ਸਕੂਲੀ ਬੱਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਕੀਤਾ ਹਮਲਾ, ਵਾਲ-ਵਾਲ ਬਚੇ ਕਰੀਬ 34 ਬੱਚੇ

08/16/2022 7:59:35 PM

ਬਰਨਾਲਾ (ਪੁਨੀਤ ਮਾਨ) : ਅੱਜ ਬਰਨਾਲਾ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਬੱਚਿਆਂ ਨਾਲ ਭਰੀ ਬਰਨਾਲਾ ਏਅਰ ਫੋਰਸ ਸਕੂਲ ਕੇਂਦਰੀ ਵਿੱਦਿਆ ਮੰਦਰ ਦੀ ਬੱਸ ’ਤੇ ਕੁਝ ਮੋਟਰਸਾਈਕਲ ਸਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਨ੍ਹਾਂ ਹਮਲਾਵਰਾਂ ਨੇ ਬੱਸ ਦੇ ਡਰਾਈਵਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਜ਼ਖ਼ਮੀ ਹੋਏ ਡਰਾਈਵਰ ਨੇ ਹਿੰਮਤ ਅਤੇ ਸੂਝ-ਬੂਝ ਦਾ ਸਬੂਤ ਦਿੰਦਿਆਂ ਬੱਸ ਨੂੰ ਵਾਰਦਾਤ ਵਾਲੀ ਥਾਂ ਤੋਂ ਬੜੀ ਤੇਜ਼ੀ ਨਾਲ ਭਜਾਇਆ ਅਤੇ ਨੇੜੇ ਪੈਂਦੇ ਡੀ. ਐੱਸ. ਪੀ. ਦਫ਼ਤਰ ’ਚ ਲੈ ਗਿਆ। ਜਿਸ ਕਾਰਨ ਕੋਈ ਵੱਡੀ ਘਟਨਾ ਵਾਪਰਨ ਤੋਂ ਟਲ ਗਈ। ਇਸ ਦੌਰਾਨ ਬੱਸ ’ਚ ਸਵਾਰ 34-35 ਸਕੂਲੀ ਬੱਚੇ ਵਾਲ ਵਾਲ ਬਚ ਗਏ। ਬੱਚੇ ਡਰ ਨਾਲ ਸਹਿਮ ਗਏ।

ਇਹ ਖ਼ਬਰ ਵੀ ਪੜ੍ਹੋ : HC ’ਚ ਜੱਜਾਂ ਦੀਆਂ ਨਵੀਆਂ ਨਿਯੁਕਤੀਆਂ ’ਤੇ ਸੁਖਬੀਰ ਬਾਦਲ ਨੇ ਪ੍ਰਗਟਾਈ ਹੈਰਾਨੀ, PMO ਨੂੰ ਕੀਤੀ ਇਹ ਅਪੀਲ

ਜਾਣਕਾਰੀ ਅਨੁਸਾਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਚਾਰ ਮੋਟਰਸਾਈਕਲ ਸਵਾਰਾਂ ਨੇ ਬੱਸ ’ਤੇ ਅਚਾਨਕ ਹਮਲਾ ਕਰ ਦਿੱਤਾ, ਜਿਸ ਡਰਾਈਵਰ ਜ਼ਖ਼ਮੀ ਹੋ ਗਿਆ। ਉਕਤ ਡਰਾਈਵਰ ਨੇ ਦੱਸਿਆ ਕਿ ਪਿਛਲੇ ਕੁਝ ਦਿਨ ਪਹਿਲਾਂ ਕੁਝ ਲੋਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਕਤ ਹਮਲਾਵਰਾਂ ਨੇ ਉਸ ਨੂੰ ਬੱਸ ਰੋਕ ਕੇ ਹੇਠਾਂ ਉਤਰਨ ਲਈ ਕਿਹਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ੳੁਹ ਜ਼ਖ਼ਮੀ ਹੋ ਗਿਆ। ਪੁਲਸ ਪ੍ਰਸ਼ਾਸਨ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਿਹਾ ਹੈ। ਇਸ ਦੌਰਾਨ ਡੀ. ਐੱਸ. ਪੀ. ਬਰਨਾਲਾ ਸਤਵੀਰ ਸਿੰਘ ਬੈਂਸ ਨੇ ਇਕ ਹਮਲਾਵਰ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ ਅਤੇ ਬਾਕੀ ਹਮਲਾਵਰਾਂ ਦੀ ਭਾਲ ਜਾਰੀ ਹੈ।

Manoj

This news is Content Editor Manoj