ਖ਼ੁਦ ਨੂੰ ਬੰਬੀਹਾ ਗਰੁੱਪ ਦੇ ਬੰਦੇ ਦੱਸਣ ਵਾਲਿਆਂ ਵੱਲੋਂ ਨੌਜਵਾਨ ''ਤੇ ਜਾਨਲੇਵਾ ਹਮਲਾ, ਸੋਸ਼ਲ ਮੀਡੀਆ ''ਤੇ ਦਿੱਤੀ ਧਮਕੀ

09/13/2021 10:44:27 AM

ਮਲੋਟ (ਜ. ਬ.) : ਪਿੰਡ ਝੋਰੜ ਵਿਖੇ 20 ਸਾਲਾ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਮਲੋਟ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਓਧਰ ਹਮਲਾਵਰਾਂ ਨੇ ਖ਼ੁਦ ਨੂੰ ਗੈਂਗਸਟਰ ਦਵਿੰਦਰ ਬੰਬੀਹਾ ਦੇ ਬੰਦੇ ਦੱਸ ਕੇ ਪਿੰਡ ਦੇ ਕਈ ਹੋਰ ਵਿਅਕਤੀਆਂ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਹਨ, ਜਿਸ ਕਰਕੇ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਹੈ।

ਇਹ ਵੀ ਪੜ੍ਹੋ : ਪਟਿਆਲਾ 'ਚ ਖ਼ੌਫ਼ਨਾਕ ਵਾਰਦਾਤ, ਕੁੜੀਆਂ ਵਾਲੀ ITI 'ਚ ਤੇਜ਼ਧਾਰ ਹਥਿਆਰਾਂ ਨਾਲ ਪਰਵਾਸੀ ਦਾ ਕਤਲ
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਬ-ਡਵੀਜ਼ਨ ਮਲੋਟ ਦੇ ਪਿੰਡ ਝੋਰੜ ਦੇ ਗੁਰਪ੍ਰੇਮ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਆਪਣੇ ਪਿੰਡ ਦੀ ਇਕ ਜਨਾਨੀ ਨਾਲ ਕਥਿਤ ਪ੍ਰੇਮ ਸਬੰਧ ਸਨ। ਗੁਰਪ੍ਰੇਮ ਉਕਤ ਜਨਾਨੀ ਨੂੰ ਲੈ ਕੇ ਕਿਤੇ ਚਲਾ ਗਿਆ ਸੀ, ਜੋ ਕਿ ਪੰਚਾਇਤ ਦੇ ਦਖ਼ਲ ਤੋਂ ਬਾਅਦ ਮਾਮਲਾ ਸੁਲਝਾ ਲਿਆ ਗਿਆ ਸੀ ਪਰ ਬੀਤੀ ਸਵੇਰੇ ਪਿੰਡ ਦੇ ਹੀ ਮੰਗਾ ਸਿੰਘ ਪੁੱਤਰ ਤਾਰਾ ਸਿੰਘ, ਗੱਗੂ ਪੁੱਤਰ ਲੱਖਾ ਸਿੰਘ ਵਾਸੀ ਈਨਾ ਖੇੜਾ, ਸੁਖਮਨ ਪੁੱਤਰ ਸਤਨਾਮ ਸਿੰਘ ਤੇ ਜਨਾਨੀ ਦੇ ਰਿਸ਼ਤੇਦਾਰ ਰਾਜਾ ਸਿੰਘ ਪੁੱਤਰ ਤੋਤਾ ਸਿੰਘ ਵਾਸੀ ਝੋਰੜ ਨੇ ਗੁਰਪ੍ਰੇਮ ਸਿੰਘ ਨੂੰ ਨਹਿਰ ’ਤੇ ਬੁਲਾਇਆ। ਜਦੋਂ ਗੁਰਪ੍ਰੇਮ ਸਿੰਘ ਨਹਿਰ ’ਤੇ ਪੁੱਜਾ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ, ਜਿਸ ਨੂੰ ਪਹਿਲਾਂ ਆਲਮਵਾਲਾ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਮਲੋਟ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਜਵਾਨ ਪੁੱਤ ਨੂੰ ਸੰਗਲ ਪਾਉਣ ਵਾਲੀ ਵਿਧਵਾ ਮਾਂ ਲਈ ਇਸ ਤੋਂ ਦਰਦਨਾਕ ਪਲ ਹੋਰ ਕੀ ਹੋਵੇਗਾ (ਤਸਵੀਰਾਂ)
ਸੋਸ਼ਲ ਮੀਡੀਆ ’ਤੇ ਪਾਇਆ ਮੈਸੇਜ-‘ਇਹ ਟ੍ਰੇਲਰ ਹੈ, ਫਿਲਮ ਅਜੇ ਬਾਕੀ ਹੈ’
ਮੁਲਜ਼ਮਾਂ ਮੰਗਾ ਸਿੰਘ ਤੇ ਗੱਗੂ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਮੈਸੇਜ ਪਾ ਕੇ ਖ਼ੁਦ ਨੂੰ ਖ਼ਤਰਨਾਕ ਗੈਂਗਸਟਰ ਬੰਬੀਹਾ ਗਰੁੱਪ ਦੇ ਬੰਦੇ ਦੱਸ ਕੇ ਕਿਹਾ ਕਿ ਅਸੀਂ ਜਿਹੜਾ ਕੰਮ ਕੀਤਾ ਐ ਨਾ ਕਾਲੇ (ਜੋਗਿੰਦਰ) ਦੇ ਮੁੰਡੇ ਦਾ ਗੁਰਪ੍ਰੇਮ ਦਾ, ਉਹ ਅਸੀਂ ਕੀਤਾ ਹੈ ਅਤੇ ਜਿਹੜੇ ਬੰਦੇ ਪਿੰਡ ਦੀਆਂ ਧੀਆਂ-ਭੈਣਾਂ ਨੂੰ ਗਲਤ ਨਜ਼ਰ ਨਾਲ ਵੇਖਣਗੇ, ਉਨ੍ਹਾਂ ਦਾ ਹਾਲ ਇਸ ਤੋਂ ਵੀ ਮਾੜਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਵਿੰਦਰ ਬੰਬੀਹਾ ਸਾਡੇ ਦਿਲਾਂ ਵਿਚ ਵਸਦਾ ਹੈ। ਸਾਡੇ ਟਾਰਗੈੱਟ ਵਿਚ ਝੌਰੜ ਅਤੇ ਈਨਾਖੇੜਾ ਪਿੰਡਾਂ ਦੇ ਕਈ ਬੰਦੇ ਹਨ।

