ਸ਼ਹਿਰ ''ਚ ਚੱਲ ਰਹੇ ਸਨ ਤਹਿਸੀਲਾਂ ਦੇ ਪਰਮਿਟ ਵਾਲੇ ਆਟੋ ਰਿਕਸ਼ਾ

12/07/2017 5:05:34 AM

ਲੁਧਿਆਣਾ(ਸੰਨੀ)-ਸ਼ਹਿਰ ਦੀ ਨਗਰ ਨਿਗਮ ਹੱਦ ਅੰਦਰ ਚੱਲ ਰਹੇ ਬਾਹਰੀ ਤਹਿਸੀਲਾਂ ਵਾਲੇ ਆਟੋ ਰਿਕਸ਼ਾ ਖਿਲਾਫ ਅੱਜ ਟਰੈਫਿਕ ਪੁਲਸ ਨੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੈਫਿਕ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਬੱਸ ਸਟੈਂਡ, ਸਮਰਾਲਾ ਚੌਕ ਤੇ ਬਸਤੀ ਜੋਧੇਵਾਲ ਚੌਕ ਸਮੇਤ ਸ਼ਹਿਰ ਦੇ ਕਈ ਇਲਾਕਿਆਂ 'ਚ ਵਿਸ਼ੇਸ਼ ਨਾਕਾਬੰਦੀ ਕਰ ਕੇ ਕਰੀਬ 109 ਦੇ ਕਰੀਬ ਆਟੋ ਰਿਕਸ਼ਾ ਨੂੰ ਕਾਗਜ਼ਾਤ ਨਾ ਹੋਣ ਕਾਰਨ ਬੰਦ ਕਰ ਦਿੱਤਾ ਤੇ 150 ਦੇ ਕਰੀਬ ਆਟੋ ਰਿਕਸ਼ਾ ਦੇ ਚਲਾਨ ਕੱਟੇ ਗਏ। ਪੁਲਸ ਵੱਲੋਂ ਅੱਜ ਸਵੇਰੇ 10 ਵਜੇ ਤੋਂ ਸ਼ਹਿਰ ਦੇ ਵੱਖ-ਵੱਖ ਚੌਕਾਂ 'ਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦੀ ਅਗਵਾਈ ਖੁਦ ਏ. ਡੀ. ਸੀ. ਪੀ. ਟਰੈਫਿਕ ਸੁਖਪਾਲ ਸਿੰਘ ਬਰਾੜ ਨੇ ਕੀਤੀ। ਚੈਕਿੰਗ ਦੌਰਾਨ ਅਜਿਹੇ ਸੈਂਕੜੇ ਆਟੋ ਰਿਕਸ਼ਾ ਪੁਲਸ ਦੀ ਕਾਰਵਾਈ ਦਾ ਸ਼ਿਕਾਰ ਬਣੇ, ਜਿਨ੍ਹਾਂ ਕੋਲ ਪਰਮਿਟ ਤਾਂ ਜਗਰਾਓਂ ਖੰਨਾ ਤੇ ਹੋਰ ਤਹਿਸੀਲਾਂ ਦਾ ਸੀ ਪਰ ਉਨ੍ਹਾਂ ਨੂੰ ਨਗਰ ਨਿਗਮ ਅੰਦਰ ਚਲਾਇਆ ਜਾ ਰਿਹਾ ਸੀ। ਪਰਮਿਟ ਤੇ ਹੋਰ ਕਾਗਜ਼ਾਤ ਨਾ ਹੋਣ 'ਤੇ ਅਜਿਹੇ ਆਟੋ ਰਿਕਸ਼ਾ ਨੂੰ ਮੌਕੇ 'ਤੇ ਹੀ ਬੰਦ ਕਰ ਦਿੱਤਾ ਗਿਆ, ਜਦ ਕਿ ਕੋਈ ਕਾਗਜ਼ਾਤ ਨਾ ਦਿਖਾਉਣ ਵਾਲੇ ਆਟੋ ਰਿਕਸ਼ਾ ਦੇ ਚਾਲਕਾਂ ਦੇ ਚਲਾਨ ਕੀਤੇ ਗਏ। ਵਿਸ਼ੇਸ਼ ਮੁਹਿੰਮ 'ਚ ਟਰੈਫਿਕ ਜ਼ੋਨ ਇੰਚਾਰਜ ਜਗਜੀਤ ਸਿੰਘ, ਰਵਿੰਦਰ ਪਾਲ ਸਿੰਘ, ਕੁਲਵੰਤ ਸਿੰਘ, ਹਰਦੇਵ ਸਿੰਘ ਸਮੇਤ ਕਈ ਏ. ਐੱਸ. ਆਈ. ਸ਼ਾਮਲ ਰਹੇ।
