ਼ ਖੁਲਾਸੇ ਹੋ ਰਹੇ ਹਨ। ਇਕ ਹੋਰ ਭ੍ਰਿਸ਼ਟਾਚਾਰ ਆਟੋ ਵਰਕਸ਼ਾਪ ਪੈਟਰੋਲ ਪੰਪ ਦੇ ਤੇਲ ਚੋਰੀ ਦਾ ਖੁਲਾਸਾ ਤੱਥਾਂ ਸਮੇਤ ਪੰਜਾਬ ਏਕਤਾ ਪਾਰਟੀ ਦੇ ਮੈਂਬਰ ਸੁਰੇਸ਼ ਕੁਮਾਰ ਸ਼ਰਮਾ ਨੇ ਆਰ. ਟੀ. ਆਈ. ਰਿਪੋਰਟ ਦੇ ਹਵਾਲੇ ਨਾਲ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਥੇ ਸਿਆਸੀ ਸ਼ਹਿ 'ਤੇ ਅਧਿਕਾਰੀ ਤੋਂ ਲੈ ਕੇ ਮੁਲਾਜ਼ਮ ਤੱਕ ਸਰਕਾਰੀ ਪੈਸਾ ਦੋਵਾਂ ਹੱਥਾਂ ਨਾਲ ਲੁੱਟ ਰਹੇ ਹਨ। ਸ਼ਰਮਾ ਨੇ ਕਿਹਾ ਕਿ 20 ਮਾਰਚ 2018 ਨੂੰ ਡਾਇਰੈਕਟਰ ਵਿਭਾਗ ਨੇ ਆਟੋ ਵਰਕਸ਼ਾਪ 'ਚ ਦਸਤਕ ਦੇ ਕੇ ਪੈਟਰੋਲ ਪੰਪ ਤੇ ਹੋਰ ਰਿਕਾਰਡ ਆਪਣੇ ਕਬਜ਼ੇ 'ਚ ਲਿਆ ਸੀ, ਉਸ ਦੌਰਾਨ ਨਿਗਮ ਦੀ ਲੈੱਜਰ ਬੁੱਕ 'ਚ ਕਈ ਕਮੀਆਂ ਪਾਈਆਂ ਗਈਆਂ ਸਨ। ਪੈਟਰੋਲ ਪੰਪ ਦੀ ਪ੍ਰਚੇਜ਼ਿੰਗ ਦੌਰਾਨ 984 ਲਿਟਰ ਡੀਜ਼ਲ ਘੱਟ ਪਾਇਆ ਗਿਆ ਸੀ। ਉਕਤ ਵਰਕਸ਼ਾਪ ਵਿਚ ਗੱਡੀਆਂ 'ਚ ਪਾਏ ਜਾਣ ਵਾਲਾ ਡੀਜ਼ਲ ਹਰ ਰੋਜ਼ ਚੋਰੀ ਹੋ ਰਿਹਾ ਹੈ। ਗੱਡੀ ਜੇਕਰ 5 ਕਿਲੋਮੀਟਰ ਚੱਲਦੀ ਹੈ ਤਾਂ 50 ਕਿਲੋਮੀਟਰ ਦਿਖਾਇਆ ਜਾ ਰਿਹਾ ਹੈ। ਇਹ ਸਭ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਆਰ. ਟੀ. ਆਈ. ਵੱਲੋਂ ਜਵਾਬ ਵੀ ਮੰਗਿਆ ਗਿਆ ਹੈ, ਜਿਸ ਵਿਚ ਅਧਿਕਾਰੀ ਆਪ ਭ੍ਰਿਸ਼ਟਾਚਾਰ ਦਾ ਖੁਲਾਸਾ ਕਰ ਰਹੇ ਹਨ।

ਡਿਸਪੋਜ਼ਲ 'ਤੇ ਬਿਜਲੀ ਹੋਣ 'ਤੇ ਵੀ 40 ਦਿਨਾਂ 'ਚ 1900 ਲਿਟਰ ਡੀਜ਼ਲ ਦੀ ਖਪਤ
ਉਨ੍ਹਾਂ ਦੱਸਿਆ ਕਿ ਰਾਮਤੀਰਥ ਰੋਡ 'ਤੇ ਨਗਰ ਨਿਗਮ ਦੇ ਡਿਸਪੋਜ਼ਲ ਪੰਪ 'ਤੇ 1900 ਲਿਟਰ ਤੇਲ ਜਾਰੀ ਕਰ ਦਿੱਤਾ ਗਿਆ, ਜਦਕਿ ਉਕਤ ਪੰਪ 'ਤੇ ਬਿਜਲੀ ਹੈ। ਪਾਵਰਕਾਮ ਤੋਂ ਰਿਕਾਰਡ ਮੰਗਵਾਇਆ ਜਾਵੇ ਕਿ ਉਕਤ ਖੇਤਰ 'ਚ ਇਨ੍ਹਾਂ ਦਿਨਾਂ 'ਚ ਕਿੰਨਾ ਸਮਾਂ ਬਿਜਲੀ ਬੰਦ ਰਹੀ, ਜਿਸ ਨਾਲ ਸਭ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਪੰਪ 'ਤੇ ਕਿਸੇ ਤਰ੍ਹਾਂ ਦਾ ਰਿਕਾਰਡ ਨਿਗਮ ਪ੍ਰਸ਼ਾਸਨ ਕੋਲ ਨਹੀਂ ਹੈ। ਤੇਲ ਕਿਸ ਅਧਿਕਾਰੀ ਦੇ ਦਸਤਖਤ ਨਾਲ ਜਾਰੀ ਹੋਇਆ, ਕਿਸ ਨੂੰ ਦਿੱਤਾ, ਇਹ ਵੀ ਕਿਸੇ ਨੂੰ ਜਾਣਕਾਰੀ ਨਹੀਂ, ਜਦਕਿ ਬਿਜਲੀ ਹੋਣ ਦੇ ਬਾਵਜੂਦ ਕਰੀਬ 40 ਦਿਨਾਂ ਵਿਚ 1900 ਲਿਟਰ ਤੇਲ ਰਾਮਤੀਰਥ ਡਿਸਪੋਜ਼ਲ 'ਤੇ ਜਾਰੀ ਕਰਨਾ ਸਿੱਧੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰ ਰਿਹਾ ਹੈ।

ਇਕ ਸਾਲ 'ਚ ਸਰਕਾਰ ਨੂੰ 4 ਕਰੋੜ 38 ਲੱਖ ਦਾ ਹੋ ਰਿਹਾ ਨੁਕਸਾਨ
ਉਨ੍ਹਾਂ ਨਿਗਮ ਦੀਆਂ 12 ਵੱਖ-ਵੱਖ ਗੱਡੀਆਂ ਦੀ 2 ਮਹੀਨਿਆਂ ਦੀ ਕੈਲਕੂਲੇਸ਼ਨ ਦਿਖਾਈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਹਨਾਂ ਦੀ ਐਵਰੇਜ ਜ਼ਿਆਦਾ ਦਿਖਾ ਕੇ ਲੱਖਾਂ ਰੁਪਏ ਦੇ ਤੇਲ ਦੀ ਹੇਰਾਫੇਰੀ ਕੀਤੀ ਗਈ ਹੈ। ਇਹ ਸਾਰੇ ਕਾਰਨਾਮੇ ਉਸ ਦੌਰਾਨ ਅਧਿਕਾਰੀਆਂ ਵੱਲੋਂ ਕੀਤੇ ਗਏ, ਜੋ ਕਿ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ 12 ਗੱਡੀਆਂ ਦਾ ਜੇਕਰ ਹਿਸਾਬ ਲਾਇਆ ਜਾਵੇ ਤਾਂ ਸਰਕਾਰ ਨੂੰ 8,82,398 ਰੁਪਏ ਦਾ ਚੂਨਾ ਲੱਗਾ ਹੈ। ਮੌਜੂਦਾ ਸਮੇਂ 'ਚ 146 ਵਾਹਨ ਚੱਲ ਰਹੇ ਹਨ। ਇਸ ਦੌਰਾਨ 2 ਮਹੀਨਿਆਂ 'ਚ ਨਿਗਮ ਨੂੰ 73 ਲੱਖ ਅਤੇ 1 ਸਾਲ 'ਚ 4 ਕਰੋੜ 38 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਸ ਵਿਚੋਂ ਜੇ. ਸੀ. ਬੀ. ਨੂੰ ਰੋਜ਼ਾਨਾ 35 ਤੋਂ 40 ਲਿਟਰ ਤੇਲ ਦਿੱਤਾ ਜਾ ਰਿਹਾ ਹੈ, ਜਿਸ ਨੂੰ ਰੋਜ਼ਾਨਾ 5 ਤੋਂ 6 ਘੰਟੇ ਚਲਾਇਆ ਜਾਣਾ ਦੱਸਿਆ ਗਿਆ ਹੈ, ਜਦਕਿ ਇਸ ਨੂੰ ਕਿਸੇ ਕੰਮ ਲਈ 1 ਘੰਟੇ ਲਈ ਬੁਲਾਉਣਾ ਪਏ ਤਾਂ ਕਈ ਸਿਫਾਰਸ਼ਾਂ ਲਾਉਣੀਆਂ ਪੈਂਦੀਆਂ ਹਨ। ਟਰੈਕਟਰ ਵੀ 12 ਤੋਂ 20 ਘੰਟੇ ਨਿੱਤ ਚੱਲਦੇ ਦਿਖਾਏ ਗਏ ਹਨ, ਜਦਕਿ ਸਰਕਾਰੀ ਡਿਊਟੀ ਵੱਧ ਤੋਂ ਵੱਧ 8 ਤੋਂ 10 ਘੰਟੇ ਹੁੰਦੀ ਹੈ। ਇਨ੍ਹਾਂ ਟਰੈਕਟਰਾਂ ਨੂੰ ਰੋਜ਼ਾਨਾ 16 ਤੋਂ 32 ਲਿਟਰ ਤੇਲ ਦਿੱਤਾ ਜਾ ਰਿਹਾ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਨਿਗਮ ਨੂੰ ਸਾਲਾਨਾ 4 ਕਰੋੜ 38 ਲੱਖ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।