ਇਹ ਵੀ ਪੜ੍ਹੋ : ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਸ਼ੂਟਿੰਗ ਵਾਲੀ ਥਾਂ 'ਤੇ ਵਾਪਰਿਆ ਹਾਦਸਾ, ਬੱਸ ਦੀ ਵੈਨਾਂ ਨਾਲ ਜ਼ੋਰਦਾਰ ਟੱਕਰ

ਗਲਤ ਕੰਮ ਕਰਨ ਵਾਲੇ ਕਈ ਟਪਾਉਣੇ ਹਨ, ਇਹ ਟ੍ਰੇਲਰ ਹੈ ਅਤੇ ਅਜੇ ਫਿਲਮ ਬਾਕੀ ਹੈ। ਓਧਰ ਥਾਣਾ ਸਦਰ ਮਲੋਟ ਦੇ ਮੁੱਖ ਅਫ਼ਸਰ ਇਕਬਾਲ ਸਿੰਘ ਨੇ ਦੱਸਿਆ ਕਿ ਗੁਰਪ੍ਰੇਮ ਸਿੰਘ ਦੇ ਬਿਆਨਾਂ ’ਤੇ ਉਕਤ ਚਾਰਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੱਸਿਆ ਮੰਗਾਂ ਸਿੰਘ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ ਮਲੋਟ ਅਤੇ ਬਠਿੰਡਾ ਵਿਚ ਵੀ ਕਈ ਮਾਮਲੇ ਦਰਜ ਹਨ ਪਰ ਉਸਦੇ ਗੈਂਗਸਟਰਾਂ ਨਾਲ ਸਬੰਧਾਂ ਬਾਰੇ ਕੋਈ ਗੱਲਬਾਤ ਸਾਹਮਣੇ ਨਹੀਂ ਆਈ। ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita