ਅਟਾਰੀ ਬਾਰਡਰ ’ਤੇ 370 ਫੁੱਟ ਦਾ ਤਿਰੰਗਾ ਗਾਇਬ ਦੇਖ ਨਿਰਾਸ਼ ਹੋਏ ਟੂਰਿਸਟ, ਭਾਰਤੀਆਂ ਨੂੰ ਚਿੜ੍ਹਾਉਂਦਾ ਪਾਕਿ ਦਾ ਝੰਡਾ

03/07/2022 3:06:48 PM

ਅੰਮ੍ਰਿਤਸਰ (ਨੀਰਜ)- ਜੁਆਇੰਟ ਚੈੱਕ ਪੋਸਟ ਅਟਾਰੀ ਬਾਰਡਰ ਦੀ ਰੀਟ੍ਰੀਟ ਸੈਰਾਮਨੀ ਨੂੰ ਦੇਖਣ ਲਈ ਦੇਸ਼ ਵਿਦੇਸ਼ ਤੋਂ ਹਰ ਰੋਜ਼ 30 ਹਜ਼ਾਰ ਤੋਂ ਜ਼ਿਆਦਾ ਟੂਰਿਸਟ ਆ ਰਹੇ ਹਨ ਪਰ ਜੇ.ਸੀ.ਪੀ. ਵਿਚ ਐਂਟਰੀ ਦੌਰਾਨ ਟੂਰਿਸਟਾਂ ਨੂੰ ਮਾਯੂਸੀ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਸੁਧਾਰ ਟਰੱਸਟ ਵਲੋਂ ਜੇ.ਸੀ.ਪੀ. ਅਟਾਰੀ ਬਾਰਡਰ ’ਤੇ ਲਾਇਆ ਗਿਆ 370 ਫੁੱਟ ਉੱਚੇ ਤਿਰੰਗੇ ਦਾ ਡੰਡਾ ਨਜ਼ਰ ਆ ਰਿਹਾ ਹੈ, ਜਦਕਿ ਪਾਕਿਸਤਾਨ ਦੀ ਟੂਰਿਸਟ ਗੈਲਰੀ ਵਿਚ ਲੱਗਾ 400 ਫੁੱਟ ਦਾ ਪਾਕਿਸਤਾਨੀ ਝੰਡਾ ਭਾਰਤੀ ਟੂਰਿਸਟਾਂ ਨੂੰ ਚਿੜ੍ਹਾ ਰਿਹਾ ਹੈ। ਭਾਰਤੀ ਖੇਮੇ ਦੀ ਟੂਰਿਸਟ ਗੈਲਰੀ ਵਿਚ ਆਉਣ ਵਾਲਾ ਹਰ ਵਿਅਕਤੀ ਬੀ.ਐੱਸ.ਐੱਫ. ਤੋਂ ਇਹ ਸਵਾਲ ਪੁੱਛਦਾ ਹੈ ਕਿ 370 ਫੁੱਟ ਵਾਲਾ ਤਿਰੰਗਾ ਕਿੱਥੇ ਹੈ? ਜੇ.ਸੀ.ਪੀ. ਵਿਚ ਐਂਟਰੀ ਦੌਰਾਨ ਸਿਰਫ਼ ਤਿਰੰਗੇ ਦਾ ਡੰਡਾ ਕਿਉਂ ਨਜ਼ਰ ਆ ਰਿਹਾ ਹੈ? ਬੀ.ਐੱਸ.ਐੱਫ. ਕੋਲ ਟੂਰਿਸਟਾਂ ਵਲੋਂ ਪੁੱਛਣ ਵਾਲੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਗਿਆ ਸੀ, ਕਿਉਂਕਿ 370 ਫੁੱਟ ਵਾਲੇ ਤਿਰੰਗੇ ਦੀ ਦੇਖਰੇਖ ਬੀ. ਐੱਸ. ਐੱਫ ਨਹੀਂ ਬਲਕਿ ਨਗਰ ਸੁਧਾਰ ਟਰੱਸਟ ਕਰਦੀ ਹੈ।

ਟਾਈਲ ਮੰਤਰੀ ਨੇ ਲਾਇਆ ਸੀ 370 ਫੁੱਟ ਦਾ ਤਿਰੰਗਾ
ਜੇ.ਸੀ.ਪੀ. ਅਟਾਰੀ ਬਾਰਡਰ ’ਤੇ 370 ਫੁੱਟ ਦੇ ਤਿਰੰਗੇ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਟਾਈਲ ਮੰਤਰੀ ਦੇ ਨਾਮ ਨਾਲ ਜਾਣੇ ਜਾਂਦੇ ਇਕ ਨੇਤਾ ਨੇ ਆਪਣਾ ਦੇਸ਼ ਭਗਤੀ ਦਾ ਦਿਖਾਵਾ ਕਰਨ ਲਈ ਦੇਸ਼ ਦਾ ਸਭ ਤੋਂ ਵੱਡਾ ਤਿਰੰਗਾ ਬੀ.ਐੱਸ.ਐੱਫ. ਦੀ ਰੀਟ੍ਰੀਟ ਸੈਰਾਮਨੀ ਸਥਾਨ ’ਤੇ ਲਗਵਾਇਆ ਸੀ। ਉਸ ਦੀ ਦੇਖਰੇਖ ਕਰਨ ਦੇ ਪੁਖਤਾ ਇੰਤਜ਼ਾਮ ਉਦੋਂ ਨਹੀਂ ਕੀਤੇ ਗਏ ਸਨ, ਉਦੋਂ ਵੀ ਇਸ ਗੱਲ ਦੀ ਸਖ਼ਤ ਆਲੋਚਨਾ ਹੋਈ ਸੀ ਕਿ ਇਸ ਤੋਂ ਵੱਡੇ ਤਿੰਰਗੇ ਦੀ ਦੇਖਭਾਲ ਦਾ ਕੰਮ ਬੀ. ਐੱਸ. ਐੱਫ. ਜਾਂ ਸੈਨਾ ਦੀ ਸੌਂਪਣਾ ਚਾਹੀਦਾ ਹੈ।

