ਮਾਸੀ ਦਾ ਲੜਕਾ ਹੀ ਨਿਕਲਿਆ ਅਗਵਾਕਾਰ

01/11/2018 8:08:23 AM

ਗਿੱਦੜਬਾਹਾ  (ਕੁਲਭੂਸ਼ਨ) - ਬੀਤੀ 7 ਜਨਵਰੀ ਨੂੰ ਪਿੰਡ ਕੁਰਾਈਵਾਲਾ ਦੇ ਰਹਿਣ ਵਾਲੇ 14 ਸਾਲਾ ਸਕੂਲੀ ਵਿਦਿਆਰਥੀ ਸੁਰਿੰਦਰ ਸਿੰਘ ਦਾ ਅਗਵਾਕਾਰ ਉਸ ਦੀ ਹੀ ਮਾਸੀ ਦਾ ਲੜਕਾ ਸੋਨੀ ਸਿੰਘ ਨਿਕਲਿਆ। ਉਸ ਨੇ ਪੁਲਸ ਕੋਲ ਮੰਨਿਆ ਹੈ ਕਿ ਉਸ ਨੇ ਸੁਰਿੰਦਰ ਨੂੰ ਅਗਵਾ ਕਰਨ ਤੋਂ ਕੁਝ ਸਮੇਂ ਬਾਅਦ ਹੀ ਨਸ਼ੇ ਵਾਲੀਆਂ ਗੋਲੀਆਂ ਡਿੰਰਕ ਵਿਚ ਮਿਲਾ ਕੇ ਦਿੱਤੀਆਂ ਅਤੇ ਫਿਰ ਉਸ ਨੂੰ ਕਤਲ ਕਰਨ ਦੇ ਇਰਾਦੇ ਨਾਲ ਸਰਹਿੰਦ ਫੀਡਰ ਵਿਚ ਸੁੱਟ ਕੇ ਉਸ ਦੇ ਪਿਤਾ ਪਾਸੋਂ ਫਿਰੋਤੀ ਦੀ ਮੰਗ ਕੀਤੀ, ਜਦਕਿ ਪੁਲਸ ਕਥਿਤ ਦੋਸ਼ੀ ਸੋਨੀ ਸਿੰਘ ਦੀ ਨਿਸ਼ਾਨਦੇਹੀ 'ਤੇ ਸਰਹਿੰਦ ਫੀਡਰ ਨਹਿਰ ਦੇ ਘੱਗਾ-ਬੁਬਾਣੀਆਂ ਦੇ ਪੁਲ ਕੋਲ ਨਹਿਰ 'ਚੋਂ ਬੱਚੇ ਦੀ ਤਲਾਸ਼ ਵਿਚ ਜੁਟੀ ਹੋਈ ਹੈ।
ਕੀ ਸੀ ਮਾਮਲਾ
14 ਸਾਲਾ ਸੁਰਿੰਦਰ ਸਿੰਘ, ਜੋ ਕਿ ਪਿੰਡ ਦੇ ਹੀ ਸਰਕਾਰੀ ਸਕੂਲ ਦਾ 9ਵੀਂ ਜਮਾਤ ਦਾ ਵਿਦਿਆਰਥੀ ਹੈ, ਪਿੰਡ ਕੁਰਾਈਵਾਲਾ ਵਿਖੇ ਆਪਣੇ ਘਰੋਂ 11 ਵਜੇ ਖੇਡਣ ਲਈ ਗਿਆ ਸੀ, ਜਦੋਂ ਉਹ ਸ਼ਾਮ ਕਰੀਬ 5 ਵਜੇ ਤੱਕ ਘਰ ਵਾਪਸ ਨਹੀਂ ਪੁੱਜਾ ਤਾਂ ਪਰਿਵਾਰ ਨੇ ਉਸ ਦੀ ਤਲਾਸ਼ ਸ਼ੁਰੂ ਕੀਤੀ ਪਰ ਦੇਰ ਸ਼ਾਮ ਤੱਕ ਉਸ ਦਾ ਕੁਝ ਨਾ ਪਤਾ ਲੱਗਣ ਕਾਰਨ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਈ ਤਾਂ ਪਿੰਡ ਵਿਚੋਂ ਹੀ ਪਤਾ ਲੱਗਾ ਕਿ ਸੁਰਿੰਦਰ ਪਿੰਡ ਦੇ ਹੀ ਇਕ ਵਿਅਕਤੀ ਸੋਨੀ ਸਿੰਘ ਨਾਲ ਮੋਟਰਸਾਈਕਲ 'ਤੇ ਜਾਂਦਾ ਦੇਖਿਆ ਗਿਆ ਸੀ।
ਇਸ ਦੌਰਾਨ ਆਪਣੇ ਪਿਤਾ ਬੂਟਾ ਸਿੰਘ ਦਾ ਮੋਬਾਇਲ ਖੇਡਣ ਸਮੇਂ ਨਾਲ ਲੈ ਗਏ ਸੁਰਿੰਦਰ ਦੇ ਫੋਨ ਤੋਂ ਕਿਸੇ ਵਿਅਕਤੀ ਦਾ ਫੋਨ ਆਇਆ ਕਿ 'ਚਾਰ ਲੱਖ ਰੁਪਏ ਸਿਵਲ ਹਸਪਤਾਲ ਮਲੋਟ ਨੇੜੇ ਲੈ ਕੇ ਆ ਜਾਓ ਅਤੇ ਆਪਣਾ ਲੜਕਾ ਲੈ ਜਾਓ'।
ਦੂਜੇ ਪਾਸੇ ਸੁਰਿੰਦਰ ਸਿੰਘ ਨਾਲ ਘਟਨਾ ਸਮੇਂ ਖੇਡ ਰਹੇ ਬੱਚਿਆਂ ਦੇ ਦੱਸਣ ਅਨੁਸਾਰ ਸੁਰਿੰਦਰ ਦੀ ਮਾਸੀ ਦਾ ਲੜਕਾ ਉਕਤ ਸੋਨੀ ਸਿੰਘ ਉਨ੍ਹਾਂ ਕੋਲ ਆਇਆ ਅਤੇ ਖੇਡ ਰਹੇ ਬੱਚਿਆਂ ਨੂੰ ਪਿੰਡ ਔਲਖ ਤੋਂ ਲੈਪਟਾਪ ਦਿਵਾਉਣ ਦੀ ਗੱਲ ਕਹੀ, ਜਿਸ 'ਤੇ ਬਾਕੀ ਬੱਚਿਆਂ ਵੱਲੋਂ ਇਨਕਾਰ ਕਰ ਦਿੱਤਾ ਗਿਆ, ਜਦਕਿ ਸੁਰਿੰਦਰ ਉਸ ਨਾਲ ਚਲਾ ਗਿਆ ਅਤੇ ਜਦੋਂ ਸੋਨੀ ਕਰੀਬ 1 ਵਜੇ ਵਾਪਸ ਪਿੰਡ ਪਰਤਿਆ ਤਾਂ ਉਸ ਸਮੇਂ ਉਹ ਇਕੱਲਾ ਸੀ।  
ਪੈਸਿਆਂ ਲਈ ਕੀਤਾ ਪੁੱਤਰ ਅਗਵਾ
ਇਸ ਦੌਰਾਨ ਸੁਰਿੰਦਰ ਸਿੰਘ ਦੇ ਪਿਤਾ ਬੂਟਾ ਸਿੰਘ ਅਤੇ ਮਾਤਾ ਰਾਣੀ ਕੌਰ ਨੇ ਕਿਹਾ ਕਿ ਹਾਲਾਂਕਿ ਸੋਨੀ ਸਿੰਘ, ਸੁਰਿੰਦਰ ਦੀ ਮਾਸੀ ਦਾ ਲੜਕਾ ਹੈ ਪਰ ਸਾਡੇ ਪਰਿਵਾਰ ਦਾ ਉਸ ਨਾਲ ਕੋਈ ਮਿਲਵਰਤਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਸੀਂ ਪੂਰਾ ਪਰਿਵਾਰ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਾਂ ਅਤੇ ਸੋਨੀ ਨੇ ਸੁਰਿੰਦਰ ਨੂੰ ਫਿਰੋਤੀ ਦੇ ਪੈਸਿਆਂ ਲਈ ਹੀ ਅਗਵਾ ਕੀਤਾ ਹੈ ਅਤੇ ਹੁਣ ਉਸ ਨੂੰ ਨਹਿਰ ਵਿਚ ਸੁੱਟਣ ਦੀ ਗੱਲ ਕਰ ਰਿਹਾ ਹੈ।
ਮਾਂ, ਭਰਾ ਅਤੇ ਭੈਣਾਂ ਲਾਈ ਬੈਠੀਆਂ ਹਨ ਬੂਹੇ 'ਤੇ 'ਟਿਕਟਿਕੀ'
ਜਿਸ ਦਿਨ ਤੋਂ ਸੁਰਿੰਦਰ ਸਿੰਘ ਅਗਵਾ ਹੋਇਆ ਹੈ, ਉਸ ਸਮੇਂ ਤੋਂ ਹੀ ਇਕ ਵੱਖਰੀ ਕਿਸਮ ਦੇ ਖੌਫ ਵਿਚ ਜੀਅ ਰਹੀ ਸੁਰਿੰਦਰ ਦੀ ਮਾਂ ਰਾਣੀ ਕੌਰ, ਉਸ ਦੀਆਂ ਭੈਣਾਂ ਅਰਸ਼ਦੀਪ ਕੌਰ, ਹਰਮੇਸ਼ ਕੌਰ, ਖੁਸ਼ਪ੍ਰੀਤ ਕੌਰ ਅਤੇ 7 ਸਾਲਾ ਭਰਾ ਸੇਵਕ ਸਿੰਘ ਭਿੱਜੀਆਂ ਅੱਖਾਂ ਨਾਲ ਲਗਾਤਾਰ ਬੂਹੇ 'ਤੇ 'ਟਿਕਟਿਕੀ' ਲਾ ਕੇ ਸੁਰਿੰਦਰ ਦੇ ਵਾਪਸ ਆਉਣ ਦੀ ਰਾਹ ਤੱਕ ਰਹੇ ਸਨ।
ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਡੀ. ਐੱਸ. ਪੀ. ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਪੁਲਸ ਵੱਲੋਂ ਬੀਤੀ ਰਾਤ ਕਥਿਤ ਦੋਸ਼ੀ ਸੋਨੀ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਪੁੱਛਗਿੱਛ ਕੀਤੀ ਗਈ ਤੇ ਪਹਿਲਾਂ ਤਾਂ ਉਹ ਪੁਲਸ ਨੂੰ ਵੱਖ-ਵੱਖ ਥਾਵਾਂ 'ਤੇ ਸੁਰਿੰਦਰ ਸਿੰਘ ਦੇ ਹੋਣ ਬਾਰੇ ਗੁੰਮਰਾਹ ਕਰਦਾ ਰਿਹਾ ਪਰ ਪੁਲਸ ਵੱਲੋਂ ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਸਿਰਫ ਪੈਸਿਆਂ ਲਈ ਹੀ ਸੁਰਿੰਦਰ ਸਿੰਘ ਨੂੰ ਅਗਵਾ ਕੀਤਾ ਸੀ ਅਤੇ ਅਗਵਾ ਕਰਨ ਦੇ ਕੁਝ ਸਮੇਂ ਬਾਅਦ ਹੀ ਉਸ ਨੂੰ ਨਸ਼ੀਲੀਆਂ ਗੋਲੀਆਂ ਡ੍ਰਿੰਕ ਵਿਚ ਪਾ ਕੇ ਬੇਹੋਸ਼ੀ ਦੀ ਹਾਲਤ ਵਿਚ ਸਰਹਿੰਦ ਫੀਡਰ ਨਹਿਰ ਵਿਚ (ਘੱਗਾ-ਬੁਬਾਣੀਆਂ ਪੁਲ ਨੇੜੇ) ਧੱਕਾ ਦੇ ਕੇ ਉਸ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੋਨੀ ਸਿੰਘ ਦੀ ਨਿਸ਼ਾਨਦੇਹੀ 'ਤੇ ਨਹਿਰ 'ਚੋਂ ਗੋਤਾਖੋਰਾਂ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਸੁਰਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਸੋਨੀ ਸਿੰਘ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ, ਜਦਕਿ ਅਜੇ ਤੱਕ ਸੁਰਿੰਦਰ ਸਿੰਘ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।


Related News