ਹੁੱਲੜਬਾਜ਼ਾਂ ਵੱਲੋਂ ਹੋਲੇ ਮਹੱਲੇ ਦੌਰਾਨ ਡਿਊਟੀ ਦੇ ਰਹੇ ਪੁਲਸ ਮੁਲਾਜ਼ਮਾਂ ''ਤੇ ਹਮਲਾ

03/01/2018 7:23:03 AM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ) - ਵਿਰਾਸਤ-ਏ-ਖਾਲਸਾ ਦੇ ਬਾਹਰ ਅੱਧਾ ਦਰਜਨ ਨਿਹੰਗ ਸਿੰਘਾਂ ਦੇ ਬਾਣੇ 'ਚ ਘੁੰਮ ਰਹੇ ਨੌਜਵਾਨਾਂ ਵੱਲੋਂ ਪੰਜਾਬ ਪੁਲਸ ਦੇ ਜਵਾਨਾਂ ਦੇ ਨਾਲ ਕੁੱਟ-ਮਾਰ ਅਤੇ ਧੱਕਾ-ਮੁੱਕੀ ਕਰਦਿਆਂ ਤਲਵਾਰਾਂ ਨਾਲ ਹਮਲਾ ਵੀ ਕੀਤਾ ਗਿਆ।  ਅੱਜ ਨੌਜਵਾਨਾਂ ਦੀ ਭੀੜ ਵੱਲੋਂ ਪਹਿਲਾਂ ਸਵੇਰੇ ਇਕ ਮਹਿਲਾ ਪੁਲਸ ਮੁਲਾਜ਼ਮ ਦੇ ਨਾਲ ਬਦਸਲੂਕੀ ਅਤੇ ਖਿੱਚ-ਧੂਹ ਕੀਤੀ ਗਈ ਅਤੇ ਬਾਅਦ ਵਿਚ ਦੋ ਨੌਜਵਾਨਾਂ ਨੇ ਪੁਲਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ ਗਿਆ, ਜਿਸ ਦੌਰਾਨ ਉਨ੍ਹਾਂ ਦੀਆਂ ਪੱਗਾਂ ਦੀ ਬੇਅਦਬੀ ਵੀ ਹੋ ਗਈ। ਮਾਮਲਾ ਵਿਗੜਦਾ ਵੇਖ ਸ੍ਰੀ ਅਨੰਦਪੁਰ ਸਾਹਿਬ ਦੇ ਐੱਸ. ਐੱਚ. ਓ. ਹਰਕੀਰਤ ਸਿੰਘ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਸਥਿਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਇਕ ਨਿਹੰਗ ਸਿੰਘ ਦੇ ਬਾਣੇ 'ਚ ਆਏ ਨੌਜਵਾਨ ਨੇ ਦੂਸਰੇ ਸਾਥੀ ਨੂੰ ਪੁਲਸ ਮੁਲਾਜ਼ਮਾਂ ਦੇ ਹੱਥੋਂ ਛੁਡਵਾਉਣ ਲਈ ਆਪਣੀ ਤਲਵਾਰ ਦੇ ਨਾਲ ਪੁਲਸ ਮੁਲਾਜ਼ਮਾਂ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਹੀ ਨਹੀਂ ਪੁਲਸ ਦੀ ਗੱਡੀ ਦੇ ਡਰਾਈਵਰ 'ਤੇ ਵੀ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਪਰ ਸ਼ੀਸ਼ਾ ਬੰਦ ਹੋਣ ਕਰ ਕੇ ਉਹ ਵਾਲ-ਵਾਲ ਬਚ ਗਿਆ। ਐੱਸ. ਐੱਚ. ਓ. ਹਰਕੀਰਤ ਸਿੰਘ ਅਤੇ ਚੌਕੀ ਇੰਚਾਰਜ ਸਰਬਜੀਤ ਸਿੰਘ ਕੁਲਗਰਾਂ ਨੇ ਹੁੱਲੜਬਾਜ਼ ਨੌਜਵਾਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਭੀੜ ਦਾ ਫਾਇਦਾ ਚੁੱਕਦੇ ਹੋਏ ਫਰਾਰ ਹੋ ਗਏ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।