ਕਈ ਵਾਰ ਫਟ ਚੁੱਕੈ ਤਿਰੰਗਾ
ਜੇ. ਸੀ. ਪੀ. ਅਟਾਰੀ ਬਾਰਡਰ ’ਤੇ ਲਗਾਇਆ ਗਿਆ 370 ਫੁੱਟ ਦੇ ਤਿਰੰਗੇ ਦੀ ਕੁਆਲਿਟੀ ਵਿਚ ਕਈ ਸਵਾਲ ਖੜ੍ਹੇ ਹੋਏ ਹਨ, ਕਿਉਂਕਿ ਤੇਜ਼ ਹਵਾ ਚੱਲਣ ’ਤੇ ਕਈ ਵਾਰ ਤਿਰੰਗਾ ਫੱਟ ਵੀ ਚੁੱਕਾ ਹੈ। ਇਸ ਗੱਲ ਦੀ ਸਖ਼ਤ ਆਲੋਚਨਾ ਵੀ ਹੋ ਰਹੀ ਹੈ ਕਿ ਆਖਿਰਕਾਰ ਪੂਰੀ ਵਿਗਿਆਨੀ ਵਿਧੀ ਨਾਲ ਤਿਰੰਗਾ ਕਿਉਂ ਨਹੀਂ ਲਗਾਇਆ ਗਿਆ। ਇਸ ਮਾਮਲੇ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਕਈ ਵਾਰ ਦਖ਼ਲਅੰਦਾਜੀ ਕੀਤੀ ਗਈ ਹੈ ਪਰ ਕੋਈ ਅਸਰ ਨਹੀਂ ਹੋਇਆ ਹੈ।

ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਲਾਇਆ ਸੀ ਝੰਡਾ
ਜੇ. ਸੀ. ਪੀ. ਅਟਾਰੀ ਬਾਰਡਰ ’ਤੇ ਜਦੋਂ 370 ਫੁੱਟ ਦਾ ਤਿਰੰਗਾ ਲਗਾਇਆ ਗਿਆ ਤਾਂ ਪਾਕਿਸਤਾਨ ਰੇਂਜਰਸ ਵਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ। ਰੀਟ੍ਰੀਟ ਸੈਰਾਮਨੀ ਪਰੇਡ ਦੌਰਾਨ ਬੀ. ਐੈੱਸ. ਐੈੱਫ. ਅਤੇ ਪਾਕਿਸਤਾਨ ਦੇ ਰੇਂਜ਼ਰਸ ਇਕੋ ਸਮੇਂ ਪਰੇਡ ਕਰਦੇ ਹਨ। ਪਾਕਿਸਤਾਨ ਦੇ ਇਤਰਾਜ਼ ਦੇ ਬਾਅਦ ਜਦੋਂ 370 ਫੁੱਟ ਵਾਲਾ ਤਿਰੰਗਾ ਨਹੀਂ ਉਤਾਰਿਆ ਗਿਆ ਤਾਂ ਪਾਕਿਸਤਾਨ ਨੇ ਚੀਨ ਦੀ ਮਦਦ ਨਾਲ ਉਸਦੀ ਟੂਰਿਸਟ ਗੈਲਰੀ ਵਿਚ 400 ਫੁੱਟ ਦਾ ਝੰਡਾ ਲਗਾਇਆ ਅਤੇ ਉਨ੍ਹਾਂ ਨੇ ਅਤਿਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹੋਏ ਝੰਡੇ ਅੰਦਰ ਲਿਫਟ ਵੀ ਲਗਾਈ।

ਅੰਮ੍ਰਿਤ ਅੰਨਦ ਪਾਰਕ ਵਿਚ ਸਿਰਫ਼ ਤਿਰੰਗੇ ਦਾ ਡੰਡਾ
ਤਿਰੰਗੇ ਦੀ ਗੱਲ ਕਰੀਏ ਤਾਂ ਟਾਈਲ ਮੰਤਰੀ ਵਲੋਂ ਰਣਜੀਤ ਐਵੇਨਿਊ ਸਥਿਤ ਅੰਮ੍ਰਿਤ ਅੰਨਦ ਪਾਰਕ ਅੰਦਰ ਵੀ ਇਕ ਵੱਡਾ ਤਿਰੰਗਾ ਲਗਵਾਇਆ ਗਿਆ ਪਰ ਇਸ ਤਿਰੰਗੇ ਦੀ ਦੇਖ-ਰੇਖ ਵੀ ਟਰੱਸਟ ਨਹੀਂ ਕਰ ਸਕਿਆ। ਅੱਜ ਅੰਮ੍ਰਿਤ ਆਨੰਦ ਪਾਰਕ ਵਾਲੇ ਤਿਰੰਗੇ ਦਾ ਵੀ ਡੰਡਾ ਹੀ ਨਜ਼ਰ ਆਉਂਦਾ ਹੈ। ਆਮ ਤੌਰ ’ਤੇ ਇਸ ਪਾਰਕ ਵਿਚ ਤਿਰੰਗਾ ਨਜ਼ਰ ਨਹੀਂ ਆਉਂਦਾ।

rajwinder kaur

This news is Content Editor rajwinder kaur