ਅੰਗਹੀਣ ਚਲਾ ਰਿਹਾ ਸੀ ਆਟੋ, ਕੀਤਾ ਜ਼ਬਤ
ਬੱਸ ਸਟੈਂਡ ਤੇ ਆਟੋ ਰਿਕਸ਼ਾ ਦੀ ਜਾਂਚ ਦੌਰਾਨ ਇਕ ਆਟੋ ਨੂੰ ਰੋਕਿਆ ਤਾਂ ਉਸ ਨੂੰ ਇਕ ਅੰਗਹੀਣ ਵਿਅਕਤੀ ਚਲਾ ਰਿਹਾ ਸੀ। ਹਾਲਾਂਕਿ ਟਰੈਫਿਕ ਕਰਮਚਾਰੀਆਂ ਨੂੰ ਉਸ 'ਤੇ ਤਰਸ ਵੀ ਆਇਆ ਪਰ ਨਿਯਮਾਂ ਅਨੁਸਾਰ ਅੰਗਹੀਣ ਵਿਅਕਤੀ ਕੋਈ ਕਮਰਸ਼ੀਅਲ ਵਾਹਨ ਨਹੀਂ ਚਲਾ ਸਕਦਾ। ਇਸ ਤੋਂ ਇਲਾਵਾ ਉਹ ਵਿਅਕਤੀ ਆਟੋ ਦਾ ਕੋਈ ਕਾਗਜ਼ਾਤ ਵੀ ਮੌਕੇ 'ਤੇ ਦਿਖਾ ਨਹੀਂ ਸਕਿਆ। ਅਧਿਕਾਰੀਆਂ ਨੂੰ ਮਜਬੂਰਨ ਉਸ ਦਾ ਆਟੋ ਜ਼ਬਤ ਕਰਨਾ ਪਿਆ।
ਕਈ ਕਰਦੇ ਰਹੇ ਮਿੰਨਤਾਂ, ਫੜਦੇ ਰਹੇ ਪੈਰ
ਵਿਸ਼ੇਸ਼ ਮੁਹਿੰਮ ਤਹਿਤ ਕਈ ਅਜਿਹੇ ਆਟੋ ਰਿਕਸ਼ਾ ਚਾਲਕਾਂ ਨੂੰ ਵੀ ਰੋਕਿਆ ਗਿਆ, ਜੋ ਪਹਿਲਾਂ ਤੋਂ ਫਟੇਹਾਲ ਸਨ, ਗਰੀਬੀ 'ਚ ਜੀਵਨ ਬਤੀਤ ਕਰ ਰਹੇ ਸਨ। ਉਨ੍ਹਾਂ ਦੇ ਪਹਿਨੇ ਕੱਪੜੇ ਅਤੇ ਜੁੱਤੇ ਇਹ ਬਿਆਨ ਕਰਨ ਲਈ ਕਾਫੀ ਸਨ ਕਿ ਉਨ੍ਹਾਂ ਦੇ ਆਰਥਿਕ ਹਾਲਾਤ ਕਿਸ ਤਰ੍ਹਾਂ ਦੇ ਹਨ। ਕਈ ਆਟੋ ਚਾਲਕ ਅਧਿਕਾਰੀਆਂ ਨੂੰ ਮਿੰਨਤਾਂ ਕਰ ਕੇ ਉਨ੍ਹਾਂ ਦੇ ਪੈਰ ਤੱਕ ਫੜਦੇ ਰਹੇ ਪਰ ਨਿਯਮਾਂ ਦਾ ਹਵਾਲਾ ਦੇ ਕੇ ਅਧਿਕਾਰੀ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਸਕੇ ਅਤੇ ਉਨ੍ਹਾਂ ਦਾ ਆਟੋ ਬੰਦ ਕਰ ਦਿੱਤਾ। ਏ. ਡੀ. ਸੀ. ਪੀ. ਬਰਾੜ ਨੇ ਖੁਦ ਚੈਕਿੰਗ ਦਾ ਮੋਰਚਾ ਸੰਭਾਲਿਆ ਤਾਂ ਆਟੋ ਯੂਨੀਅਨਾਂ ਦੇ ਕਈ ਪ੍ਰਧਾਨਾਂ ਨੇ ਉਨ੍ਹਾਂ ਨੂੰ ਆਟੋ ਬੰਦ ਨਾ ਕਰਨ ਦੀ ਸਿਫਾਰਿਸ਼ ਕੀਤੀ ਪਰ ਮੌਕੇ 'ਤੇ ਮੀਡੀਆ ਕਰਮਚਾਰੀਆਂ ਦੀ ਮੌਜੂਦਗੀ ਹੋਣ ਕਾਰਨ ਅਜਿਹੇ ਕਿਸੇ ਪ੍ਰਧਾਨ ਦੀ ਸਿਫਾਰਿਸ਼ ਨਹੀਂ ਸੁਣੀ ਗਈ।