ਥਾਣੇ ਅੰਦਰ ਪੰਜਾਬ ਪੁਲਸ 'ਤੇ ਹਮਲਾ, ASI ਤੇ ਬਾਕੀ ਮੁਲਾਜ਼ਮ ਹੋਏ ਲਹੂ-ਲੁਹਾਨ (ਵੀਡੀਓ)

06/29/2023 2:04:14 PM

ਡੇਰਾਬੱਸੀ (ਅਨਿਲ) : ਡੇਰਾਬੱਸੀ ਵਿਖੇ 14 ਸਾਲਾ ਨਾਬਾਲਗ ਕੁੜੀ ਨਾਲ ਛੇੜਛਾੜ ਕਰਨ ਵਾਲੇ 35 ਸਾਲਾ ਵਿਅਕਤੀ ਨੇ ਪੁਲਸ ਥਾਣੇ ਦੀ ਭੰਨਤੋੜ ਕਰਦਿਆ ਪੰਜਾਬ ਪੁਲਸ ਦੇ 2 ਏ. ਐੱਸ. ਆਈਜ਼. ਨੂੰ ਜਖ਼ਮੀ ਕਰ ਦਿੱਤਾ ਅਤੇ ਆਪ ਵੀ ਗੰਭੀਰ ਫੱਟੜ ਹੋ ਗਿਆ। ਮੁਲਜ਼ਮ ਸਮੇਤ ਪੁਲਸ ਮੁਲਾਜ਼ਮਾਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੰਦੀਪ ਕੁਮਾਰ (35) ਪੁੱਤਰ ਸਤਪਾਲ ਸਿੰਘ ਵਾਸੀ ਘੋਲੂ ਮਾਜਰਾ ਨੂੰ ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਇਹ ਮਾਮਲਾ ਰਾਤ ਦੇ ਕਰੀਬ 10 ਵਜੇ ਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਇਸ ਵਿਅਕਤੀ ਨੂੰ ਇੱਕ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੁੰਦੇ ਹੀ ਸਰਕਾਰੀ ਸਕੂਲਾਂ ਨੂੰ ਜਾਰੀ ਹੋਏ ਇਹ ਹੁਕਮ, ਅਜਿਹਾ ਪਹਿਲੀ ਵਾਰ ਹੋਇਆ

ਡੇਰਾਬੱਸੀ ਦੀ ਅਦਾਲਤ 'ਚ ਪੇਸ਼ ਕਰਨ ’ਤੇ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇਸ ਦੇ ਨਾਲ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਬਰਿੰਦਰ ਸਿੰਘ ਅਤੇ ਏ. ਐੱਸ. ਆਈ. ਸੁਖਦੇਵ ਬਾਜਵਾ ਵੀ ਮੌਜੂਦ ਸਨ। ਜੇਲ੍ਹ ਪਹੁੰਚਣ 'ਤੇ ਜੇਲ੍ਹ ਅਧਿਕਾਰੀਆਂ ਨੇ ਉਸ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਉਸ ਨੂੰ ਮੋਹਾਲੀ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਉਣ ਲਈ ਕਿਹਾ। ਪੁਲਸ ਅਧਿਕਾਰੀਆਂ ਅਨੁਸਾਰ ਰਾਤ ਹੋਣ ਕਾਰਨ ਉਸ ਨੂੰ ਮੋਹਾਲੀ ਜਾਣ ਦੀ ਬਜਾਏ ਡੇਰਾਬੱਸੀ ਲੈ ਆਏ। ਉਸ ਨੂੰ ਥਾਣੇ ਅੰਦਰ ਲਿਜਾਂਦਿਆਂ ਹੱਥਕੜੀਆਂ ਖੋਲ੍ਹੀਆਂ ਗਈਆਂ ਤਾਂ ਉਹ ਇਕ ਦਮ ਤੈਸ਼ 'ਚ ਆ ਗਿਆ। ਕਾਬੂ ਤੋਂ ਬਾਹਰ ਹੋ ਕੇ ਉਸ ਨੇ ਥਾਣੇ ਅੰਦਰ ਮੌਜੂਦ ਮੈੱਸ ਸਮੇਤ ਕਮਰਿਆਂ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : 26 ਸਾਲ ਪਹਿਲਾਂ ਵਿਧਵਾ ਹੋਈ ਔਰਤ ਦੀ ਤੇਜ਼ੀ ਨਾਲ ਵਾਇਰਲ ਹੋਣ ਲੱਗੀ ਵੀਡੀਓ, ਜਾਣੋ ਅਚਾਨਕ ਅਜਿਹਾ ਕੀ ਹੋਇਆ

ਸੁਖਦੇਵ ਸਿੰਘ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਸੱਜੇ ਬਾਹ ਤੇ ਦੰਦੀ ਮਾਰ ਦਿੱਤੀ। ਬਰਿੰਦਰ ਸਿੰਘ ਵੀ ਉਸ ਨੂੰ ਕਾਬੂ ਕਰਨ ਲਈ ਆਇਆ ਪਰ ਉਸ ਦੇ ਸਿਰ ’ਤੇ ਵਾਰ ਕਰਕੇ ਉਸਨੂੰ ਵੀ ਜ਼ਖ਼ਮੀ ਕਰ ਦਿੱਤਾ। ਹਾਲਾਂਕਿ ਦੋਸ਼ੀ ਖ਼ੁਦ ਵੀ ਜ਼ਖਮੀ ਹੋ ਗਿਆ ਅਤੇ ਉਸਦੇ ਬਹੁਤ ਜ਼ਿਆਦਾ ਖੂਨ ਵਹਿਣ ਲੱਗ ਪਿਆ। ਡੇਰਾਬਸੀ ਥਾਣਾ ਇੰਚਾਰਜ ਜਸਕਮਲ ਸਿੰਘ ਸੇਖੋਂ ਵੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਆਖਿਆ ਕਿ ਇਲਾਜ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੁਰੀ ਤਰ੍ਹਾਂ ਜ਼ਖ਼ਮੀ ਹੋਣ ਕਾਰਨ ਮੁਲਜ਼ਮ ਨੂੰ ਜੀ. ਐੱਮ. ਸੀ. ਐੱਚ. ਸੈਕਟਰ-32 ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਉਸ ਦੀਆਂ ਦੋਵੇਂ ਬਾਹਾਂ, ਢਿੱਡ ਅਤੇ ਹੋਰ ਕਈ ਥਾਵਾਂ 'ਤੇ ਜਖ਼ਮ ਹੋ ਗਏ। ਇੱਥੇ ਦੱਸ ਦੇਈਏ ਕਿ ਡੇਢ ਮਹੀਨੇ ਦੇ ਅੰਦਰ ਪੁਲਸ 'ਤੇ ਹਮਲਾ ਕਰਕੇ ਜਵਾਨਾਂ ਨੂੰ ਜ਼ਖਮੀ ਕਰਨ ਦਾ ਇਹ ਤੀਜਾ ਮਾਮਲਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita